" />

cm-bhagwant-singh-mann-launches-phase-ii-of-online-census

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ

Nov16,2026 | Narinder Kumar | Sangrur

 
* ਲੋਕ 16 ਤੋਂ 30 ਨਵੰਬਰ ਤੱਕ ਆਨਲਾਈਨ ਸਵੈ-ਗਣਨਾ ਪੂਰੀ ਕਰ ਸਕਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਦੂਜੇ ਪੜਾਅ ਵਿੱਚ ਪਰਿਵਾਰਕ ਮੈਂਬਰਾਂ, ਆਮਦਨ, ਰਿਹਾਇਸ਼ ਅਤੇ ਸਿੱਖਿਆ ਦੇ ਵੇਰਵਿਆਂ ਦੀ ਲੋੜ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਜਨਗਣਨਾ ਅਧਿਕਾਰੀ 1 ਦਸੰਬਰ ਤੋਂ 4 ਜਨਵਰੀ ਤੱਕ ਘਰ-ਘਰ ਜਾ ਕੇ ਗਣਨਾ ਕਰਨਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਕਿਸੇ ਦਸਤਾਵੇਜ਼ ਦੀ ਲੋੜ ਨਹੀਂ; ਸਾਰੀ ਜਾਣਕਾਰੀ ਗੁਪਤ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਪਹਿਲੇ ਪੜਾਅ ਵਿੱਚ ਘਰਾਂ ਦੀ ਸਥਿਤੀ, ਉਪਲਬਧ ਸਹੂਲਤਾਂ ਅਤੇ ਘਰੇਲੂ ਜਾਇਦਾਦਾਂ ਨੂੰ ਕਵਰ ਕੀਤਾ ਗਿਆ ਸੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਅਤੇ ਇਸ ਕੌਮੀ ਕਾਰਜ ਵਿੱਚ ਸਹਿਯੋਗ ਕਰਨ ਦੀ ਅਪੀਲ

 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਤੇ ਆਪਣੇ ਪਰਿਵਾਰ ਦੀ ਸਵੈ-ਗਣਨਾ ਪੂਰੀ ਕਰ ਕੇ ਜਨਗਣਨਾ 2027 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਹਰ ਪੰਜਾਬੀ ਨੂੰ ਇਸ ਅਹਿਮ ਰਾਸ਼ਟਰੀ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ। ਲੋਕਾਂ ਨੂੰ 16 ਤੋਂ 30 ਨਵੰਬਰ ਤੱਕ ਆਪਣੀ ਆਨਲਾਈਨ ਸਵੈ-ਗਣਨਾ ਪੂਰੀ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਰਿਵਾਰਾਂ, ਪਰਿਵਾਰਕ ਮੈਂਬਰਾਂ, ਆਮਦਨ, ਸਿੱਖਿਆ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਬਾਰੇ ਸਹੀ ਅੰਕੜੇ ਪੰਜਾਬ ਦੀ ਭਵਿੱਖੀ ਯੋਜਨਾਬੰਦੀ ਅਤੇ ਵਿਕਾਸ ਨੀਤੀਆਂ ਦੀ ਨੀਂਹ ਬਣਨਗੇ। ਲੋਕਾਂ ਨੂੰ ਇਹ ਭਰੋਸਾ ਦਿਵਾਉਂਦਿਆਂ ਕਿ ਇਸ ਲਈ ਕਿਸੇ ਵੀ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ ਅਤੇ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ, ਉਨ੍ਹਾਂ ਪੰਜਾਬੀਆਂ ਨੂੰ ਸਹੀ ਵੇਰਵੇ ਦੇਣ ਅਤੇ ਸੂਬੇ ਦੇ ਵਿਕਾਸ ਦਾ ਖਾਕਾ ਤਿਆਰ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ।
ਇਸ ਮੌਕੇ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਅਸੀਂ ਪੰਜਾਬ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰਕਿਰਿਆ 16 ਤੋਂ 30 ਨਵੰਬਰ ਤੱਕ ਜਾਰੀ ਰਹੇਗੀ, ਜਿਸ ਰਾਹੀਂ ਲੋਕ ਘਰ ਬੈਠੇ ਹੀ ਆਨਲਾਈਨ ਆਪਣੇ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਬਾਅਦ 1 ਦਸੰਬਰ ਤੋਂ 4 ਜਨਵਰੀ ਤੱਕ ਘਰ-ਘਰ ਜਾ ਕੇ ਗਣਨਾ ਕੀਤੀ ਜਾਵੇਗੀ। ਇਕੱਤਰ ਕੀਤੇ ਗਏ ਇਹ ਅੰਕੜੇ ਸੂਬੇ ਦੀਆਂ ਭਵਿੱਖੀ ਯੋਜਨਾਵਾਂ ਅਤੇ ਵਿਕਾਸ ਨੀਤੀਆਂ ਨੂੰ ਨਵਾਂ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਕੌਮੀ ਕਾਰਜ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ, ਸਹੀ ਜਾਣਕਾਰੀ ਦੇਣ ਅਤੇ ਸਰਕਾਰ ਨੂੰ ਆਪਣਾ ਸਹਿਯੋਗ ਦੇਣ।”
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 16 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਦੀ ਜਨਗਣਨਾ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਇਸ ਵਿਸ਼ਾਲ ਦੇਸ਼ ਵਿਆਪੀ ਮੁਹਿੰਮ ਦਾ ਹਿੱਸਾ ਬਣਨ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ, “ਜਨਗਣਨਾ ਦੋ ਪੜਾਵਾਂ ਵਿੱਚ ਕਰਵਾਈ ਜਾ ਰਹੀ ਹੈ, ਜਿਸ ਦਾ ਪਹਿਲਾ ਪੜਾਅ, ਜਿਸ ਵਿੱਚ ਘਰਾਂ ਦੀ ਸੂਚੀ ਬਣਾਉਣਾ ਅਤੇ ਮਕਾਨਾਂ ਦੀ ਗਣਨਾ ਸ਼ਾਮਲ ਸੀ, ਪੰਜਾਬ ਵਿੱਚ ਪਹਿਲਾਂ ਹੀ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ। ਇਸ ਪੜਾਅ ਦੌਰਾਨ ਘਰਾਂ ਦੀ ਹਾਲਤ, ਉਪਲਬਧ ਸਹੂਲਤਾਂ ਅਤੇ ਘਰੇਲੂ ਜਾਇਦਾਦਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ।”
ਸਾਰੇ ਜਨਗਣਨਾ ਅਧਿਕਾਰੀਆਂ, ਗਣਨਾਕਾਰਾਂ, ਸੁਪਰਵਾਈਜ਼ਰਾਂ, ਮਾਸਟਰ ਟ੍ਰੇਨਰਾਂ, ਫੀਲਡ ਟ੍ਰੇਨਰਾਂ ਅਤੇ ਸੂਬਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਮਰਪਿਤ ਯਤਨਾਂ ਨੇ ਪਹਿਲੇ ਪੜਾਅ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਯਤਨ, ਪੂਰੇ ਕਾਰਜ ਨੂੰ ਸਹੀ ਤੇ ਵਿਆਪਕ ਬਣਾਉਣ ਵਿੱਚ ਸਹਾਈ ਸਿੱਧ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਦੂਜਾ ਪੜਾਅ, ‘ਆਬਾਦੀ ਗਣਨਾ’ ਅੱਜ ਨੂੰ ਸ਼ੁਰੂ ਹੋ ਗਿਆ ਹੈ, ਜਿਸ ਦੌਰਾਨ ਹਰੇਕ ਨਾਗਰਿਕ ਦੀ ਜਨਸੰਖਿਆ ਪ੍ਰੋਫਾਈਲ, ਸਮਾਜਿਕ-ਆਰਥਿਕ ਸਥਿਤੀ, ਪਰਵਾਸ, ਸਿੱਖਿਆ ਅਤੇ ਪ੍ਰਜਨਨ ਦਰ ਨਾਲ ਸਬੰਧਤ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ, “ਇਸ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਅੰਕੜੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੀ ਯੋਜਨਾਬੰਦੀ, ਵਿਕਾਸ ਅਤੇ ਲੋਕ ਭਲਾਈ ਨੀਤੀਆਂ ਨੂੰ ਸੇਧ ਦੇਣ ਲਈ ਮਹੱਤਵਪੂਰਨ ਨੀਂਹ ਵਜੋਂ ਕੰਮ ਕਰਨਗੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਦੇ ਉਨ੍ਹਾਂ ਪਹਿਲੇ ਸੂਬਿਆਂ ਵਿੱਚੋਂ ਇੱਕ ਹੈ, ਜਿੱਥੇ ਇਹ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ। ਜਨਗਣਨਾ 2027 ਦੇ ਕਾਰਜਕ੍ਰਮ ਅਨੁਸਾਰ ਆਨਲਾਈਨ ਸਵੈ-ਗਣਨਾ 16 ਤੋਂ 30 ਨਵੰਬਰ, 2026 ਤੱਕ ਹੋਵੇਗੀ, ਜਿਸ ਤੋਂ ਬਾਅਦ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਘਰ-ਘਰ ਜਾ ਕੇ ਗਣਨਾ ਕੀਤੀ ਜਾਵੇਗੀ।”
ਸਾਰੇ ਪੰਜਾਬੀਆਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ 16 ਨਵੰਬਰ ਤੋਂ 30 ਨਵੰਬਰ, 2026 ਦਰਮਿਆਨ ਆਨਲਾਈਨ ਆਪਣੀ ਸਵੈ-ਗਣਨਾ ਪੂਰੀ ਕਰਨ ਦੀ ਤਾਕੀਦ ਕੀਤੀ।
ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਇਹ ਪ੍ਰਕਿਰਿਆ ਪੂਰੀ ਕੀਤੀ ਹੈ ਅਤੇ ਇਹ ਬਹੁਤ ਹੀ ਸਰਲ ਤੇ ਸੁਖਾਲੀ ਹੈ। ਉਨ੍ਹਾਂ ਕਿਹਾ, “ਮੈਂ ਖ਼ੁਦ ਆਪਣੀ ਸਵੈ-ਗਣਨਾ ਪੂਰੀ ਕਰ ਲਈ ਹੈ ਅਤੇ ਇਹ ਸਾਰੀ ਪ੍ਰਕਿਰਿਆ ਬੇਹੱਦ ਆਸਾਨ ਅਤੇ ਸੁਵਿਧਾਜਨਕ ਹੈ। ਇਸ ਨੂੰ ਪੂਰਾ ਕਰਨ ਵਿੱਚ ਲਗਪਗ 25 ਤੋਂ 30 ਮਿੰਟ ਲੱਗਦੇ ਹਨ ਅਤੇ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਚਾਹੀਦਾ ਹੈ।”
ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਨਗਣਨਾ ਦੌਰਾਨ ਦਿੱਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਇਸ ਦੀ ਵਰਤੋਂ ਸਿਰਫ਼ ਯੋਜਨਾਬੰਦੀ ਅਤੇ ਵਿਕਾਸ ਕਾਰਜਾਂ ਲਈ ਹੀ ਕੀਤੀ ਜਾਵੇਗੀ।
ਹਰ ਨਾਗਰਿਕ ਨੂੰ ਆਬਾਦੀ ਗਣਨਾ ਮੁਹਿੰਮ ਵਿੱਚ ਪੂਰੇ ਦਿਲੋਂ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਸਵੈ-ਗਣਨਾ ਪੂਰੀ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵਿੱਚ ਹਰ ਨਾਗਰਿਕ ਦੀ ਗਿਣਤੀ ਹੋਵੇਗੀ ਅਤੇ ਇਹ ਕਾਰਜ ਸਿਰਫ਼ ਅੰਕੜੇ ਇਕੱਠੇ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਵਿਕਾਸ ਅਤੇ ਸਮਾਜਿਕ-ਆਰਥਿਕ ਨੀਤੀਆਂ ਲਈ ਪੰਜਾਬ ਦਾ ਭਵਿੱਖੀ ਖਾਕਾ ਤਿਆਰ ਕਰਨ ਬਾਰੇ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ, “ਇਹ ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ ਹੈ, ਜਿਸ ਵਿੱਚ ਮੋਬਾਈਲ ਐਪਲੀਕੇਸ਼ਨ ਅਤੇ ਆਨਲਾਈਨ ਸਵੈ-ਗਣਨਾ ਸਹੂਲਤ ਰਾਹੀਂ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਜਨਗਣਨਾ ਦੇ ਸਾਰੇ ਅੰਕੜੇ ਗੁਪਤ ਰਹਿਣਗੇ। ਹਰ ਨਾਗਰਿਕ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਕਾਰਜ ਸਾਡੇ ਸੂਬੇ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਦਦ ਕਰੇਗਾ।”
ਇਸ ਮੌਕੇ ਡਾਇਰੈਕਟਰ ਜਨਗਣਨਾ ਅਪਰੇਸ਼ਨਜ਼ ਪੰਜਾਬ ਡਾ. ਨਵਜੋਤ ਖੋਸਾ ਨੇ ਮੁੱਖ ਮੰਤਰੀ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਲਈ ਸਵੈ-ਗਣਨਾ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
---------------

pbpunjab additional image pbpunjab additional image pbpunjab additional image pbpunjab additional image

cm-bhagwant-singh-mann-launches-phase-ii-of-online-census


pbpunjab ad banner image

Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com