100-year-old-bridges-still-stand-in-punjab-but-bridges-built-under-akali-bjp-rule-are-collapsing-baltej-pannu

ਪੰਜਾਬ ਵਿੱਚ 100 ਸਾਲ ਪੁਰਾਣੇ ਪੁਲ ਅਜੇ ਵੀ ਖੜ੍ਹੇ ਹਨ, ਪਰ ਅਕਾਲੀ-ਭਾਜਪਾ ਰਾਜ ਦੌਰਾਨ ਬਣੇ ਪੁਲ ਡਿੱਗ ਰਹੇ ਹਨ: ਬਲਤੇਜ ਪੰਨੂ

Nov19,2026 | Narinder Kumar | Chandigarh

*ਸੁਖਬੀਰ ਬਾਦਲ ਨੇ ਜਿਸ ਸੜਕ ਨੂੰ ‘ਬੰਬ ਪਰੂਫ਼’ ਦੱਸਿਆ ਸੀ, ਉਹ ਇੱਕ ਦਹਾਕੇ ਵਿੱਚ ਹੀ ਢਹਿ ਗਈ: ਬਲਤੇਜ ਪੰਨੂ*
 
*ਬਠਿੰਡਾ ਹਾਈਵੇਅ 'ਤੇ 3 ਹੋਰ ਪੁਲ ਦੁਬਾਰਾ ਬਣਾਏ ਜਾ ਰਹੇ ਹਨ, ਐਨਐਚਏਆਈ ਪ੍ਰੋਜੈਕਟਾਂ ਦੀ ਗੁਣਵੱਤਾ 'ਤੇ ਉੱਠੇ ਸਵਾਲ: ਬਲਤੇਜ ਪੰਨੂ*
 
*ਰਵਨੀਤ ਬਿੱਟੂ ਭਾਰੀ ਵਾਹਨਾਂ ਨੂੰ ਦੋਸ਼ ਦੇਣ ਦੀ ਬਜਾਏ ਇਹ ਜਵਾਬ ਦੇਣ ਕਿ ਪੁਲ ਕਿਉਂ ਡਿੱਗਿਆ: ਬਲਤੇਜ ਪੰਨੂ*
 
*ਪੰਜਾਬ ਵਿੱਚ ਕੇਂਦਰ ਦੀ ਟੋਲ ਉਗਰਾਹੀ ਕਰੋੜਾਂ ਵਿੱਚ, ਪਰ ਯਾਤਰੀਆਂ ਦੀ ਸੁਰੱਖਿਆ ਲਈ ਕੌਣ ਜਵਾਬਦੇਹ ਹੈ? ਬਲਤੇਜ ਪੰਨੂ ਨੇ ਭਾਜਪਾ ਅਤੇ ਐਨਐਚਏਆਈ 'ਤੇ ਚੁੱਕੇ ਸਵਾਲ*
 
*ਦੇਸ਼ ਭਰ ਵਿੱਚ ਪੁਲਾਂ ਦਾ ਡਿੱਗਣਾ ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਐਨਐਚਏਆਈ ਦੀ ਜਵਾਬਦੇਹੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ: ਬਲਤੇਜ ਪੰਨੂ*
 
  
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪਟਿਆਲਾ ਵਿਖੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ 'ਤੇ ਭਾਖੜਾ ਨਹਿਰ ਦੇ ਪੁਲ ਦੇ ਡਿੱਗਣ ਦੇ ਮਾਮਲੇ 'ਤੇ ਭਾਜਪਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੂੰ ਕਰੜੇ ਹੱਥੀਂ ਲੈਂਦਿਆਂ ਉਸਾਰੀ ਦੀ ਗੁਣਵੱਤਾ, ਸਾਂਭ-ਸੰਭਾਲ ਦੀ ਘਾਟ ਅਤੇ ਯਾਤਰੀਆਂ ਨੂੰ ਮੁੱਢਲੀ ਸੁਰੱਖਿਆ ਤੇ ਸਹੂਲਤਾਂ ਦਿੱਤੇ ਬਿਨਾਂ ਕੀਤੀ ਜਾ ਰਹੀ ਭਾਰੀ ਟੋਲ ਉਗਰਾਹੀ 'ਤੇ ਗੰਭੀਰ ਸਵਾਲ ਚੁੱਕੇ ਹਨ।
'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਡਿੱਗਿਆ ਹੋਇਆ ਪੁਲ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈਆਂ ਗਈਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਹਿੱਸਾ ਸੀ। 2016 ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਯਾਦ ਕਰਦਿਆਂ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਨੂੰ ਅਜਿਹੀਆਂ ‘ਬੰਬ ਪਰੂਫ਼’ ਸੜਕਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਬੰਬ ਨਾਲ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ, ਉਨ੍ਹਾਂ ਕਿਹਾ, “ਇਨ੍ਹਾਂ ਸੜਕਾਂ ਅਤੇ ਪੁਲਾਂ ਦੀ ਹਾਲਤ ਨੇ ਉਨ੍ਹਾਂ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮਹਿਜ਼ ਇੱਕ ਦਹਾਕਾ ਪਹਿਲਾਂ ਬਣਿਆ ਪੁਲ ਹੁਣ ਢਹਿ ਗਿਆ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਹਨ।”
ਉਨ੍ਹਾਂ ਕਿਹਾ, “ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਹਾਈਵੇਅਜ਼ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਉਸਾਰੀ ਦੇ ਕੁਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦੇ ਅੰਦਰ ਹੀ ਪੁਲ ਡਿੱਗ ਰਹੇ ਹਨ। ਇਸ ਦੇ ਉਲਟ, ਪੰਜਾਬ ਵਿੱਚ ਕਈ ਪੁਲ 100 ਤੋਂ 125 ਸਾਲਾਂ ਤੋਂ ਵੱਧ ਸਮੇਂ ਤੋਂ ਮਜ਼ਬੂਤੀ ਨਾਲ ਖੜ੍ਹੇ ਹਨ। ਇੱਕ ਨਵੇਂ ਬਣੇ ਪੁਲ ਦਾ ਡਿੱਗਣਾ ਉਸਾਰੀ ਦੀ ਗੁਣਵੱਤਾ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਕਰਨ ਵਿੱਚ ਕੇਂਦਰੀ ਅਥਾਰਟੀਆਂ ਦੀ ਨਾਕਾਮੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।”
ਬਲਤੇਜ ਪੰਨੂ ਨੇ ਨਿਸ਼ਾਨਾ ਸਾਧਦਿਆਂ ਕਿਹਾ, “ਪੰਜਾਬ ਦੇ ਨੈਸ਼ਨਲ ਹਾਈਵੇਅਜ਼ 'ਤੇ ਯਾਤਰੀ ਰੋਜ਼ਾਨਾ ਕਰੋੜਾਂ ਰੁਪਏ ਟੋਲ ਵਜੋਂ ਅਦਾ ਕਰ ਰਹੇ ਹਨ, ਪਰ ਸਾਂਭ-ਸੰਭਾਲ ਅਤੇ ਜਨਤਕ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਜਵਾਬਦੇਹੀ ਨਹੀਂ ਹੈ। ਐਨਐਚਏਆਈ ਦੇ ਨਿਯਮਾਂ ਅਨੁਸਾਰ, ਟੋਲ ਪਲਾਜ਼ਿਆਂ 'ਤੇ ਔਰਤਾਂ ਅਤੇ ਮਰਦਾਂ ਲਈ ਵੱਖਰੇ ਬਾਥਰੂਮ, ਐਂਬੂਲੈਂਸ ਸੇਵਾਵਾਂ ਅਤੇ ਮੁੱਢਲੀ ਸਹਾਇਤਾ (ਫਸਟ-ਏਡ) ਦੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਜਿੱਥੇ ਟੋਲ ਉਗਰਾਹੀ ਰਾਹੀਂ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੀ ਮੁੱਢਲੀ ਸੁਰੱਖਿਆ ਅਤੇ ਜ਼ਰੂਰੀ ਸਹੂਲਤਾਂ ਨਾਲ ਵੀ ਸਮਝੌਤਾ ਕੀਤਾ ਜਾ ਰਿਹਾ ਹੈ।”
'ਆਪ' ਪੰਜਾਬ ਦੇ ਮੀਡੀਆ ਇੰਚਾਰਜ ਨੇ ਅੱਗੇ ਦੱਸਿਆ, “ਬਠਿੰਡਾ ਵੱਲ ਜਾਂਦੇ ਹਾਈਵੇਅ ਹਿੱਸੇ 'ਤੇ 3 ਹੋਰ ਪੁਲਾਂ ਨੂੰ ਵੀ ਢਾਹ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ, ਜੋ ਕੁਝ ਸਾਲ ਪਹਿਲਾਂ ਬਣੇ ਬੁਨਿਆਦੀ ਢਾਂਚੇ ਦੀ ਗੁਣਵੱਤਾ ਅਤੇ ਮਜ਼ਬੂਤੀ 'ਤੇ ਸਵਾਲ ਚੁੱਕਦਾ ਹੈ। ਭਾਰੀ ਵਾਹਨਾਂ ਦੇ ਲੰਘਣ ਨਾਲ ਪੁਲ ਕੰਬਣ ਲੱਗ ਪੈਂਦੇ ਹਨ, ਫਿਰ ਵੀ ਇਸ ਰਸਤੇ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ।”
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਕਿ ਭਾਰੀ ਵਾਹਨਾਂ ਨੂੰ ਪੁਲ ਦੇ ਉੱਪਰੋਂ ਨਹੀਂ ਲੰਘਣਾ ਚਾਹੀਦਾ, 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਸਵਾਲ ਕੀਤਾ, “ਕੀ ਮੌਕੇ 'ਤੇ ਅਸਲ ਵਿੱਚ ਅਜਿਹੀ ਕੋਈ ਪਾਬੰਦੀ ਲਗਾਈ ਗਈ ਹੈ? ਜੇਕਰ ਪੁਲ ਭਾਰੀ ਵਾਹਨਾਂ ਦਾ ਭਾਰ ਝੱਲਣ ਦੇ ਯੋਗ ਨਹੀਂ ਹੈ, ਤਾਂ ਕੀ ਐਨਐਚਏਆਈ ਨੇ ਢੁਕਵੇਂ ਸਾਈਨ ਬੋਰਡ ਲਗਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੀ ਹੈ ਜਾਂ ਉਨ੍ਹਾਂ ਤੋਂ ਟੋਲ ਵਸੂਲਣਾ ਬੰਦ ਕੀਤਾ ਹੈ? ਭਾਰੀ ਵਾਹਨਾਂ ਤੋਂ ਮੋਟਾ ਟੋਲ ਵਸੂਲਿਆ ਜਾਂਦਾ ਹੈ, ਜੋ ਅਕਸਰ ਛੋਟੇ ਵਾਹਨਾਂ ਨਾਲੋਂ ਦੁੱਗਣਾ ਜਾਂ ਤਿੱਗਣਾ ਹੁੰਦਾ ਹੈ। ਇਹ ਯਕੀਨੀ ਬਣਾਉਣਾ ਐਨਐਚਏਆਈ ਦੀ ਜ਼ਿੰਮੇਵਾਰੀ ਹੈ ਕਿ ਨੈਸ਼ਨਲ ਹਾਈਵੇਅ ਉਸ ਆਵਾਜਾਈ ਦਾ ਭਾਰ ਝੱਲਣ ਦੇ ਸਮਰੱਥ ਹੋਣ ਜਿਸ ਲਈ ਟੋਲ ਇਕੱਠਾ ਕੀਤਾ ਜਾ ਰਿਹਾ ਹੈ।”
ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ, “ਨੈਸ਼ਨਲ ਹਾਈਵੇਅਜ਼ ਨੂੰ ਸਿਰਫ਼ ਛੋਟੇ ਵਾਹਨਾਂ ਲਈ ਸੁਰੱਖਿਅਤ ਸੜਕਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਜਦਕਿ ਘਟੀਆ ਉਸਾਰੀ ਅਤੇ ਨਾਕਾਫ਼ੀ ਸਾਂਭ-ਸੰਭਾਲ ਕਾਰਨ ਭਾਰੀ ਵਾਹਨਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਲਈ ਛੱਡ ਦਿੱਤਾ ਜਾਵੇ। ਰਵਨੀਤ ਸਿੰਘ ਬਿੱਟੂ ਨੂੰ ਭਾਰੀ ਵਾਹਨਾਂ 'ਤੇ ਪਾਬੰਦੀਆਂ ਵੱਲ ਧਿਆਨ ਭਟਕਾਉਣ ਦੀ ਬਜਾਏ ਅਸਲ ਮੁੱਦੇ ਦਾ ਜਵਾਬ ਦੇਣਾ ਚਾਹੀਦਾ ਹੈ: ਸਭ ਤੋਂ ਪਹਿਲਾਂ ਇਹ ਪੁਲ ਕਿਉਂ ਡਿੱਗਿਆ, ਅਤੇ ਇਸ ਲਈ ਕਿਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ?”
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ, ਬਲਤੇਜ ਪੰਨੂ ਨੇ ਜ਼ੋਰ ਦਿੱਤਾ, “ਇਹ ਜਾਂਚ ਮਹਿਜ਼ ਇੱਕ ਖਾਨਾਪੂਰਤੀ ਬਣ ਕੇ ਨਾ ਰਹਿ ਜਾਵੇ, ਸਗੋਂ ਇਸ ਵਿੱਚ ਘਟੀਆ ਉਸਾਰੀ ਅਤੇ ਸਾਂਭ-ਸੰਭਾਲ ਦੀ ਨਾਕਾਮੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।”
ਬਲਤੇਜ ਪੰਨੂ ਨੇ ਅੰਤ ਵਿੱਚ ਕਿਹਾ, “ਇਹ ਘਟਨਾ ਕੋਈ ਇਕੱਲਾ ਮਾਮਲਾ ਨਹੀਂ ਹੈ, ਸਗੋਂ ਭਾਜਪਾ ਦੀ ਅਗਵਾਈ ਵਾਲੇ ਸਿਸਟਮ ਹੇਠ ਵਿਗੜ ਰਹੇ ਨੈਸ਼ਨਲ ਹਾਈਵੇਅ ਬੁਨਿਆਦੀ ਢਾਂਚੇ ਦੇ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ। ਭਾਰੀ ਟੋਲ ਉਗਰਾਹੀ, ਮਾੜੀ ਸਾਂਭ-ਸੰਭਾਲ ਅਤੇ ਪੁਲਾਂ ਦੇ ਵਾਰ-ਵਾਰ ਡਿੱਗਣ ਦੀਆਂ ਘਟਨਾਵਾਂ ਭ੍ਰਿਸ਼ਟਾਚਾਰ, ਜਨਤਾ ਦੇ ਪੈਸੇ ਦੀ ਦੁਰਵਰਤੋਂ ਅਤੇ ਯਾਤਰੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਭਾਜਪਾ ਅਤੇ ਐਨਐਚਏਆਈ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ, ਜਦਕਿ ਆਮ ਲੋਕ ਲਗਾਤਾਰ ਉਨ੍ਹਾਂ ਹਾਈਵੇਅਜ਼ ਲਈ ਪੈਸੇ ਅਦਾ ਕਰ ਰਹੇ ਹਨ ਜੋ ਦਿਨੋ-ਦਿਨ ਉਨ੍ਹਾਂ ਦੀਆਂ ਜਾਨਾਂ ਲਈ ਖ਼ਤਰਾ ਬਣਦੇ ਜਾ ਰਹੇ ਹਨ।”

100-year-old-bridges-still-stand-in-punjab-but-bridges-built-under-akali-bjp-rule-are-collapsing-baltej-pannu


pbpunjab ad banner image

Related News

pbpunjab ad banner image pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com