two-sons-of-punjab-commissioned-into-indian-navy-mrsafpi-hits-historic-200-mark

ਪੰਜਾਬ ਦੇ ਦੋ ਸਪੂਤ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਬਣੇ; ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਵਾਲੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ 200 ਪੁੱਜੀ

Nov28,2026 | Narinder Kumar | Chandigarh

 
• *ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਈਐਨਏ ਏਝੀਮਾਲਾ ਵਿਖੇ 'ਪਾਸਿੰਗ ਆਊਟ ਪਰੇਡ' ਦਾ ਕੀਤਾ ਨਿਰੀਖਣ*

• *ਅਮਨ ਅਰੋੜਾ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਦਿੱਤੀ ਵਧਾਈ; ਸਮਰਪਣ ਅਤੇ ਜਜ਼ਬੇ ਨਾਲ ਦੇਸ਼ ਦੀ ਸੇਵਾ ਕਰਨ ਲਈ ਕੀਤਾ ਪ੍ਰੇਰਿਤ*


ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਮੋਹਾਲੀ ਦੇ ਦੋ ਸਾਬਕਾ ਕੈਡਿਟ ਅਨੁਤਾਜ ਸਿੰਘ ਅਤੇ ਅਕਸ਼ਾਂਸ਼ ਅਗਰਵਾਲ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਹ ਨਿਯੁਕਤੀ ਅੱਜ ਕੇਰਲਾ ਦੇ ਏਝੀਮਾਲਾ ਸਥਿਤ ਇੰਡੀਅਨ ਨੇਵਲ ਅਕੈਡਮੀ ਵਿੱਚ ਸ਼ਾਨਦਾਰ 'ਪਾਸਿੰਗ ਆਊਟ ਪਰੇਡ' ਦੌਰਾਨ ਹੋਈ, ਜਿਸਦਾ ਨਿਰੀਖਣ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਕੀਤਾ।
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਨੁਤਾਜ ਸਿੰਘ ਦੇ ਮਾਤਾ-ਪਿਤਾ ਅਧਿਆਪਕ ਹਨ। ਉਨ੍ਹਾਂ ਦੀ ਮਾਤਾ ਸਰਕਾਰੀ ਹਾਈ ਸਕੂਲ, ਮਾੜੀ ਟਾਂਡਾ ਵਿਖੇ ਸੇਵਾਵਾਂ ਨਿਭਾ ਰਹੇ ਹਨ ਜਦੋਂਕਿ ਉਨ੍ਹਾਂ ਦੇ ਪਿਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੌਸ਼ਹਿਰਾ ਮਾਝਾ ਸਿੰਘ ਵਿਖੇ ਸੇਵਾਵਾਂ ਨਿਭਾ ਰਹੇ ਹਨ। ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਅਕਸ਼ਾਂਸ਼ ਅਗਰਵਾਲ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ।
ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ, ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਇਹ ਦਰਸਾਉਂਦੀ ਹੈ ਕਿ ਇਹ ਸੰਸਥਾ ਹਰ ਪਿਛੋਕੜ ਵਾਲੇ ਯੋਗ ਨੌਜਵਾਨਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਰਪਣ, ਜਜ਼ਬੇ ਅਤੇ ਪੇਸ਼ੇਵਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਏਐਫਪੀਆਈ, ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਕੇ ਪੰਜਾਬ ਦੀ ਸ਼ਾਨਦਾਰ ਫੌਜੀ ਵਿਰਾਸਤ ਵਿੱਚ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ।
ਸੰਸਥਾ ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਵੀ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਨਾਲ, ਸੰਸਥਾ ਤੋਂ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਵਾਲੇ ਕੈਡਿਟਾਂ ਦੀ ਕੁੱਲ ਗਿਣਤੀ 200 ਦੇ ਅਹਿਮ ਅੰਕੜੇ ਤੱਕ ਪਹੁੰਚ ਗਈ ਹੈ ਜਿਹਨਾਂ ਵਿੱਚੋਂ 26 ਕੈਡਿਟ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ, "ਇਹ ਪੰਜਾਬ ਦੇ ਲੋਕਾਂ ਦੀ ਬਹਾਦਰੀ ਦਾ ਸਬੂਤ ਹੈ।" ਡਾਇਰੈਕਟਰ ਨੇ ਦੱਸਿਆ ਕਿ ਐਮਆਰਐਸਏਐਫਪੀਆਈ ਹੁਣ ਐਨਡੀਏ ਅਤੇ ਤਕਨੀਕੀ ਸੇਵਾਵਾਂ ਵਿੱਚ ਦਾਖਲੇ ਦੇ ਨਾਲ-ਨਾਲ, ਆਪਣੇ ਕੈਡਿਟਾਂ ਨੂੰ ਭਾਰਤੀ ਜਲ ਸੈਨਾ ਦੀ '10+2 ਕੈਡਿਟ ਐਂਟਰੀ' ਲਈ ਤਿਆਰ ਕਰਨ 'ਤੇ ਵੀ ਜ਼ੋਰ ਦੇ ਰਿਹਾ ਹੈ।
*17ਵੇਂ ਕੋਰਸ ਲਈ ਦਾਖਲੇ ਸ਼ੁਰੂ*
ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਐਲਾਨ ਕੀਤਾ ਕਿ ਸੰਸਥਾ ਦੇ 17ਵੇਂ ਕੋਰਸ ਲਈ ਦਾਖਲੇ ਸ਼ੁਰੂ ਹੋ ਗਏ ਹਨ। ਐਨਡੀਏ ਵਿੱਚ ਸ਼ਾਮਲ ਹੋਣ ਦੇ 10ਵੀਂ ਜਮਾਤ ਦੇ ਚਾਹਵਾਨ ਵਿਦਿਆਰਥੀ 15 ਦਸੰਬਰ, 2026 ਤੱਕ https://recruitment-portal.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦਾਖਲਾ ਪ੍ਰੀਖਿਆ 3 ਜਨਵਰੀ, 2027 ਨੂੰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਾਉਣ ਲਈ  ਪੰਜਾਬ ਦੇ ਨੌਜਵਾਨਾਂ ਦੀ ਇਸੇ ਤਰ੍ਹਾਂ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਨਾਲ ਮਦਦ ਲਗਾਤਾਰ ਜਾਰੀ ਰੱਖੇਗੀ।
------------

two-sons-of-punjab-commissioned-into-indian-navy-mrsafpi-hits-historic-200-mark


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com