cm-bhagwant-singh-mann-once-again-transfers-sanman-rashi-into-punjab-women-s-accounts

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

Oct1,2026 | Narinder Kumar | Chandigarh

* ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

* ਪੈਸੇ ਆਉਣ ਮਗਰੋਂ ਪੰਜਾਬ ਦੀਆਂ ਔਰਤਾਂ ਨੇ ਲਾਇਆ ਇੱਕੋ ਨਾਅਰਾ: ‘ਭਗਵੰਤ ਮਾਨ ਸਰਕਾਰ ਮੁੜ ਦੁਬਾਰਾ’

* ਜਦੋਂ ਤੱਕ ਪੰਜਾਬ ਵਿੱਚ ਸਾਡੀ ਸਰਕਾਰ ਹੈ, ਔਰਤਾਂ ਦੇ ਮੋਬਾਈਲਾਂ ’ਤੇ ‘ਟੂੰ-ਟੁੰ’ ਹੁੰਦੀ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਜੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਸੱਤਾ ਵਿੱਚ ਆਏ ਤਾਂ ਔਰਤਾਂ ਦੀ ਮਹੀਨਾਵਾਰ ਸਨਮਾਨ ਰਾਸ਼ੀ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਸਹੂਲਤਾਂ ਬੰਦ ਕਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
 
  
‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ ਤਬਦੀਲ ਹੋਣ ਦੀ ਪੁਸ਼ਟੀ ਵਾਲੇ ‘ਟੂੰ-ਟੂੰ’ ਦੇ ਸੁਨੇਹੇ ਮਿਲਦਿਆਂ ਹੀ ਪੰਜਾਬ ਦੀਆਂ ਔਰਤਾਂ ਦੇ ਚਿਹਰਿਆਂ ’ਤੇ ਛਾਈ ਖ਼ੁਸ਼ੀ ਨੇ ਇਸ ਭਲਾਈ ਸਕੀਮ ਦੇ ਉਸਾਰੂ ਪ੍ਰਭਾਵ ‘ਤੇ ਮੋਹਰ ਲਾ ਦਿੱਤੀ ਹੈ, ਜਿਸ ਦੇ ਚਲਦਿਆਂ ਸੂਬੇ ਭਰ ਦੀਆਂ ਔਰਤਾਂ ਮੁੜ ਭਗਵੰਤ ਮਾਨ ਸਰਕਾਰ ਲਿਆਉਣ ਦੇ ਹੱਕ ਵਿੱਚ ਨਾਅਰਾ ਮਾਰ ਰਹੀਆਂ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਸਿੱਧਾ ਉਨ੍ਹਾਂ ਦੀ ਭਲਾਈ ਵਾਲੀਆਂ ਸਕੀਮਾਂ ਵਿੱਚ ਲਾ ਰਹੀ ਹੈ ਅਤੇ ਦਾਅਵਾ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਰਹੇਗੀ, ਔਰਤਾਂ ਦੇ ਮੋਬਾਈਲ ਫ਼ੋਨਾਂ ’ਤੇ ‘ਟੁੰ-ਟੂੰ ਦੇ ਸੁਨੇਹੇ ਲਗਾਤਾਰ ਪਹੁੰਚਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਸੱਤਾ ਵਿੱਚ ਆਉਂਦੇ ਹਨ ਤਾਂ ਔਰਤਾਂ ਦੀ ਮਹੀਨਾਵਾਰ ਸਨਮਾਨ ਰਾਸ਼ੀ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਵਰਗੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਇੰਨੀ ਵੱਡੀ ਗਿਣਤੀ ’ਚ ਪਹੁੰਚਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਅੱਜ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਾਵਾਂ-ਭੈਣਾਂ ਦੇ ਖਾਤਿਆਂ ਵਿੱਚ 3,000 ਤੋਂ 4,500 ਰੁਪਏ ਸਿੱਧੇ ਤਬਦੀਲ ਕੀਤੇ ਗਏ ਹਨ। ਸਾਡੀ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਭਲਾਈ ’ਤੇ ਖ਼ਰਚ ਰਹੀ ਹੈ। ਇਸੇ ਇਮਾਨਦਾਰ ਨੀਤੀ ਸਦਕਾ ਪੰਜਾਬ ਅੱਜ ਸਿੱਖਿਆ ਅਤੇ ਹੋਰ ਜਨਤਕ ਸੇਵਾਵਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ। ਇਨਕਲਾਬ ਜ਼ਿੰਦਾਬਾਦ।”
ਸ੍ਰੀ ਖਡੂਰ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ‘ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਇਹ ਉਹੀ ਪਵਿੱਤਰ ਧਰਤੀ ਹੈ, ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਅੰਤ ਕੀਤਾ ਅਤੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ, ਜਿਸ ਵਿੱਚ ਮਾਤਾ ਖੀਵੀ ਜੀ ਨੇ ਖ਼ੁਦ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਇਸੇ ਲਈ ਅਸੀਂ ‘ਮਾਵਾਂ-
ਧੀਆਂ ਸਤਿਕਾਰ ਯੋਜਨਾ’ ਲਈ ਇਸ ਮਹਾਨ ਅਤੇ ਇਤਿਹਾਸਕ ਧਰਤੀ ਦੀ ਚੋਣ ਕੀਤੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ-ਧੀਆਂ ਲਈ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨੇ ਦੀ ਦੂਜੀ ਕਿਸ਼ਤ ਜਾਰੀ ਕੀਤੀ ਜਾ ਰਹੀ ਹੈ ਅਤੇ 36.87 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1,262.54 ਕਰੋੜ ਰੁਪਏ ਸਿੱਧੇ ਤਬਦੀਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, “ਅੱਜ ਹਰੇਕ ਔਰਤ ਨੂੰ ਤਿੰਨ ਮਹੀਨਿਆਂ ਦੀ ਕਿਸ਼ਤ ਇਕੱਠੀ ਮਿਲ ਰਹੀ ਹੈ। ਇਸ ਤੋਂ ਪਹਿਲਾਂ 73.99 ਲੱਖ ਔਰਤਾਂ ਨੂੰ ਸਤਿਕਾਰ ਰਾਸ਼ੀ ਵਜੋਂ 2,562.33 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਅੱਜ ਦੀ ਰਾਸ਼ੀ ਨੂੰ ਮਿਲਾ ਕੇ ਹੁਣ ਤੱਕ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਤਿਕਾਰ ਰਾਸ਼ੀ ਵਜੋਂ ਕੁੱਲ 3,824.87 ਕਰੋੜ ਰੁਪਏ ਸਿੱਧੇ ਭੇਜੇ ਜਾ ਚੁੱਕੇ ਹਨ।”
ਉਨ੍ਹਾਂ ਕਿਹਾ, “ਇਹ ਸਕੀਮ ਇੱਕ ਸਮਾਜਿਕ ਕ੍ਰਾਂਤੀ ਹੈ, ਜੋ ਸਾਡੀਆਂ ਮਾਵਾਂ ਅਤੇ ਧੀਆਂ ਦਾ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਵਧਾਏਗੀ। ਇਹ ਔਰਤਾਂ ਦੀ ਆਰਥਿਕ ਆਜ਼ਾਦੀ ਦਾ ਮਾਰਗ ਵੀ ਹੈ। ਪੰਜਾਬ ਦੀਆਂ ਲਗਪਗ 97 ਫ਼ੀਸਦ ਔਰਤਾਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੀਆਂ। ਇਹ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਅਜਿਹੀ ਸਕੀਮ ਹੈ, ਜਿਸ ਤਹਿਤ ਸਾਰੀਆਂ ਯੋਗ ਔਰਤਾਂ ਨੂੰ ਸਤਿਕਾਰ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਸਤਿਕਾਰ ਯੋਜਨਾ ਦਾ ਲਾਭ ਇੱਕ ਕਰੋੜ ਔਰਤਾਂ ਤੱਕ ਪਹੁੰਚਾਉਣਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਸਕੀਮ ਅਧੀਨ ਕੋਈ ਸ਼ਰਤਾਂ ਨਹੀਂ ਹਨ। ਜੇ ਇੱਕੋ ਪਰਿਵਾਰ ਵਿੱਚ ਤਿੰਨ ਔਰਤਾਂ ਯੋਗ ਹਨ ਤਾਂ ਤਿੰਨੇ ਹੀ ਸਤਿਕਾਰ ਰਾਸ਼ੀ ਲੈਣ ਦੀਆਂ ਹੱਕਦਾਰ ਹਨ। ਸਕੀਮ ਅਧੀਨ ਔਰਤਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਿੱਚ 1.37 ਲੱਖ ‘ਸਤਿਕਾਰ ਸਖੀਆਂ’ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਰਾਸ਼ੀ ਵਜੋਂ ਹੁਣ ਤੱਕ 51 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ।”
ਉਨ੍ਹਾਂ ਅੱਗੇ ਦੱਸਿਆ, “ਇਸੇ ਤਰ੍ਹਾਂ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਸਹਿਯੋਗ ਦੇ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।”
ਮੁੱਖ ਮੰਤਰੀ ਨੇ ਕਿਹਾ, “ਸਰਕਾਰਾਂ ਦੀ ਜ਼ਿੰਮੇਵਾਰੀ ਲੋਕਾਂ ਤੋਂ ਟੈਕਸ ਇਕੱਠਾ ਕਰਕੇ ਉਸ ਪੈਸੇ ਨੂੰ ਮੁੜ ਲੋਕਾਂ ਦੀ ਭਲਾਈ ਲਈ ਖ਼ਰਚ ਕਰਨ ਦੀ ਹੁੰਦੀ ਹੈ। ਚਾਹੇ ਉਹ ਵਿਕਾਸ ਕਾਰਜ ਹੋਣ, ਖੇਤਾਂ ਦੇ ਕੰਮ ਹੋਣ, ਸੜਕਾਂ ਦੇ ਕੰਮ ਹੋਣ, 14,000 ਕਿਲੋਮੀਟਰ ਪਾਈਪਲਾਈਨਾਂ ਵਿਛਾਉਣ ਦੀ ਗੱਲ ਹੋਵੇ ਜਾਂ 70,000 ਤੋਂ ਵੱਧ ਨੌਕਰੀਆਂ ਦੇਣ ਦਾ ਮਾਮਲਾ ਹੋਵੇ—ਸਾਡੀ ਸਰਕਾਰ ਲੋਕਾਂ ਦੇ ਪੈਸੇ ਦੀ ਵਰਤੋਂ ਲੋਕ ਭਲਾਈ ਲਈ ਇਮਾਨਦਾਰੀ ਨਾਲ ਕਰ ਰਹੀ ਹੈ। ਸਾਡੀ ਸਰਕਾਰ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ”
ਉਨ੍ਹਾਂ ਕਿਹਾ, “ਆਮ ਆਦਮੀ ਪਾਰਟੀ ਨੇ ਆਮ ਪਰਿਵਾਰਾਂ ਵਿੱਚੋਂ ਆਗੂ ਪੈਦਾ ਕਰ ਕੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜਨੀਤੀ ’ਤੇ ਬਾਦਲ ਪਰਿਵਾਰ, ਕੈਪਟਨ ਪਰਿਵਾਰ ਜਾਂ ਮਜੀਠੀਆ ਪਰਿਵਾਰ ਦਾ ਹੀ ਦਬਦਬਾ ਰਿਹਾ। ਜਿਹੜੇ ਪੰਜਾਬ ’ਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸਨ, ਅੱਜ ਉਨ੍ਹਾਂ ਕੋਲ 25 ਆਗੂ ਵੀ ਨਹੀਂ ਬਚੇ। ਸੁਖਬੀਰ ਬਾਦਲ ਅਤੇ ਹੋਰ ਜ਼ਮਾਨਤ ’ਤੇ ਬਾਹਰ ਹਨ, ਜਦਕਿ ਰਵਿੰਦਰ ਸਿੰਘ ਬ੍ਰਹਮਪੁਰਾ, ਜਿਨ੍ਹਾਂ ਦੇ ਪਿਤਾ ਬਾਦਲ ਸਾਹਿਬ ਨਾਲ ਜੇਲ੍ਹ ਕੱਟਦੇ ਰਹੇ, ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ, “ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਹੈ, ਜਦਕਿ ਚੰਦੂਮਾਜਰਾ ਦਾ ਪੁੱਤਰ ਪਾਰਟੀ ਦੇ ਦਾਇਰੇ ਤੋਂ ਬਾਹਰ ਹੈ। ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ ਹੈ, ਜਿਸ ਕਰਕੇ ਉਹ ਆਪਣੇ ਕੁਕਰਮਾਂ ਦੇ ਨਤੀਜੇ ਭੁਗਤ ਰਹੇ ਹਨ।”
ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਨਵਾਂ ਪ੍ਰਧਾਨ ਵੀ ਕਾਂਗਰਸੀ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ। ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਵਿਚਕਾਰ ਆਪਸੀ ਲੜਾਈ ਹੋਰ ਵਧੇਗੀ।’’
ਉਨ੍ਹਾਂ ਸਪੱਸ਼ਟ ਕੀਤਾ, ‘‘ਕਾਂਗਰਸ ਕੋਲ ਵਰਕਰ ਘੱਟ ਤੇ ਮੁੱਖ ਮੰਤਰੀ ਬਣਨ ਦੇ ਇੱਛੁਕ ਆਗੂ ਜ਼ਿਆਦਾ ਹਨ। ਇਹਨਾਂ ਨੂੰ ਲੋਕਾਂ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ, ਸਗੋਂ ਸੱਤਾ ਦੀ ਭੁੱਖ ਹੈ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, ‘‘ਅਕਾਲੀ ਦਲ ਨੇ ਪੰਜਾਬ ’ਤੇ 25 ਸਾਲ ਅਤੇ ਕਾਂਗਰਸ ਨੇ ਲਗਪਗ 30 ਸਾਲ ਰਾਜ ਕੀਤਾ, ਪਰ ਪੰਜਾਬ ਨੂੰ ਉਹ ਵਿਕਾਸ ਨਹੀਂ ਮਿਲਿਆ, ਜਿਸ ਦਾ ਸੂਬਾ ਹੱਕਦਾਰ ਸੀ। ਸਾਲ 2022 ਤੋਂ ਸਾਡੀ ਸਰਕਾਰ ਨੇ ਵਿਕਾਸ ਦੀ ਨੀਂਹ ਰੱਖੀ ਹੈ ਅਤੇ ਹੁਣ ਨਤੀਜੇ ਪ੍ਰਤੱਖ ਦਿਖਾਈ ਦੇਣ ਲੱਗੇ ਹਨ।’’
ਮੁੱਖ ਮੰਤਰੀ ਨੇ ਕਿਹਾ, ‘‘ਕੇਂਦਰ ਦੇ ਮੁਲਾਂਕਣ ਅਨੁਸਾਰ ਪੰਜਾਬ ਸਕੂਲੀ ਸਿੱਖਿਆ ਵਿੱਚ 27ਵੇਂ ਸਥਾਨ ਤੋਂ ਪਹਿਲੇ ਸਥਾਨ ’ਤੇ ਆ ਗਿਆ ਹੈ। ਅਸੀਂ ਕੇਰਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਸੀਂ ਸਮਾਰਟ ਕਲਾਸਰੂਮ ਸਥਾਪਤ ਕੀਤੇ ਹਨ, ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਗੈਰ-ਅਧਿਆਪਨ ਅਮਲੇ ਦੀ ਭਰਤੀ ਕਰਨ ਦੇ ਨਾਲ-ਨਾਲ ਸਿੱਖਿਆ ਨੂੰ ਹੁਲਾਰਾ ਦੇਣ ਲਈ ਕਈ ਹੋਰ ਉਪਾਅ ਵੀ ਕੀਤੇ ਹਨ। ਇਸ ਮਾਮਲੇ ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਵੀ ਪੰਜਾਬ ਤੋਂ ਬਹੁਤ ਪਿੱਛੇ ਹਨ, ਜੋ ਸਾਰਿਆਂ ਲਈ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ।’’
ਉਨ੍ਹਾਂ ਦੱਸਿਆ, ‘‘ਹਰ ਸਾਲ ਲਗਪਗ 30 ਲੱਖ ਵਿਦਿਆਰਥੀ ਨੀਟ ਦੀ ਪ੍ਰੀਖਿਆ ਦਿੰਦੇ ਹਨ। ਜਦੋਂ ਮੈਂ ਅਹੁਦਾ ਸੰਭਾਲਿਆ ਸੀ, ਤਾਂ ਪੰਜਾਬ ਤੋਂ ਸਿਰਫ਼ 80 ਵਿਦਿਆਰਥੀ ਹੀ ਨੀਟ ਪਾਸ ਕਰਦੇ ਸਨ। ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਅਤੇ ਇਸ ਸਾਲ 882 ਵਿਦਿਆਰਥੀਆਂ ਨੇ ਨੀਟ ਪਾਸ ਕੀਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਅਜਿਹੇ ਪਰਿਵਾਰਾਂ ਵਿੱਚੋਂ ਆਉਂਦੇ ਹਨ, ਜਿਨ੍ਹਾਂ ਦੇ ਮਾਪਿਆਂ ਨੇ ਆਪਣੀ ਗੁਜ਼ਰ-ਬਸਰ ਕਰਨ ਲਈ ਬਹੁਤ ਜੱਦੋ-ਜਹਿਦ ਕੀਤੀ ਹੈ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਲਾਲ ਜਾਂ ਨੀਲਾ ਕਾਰਡ ਭਾਵੇਂ ਦਿਨ ਵਿੱਚ ਦੋ ਵਾਰ ਦਾ ਭੋਜਨ ਤਾਂ ਮੁਹੱਈਆ ਕਰਵਾ ਸਕਦਾ ਹੈ, ਪਰ ਇਹ ਗ਼ੁਰਬਤ ਨੂੰ ਖ਼ਤਮ ਨਹੀਂ ਕਰ ਸਕਦਾ। ਜੀਵਨ ਪੱਧਰ ਨੂੰ ਸਿਰਫ਼ ਮਿਆਰੀ ਸਿੱਖਿਆ ਰਾਹੀਂ ਹੀ ਉੱਚਾ ਚੁੱਕਿਆ ਜਾ ਸਕਦਾ ਹੈ। ਪਿਛਲੀਆਂ ਸਰਕਾਰਾਂ ਨੇ ਗ਼ਰੀਬ-ਵਿਰੋਧੀ ਨੀਤੀਆਂ ਬਣਾਈਆਂ, ਜਿਨ੍ਹਾਂ ਨੇ ਮਿਆਰੀ ਸਿੱਖਿਆ ਨੂੰ ਗਰੀਬ ਬੱਚਿਆਂ ਦੀ ਪਹੁੰਚ ਤੋਂ ਕੋਹਾਂ ਦੂਰ ਕਰੀ ਰੱਖਿਆ। ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਮੌਕੇ ਮਿਲਣ।’’
ਮੁੱਖ ਮੰਤਰੀ ਨੇ ਕਿਹਾ, ‘‘2027 ਤੋਂ 2032 ਤੱਕ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ ਕਿਉਂਕਿ ਇਸ ਕਾਰਜਕਾਲ ਦੌਰਾਨ ਸੂਬਾ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ।’’
ਉਨ੍ਹਾਂ ਕਿਹਾ, ‘‘ਅਸੀਂ ਯੂਪੀਐਸਸੀ ਦੀ ਤਿਆਰੀ ਲਈ ਨਵੇਂ ਕੇਂਦਰ ਖੋਲ੍ਹਾਂਗੇ ਤਾਂ ਜੋ ਸੂਬੇ ਦੇ ਬੱਚੇ ਆਈਏਐਸ ਅਤੇ ਆਈਪੀਐਸ ਅਧਿਕਾਰੀ ਬਣ ਸਕਣ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਵਿਰੋਧੀ ਧਿਰ ਕਹਿੰਦੀ ਸੀ ਕਿ ਮੁਫ਼ਤ ਬਿਜਲੀ ਕਦੇ ਵੀ ਹਕੀਕਤ ਨਹੀਂ ਬਣੇਗੀ, ਪਰ ਅੱਜ ਸੂਬਾ ਸਰਕਾਰ ਯੋਗ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ। ਅਸੀਂ 1,080 ਕਰੋੜ ਰੁਪਏ ਦੀ ਲਾਗਤ ਨਾਲ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਖਰੀਦਿਆ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਕੋਲੇ ਦੀ ਕੋਈ ਕਮੀ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂ ਇੱਕ-ਦੂਜੇ ਵਿਰੁੱਧ ਨਹੀਂ ਬੋਲਦੇ, ਪਰ ਮੈਨੂੰ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਆਦਮੀ ਦਾ ਪੁੱਤਰ ਪੂਰੀ ਤਨਦੇਹੀ ਤੇ ਸੁਹਿਰਦਤਾ ਨਾਲ ਸੂਬੇ ਦੀ ਸੇਵਾ ਕਰ ਰਿਹਾ ਹੈ।’’
ਜਲੰਧਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਅਮਿਤ ਸ਼ਾਹ ਨੇ ਜਲੰਧਰ ਵਿੱਚ ਆਪਣੇ ਪੂਰੇ ਭਾਸ਼ਣ ਦੌਰਾਨ ਮੈਨੂੰ ਨਿਸ਼ਾਨਾ ਬਣਾਇਆ। ਪੰਜਾਬ ਸਰਕਾਰ, ਦੇਸ਼ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀ ਸਰਕਾਰ ਹੈ ਅਤੇ ਹਰ ਖੇਤਰ ਵਿੱਚ ਮੋਹਰੀ ਹੈ।’’
ਮੁੱਖ ਮੰਤਰੀ ਨੇ ਕਿਹਾ, ‘‘ਕਿਸਾਨਾਂ ਨੂੰ ਹੁਣ ਖੇਤੀਬਾੜੀ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਅਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਅਸੀਂ ਇਸ ਮਕਸਦ ਲਈ 14,000 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਹਨ। ਇਹ ਦੂਰੀ ਦਿੱਲੀ ਅਤੇ ਕੈਨੇਡਾ ਵਿਚਕਾਰਲੀ ਦੂਰੀ ਦੇ ਬਰਾਬਰ ਹੈ। ਇਸ ਨਾਲ ਸਾਡੀ ਖੇਤੀਬਾੜੀ ਵਿੱਚ ਨਵੀਂ ਕ੍ਰਾਂਤੀ ਦਾ ਮੁੱਢ ਬੱਝਿਆ ਹੈ।’’
ਉਨ੍ਹਾਂ ਕਿਹਾ, ‘‘ਜੇ ਵਿਰੋਧੀ ਪਾਰਟੀਆਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ’ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਅਤੇ ਹੋਰ ਜਨਤਕ ਭਲਾਈ ਸਕੀਮਾਂ ਬੰਦ ਕਰ ਦੇਣਗੇ।’’
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹੋਰ ਵੀ ਹਾਜ਼ਰ ਸਨ।
———

pbpunjab additional image pbpunjab additional image pbpunjab additional image pbpunjab additional image

cm-bhagwant-singh-mann-once-again-transfers-sanman-rashi-into-punjab-women-s-accounts


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com