ਓਟੀਟੀ ਪਲੈਟਫਾਰਮਾਂ ਅਤੇ ਏਆਈ ਦੇ ਵੱਧਦੇ ਰੁਝਾਨ ਦਾ ਜ਼ਿਕਰ ਕਰਦੇ ਹੋਏ ਸ੍ਰੀ ਪੰਨੂ ਨੇ ਮੀਡੀਆ ਨੂੰ ਸਮੇਂ ਦੇ ਹਾਣੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਪੰਜਾਬ ਸਾਕਾਰਾਤਮਕਤਾ ਨਾਲ ਭਰਪੂਰ ਹੈ। ਜੇ ਤੁਸੀਂ ਸਾਕਾਰਾਤਮਕ ਲੋਕ ਲੱਭੋਗੇ ਤਾਂ ਉਹ ਤੁਹਾਨੂੰ ਪੰਜਾਬ ਵਿੱਚ ਹੀ ਮਿਲਣਗੇ।”
ਇਸ ਮੌਕੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਨੇ ਕਿਹਾ ਕਿ ਰਾਜ ਸਰਕਾਰ ਪੰਜਾਬ ਵਿੱਚ ਬਣਨ ਵਾਲੀਆਂ ਫ਼ਿਲਮਾਂ, ਦਸਤਾਵੇਜ਼ੀ ਫਿਲਮਾਂ ਤੇ ਵੈੱਬ ਸੀਰੀਜ਼ ਲਈ ਨਿਰਮਾਣ ਖਰਚ ’ਤੇ 25 ਫੀਸਦੀ ਪੂੰਜੀਗਤ (ਕੈਪੀਟਲ) ਸਬਸਿਡੀ ਦਿੰਦੀ ਹੈ, ਜੋ ਪ੍ਰਤੀ ਫ਼ਿਲਮ ਅਤੇ ਵੈੱਬ ਸੀਰੀਜ਼ ਵੱਧ ਤੋਂ ਵੱਧ 3 ਕਰੋੜ ਰੁਪਏ ਤੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਭਾਸ਼ਾ ਦੀਆਂ ਫ਼ਿਲਮਾਂ ਲਈ ਨਿਰਮਾਣ ਖਰਚ ਦੇ 30 ਫੀਸਦੀ ਤੱਕ ਸਬਸਿਡੀ ਮਿਲੇਗੀ, ਜੋ ਪ੍ਰਤੀ ਫ਼ਿਲਮ ਵੱਧ ਤੋਂ ਵੱਧ 3.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਨੀਤੀ ਵਿੱਚ ਫ਼ਿਲਮ ਸਿਟੀ, ਫ਼ਿਲਮ ਸਟੂਡੀਓ, ਵੀਐਫਐਕਸ ਸਟੂਡੀਓ ਅਤੇ ਟ੍ਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਲਈ 20 ਫੀਸਦੀ ਪੂੰਜੀਗਤ ਸਬਸਿਡੀ ਵੀ ਸ਼ਾਮਲ ਹੈ। ਸ੍ਰੀ ਢਾਕਾ ਨੇ ਕਿਹਾ, “ਭਾਵੇਂ ਭਾਰਤ ਦੀ ਕੁੱਲ ਜ਼ਮੀਨ ਵਿੱਚ ਪੰਜਾਬ ਦਾ ਹਿੱਸਾ ਮਹਿਜ਼ 1.5 ਫੀਸਦੀ ਅਤੇ ਆਬਾਦੀ 2 ਫੀਸਦੀ ਹੈ, ਪਰ ਸੱਭਿਆਚਾਰ ਪੱਖੋਂ ਪੰਜਾਬ ਦਾ ਪ੍ਰਭਾਵ ਬਹੁਤ ਵੱਡਾ ਹੈ।”
ਇੱਕ ਸਿੰਗਲ-ਵਿੰਡੋ ਆਨਲਾਈਨ ਪ੍ਰਵਾਨਗੀ ਪ੍ਰਣਾਲੀ ਅਤੇ ਵੱਖ-ਵੱਖ ਉਪਰਾਲਿਆਂ ਰਾਹੀਂ ਰਾਜ ਸਰਕਾਰ ਫ਼ਿਲਮਕਾਰਾਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਦੀ ਹੈ। ਇਸ ਨਾਲ ਰਾਜ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਡਿਜੀਟਲ ਅਤੇ ਓਟੀਟੀ ਪਲੈਟਫਾਰਮਾਂ ’ਤੇ 40 ਫੀਸਦੀ ਕੰਟੈਂਟ ਪੰਜਾਬੀ ਹੈ। ਸਰਕਾਰ ਮੋਹਾਲੀ ਵਿੱਚ ਇੱਕ ਫ਼ਿਲਮ ਸਿਟੀ ਵਿਕਸਿਤ ਕਰਨ ਅਤੇ ਫ਼ਿਲਮ ਨਿਰਮਾਣ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ’ਤੇ ਵੀ ਕੰਮ ਕਰ ਰਹੀ ਹੈ।
ਨਵੀਂ ਬਣਾਈ ਗਈ ਪੰਜਾਬ ਫਿਲਮ ਪ੍ਰੋਮੋਸ਼ਨ ਨੀਤੀ2026 ਰਾਹੀਂ ਰਾਜ ਦੀ ਵਿਸ਼ਾਲ ਸੰਸਕ੍ਰਿਤਿਕ ਸਮੱਰਥਾਵਾਂ ਨੂੰ ਉਭਾਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਭਾਰਤ ਦੇ ਸਭ ਤੋਂ ਵੱਡੇ ਫ਼ਿਲਮ ਉਦਯੋਗਾਂ ਵਿੱਚੋਂ ਇੱਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਸੰਗੀਤ ਜਗਤ, ਜਿਸ ਵਿੱਚ 400 ਤੋਂ ਵੱਧ ਲੇਬਲ ਹਨ, ਵਿਸ਼ਵ ਪੱਧਰ ’ਤੇ ਵੱਡਾ ਮਾਰਕੀਟ ਹਿੱਸਾ ਰੱਖਦਾ ਹੈ ਜੋ ਕਿਸੇ ਵੀ ਖੇਤਰੀ ਭਾਸ਼ਾ ਨੂੰ ਟੱਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਡਿਜੀਟਲ ਅਤੇ ਓਟੀਟੀ ਪਲੈਟਫਾਰਮਾਂ ’ਤੇ ਲਗਭਗ 40 ਫੀਸਦੀ ਪੰਜਾਬੀ ਕੰਟੈਂਟ ਹੈ, ਜੋ ਰਾਜ ਦੀ ਰਚਨਾਤਮਕ ਤਾਕਤ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਦੀ ਪਹਿਲੀ ਸ਼ਰਤ ਕਾਰੋਬਾਰ ਕਰਨ ਦੀ ਵਿਵਸਥਾ ਨੂੰ ਸੌਖਾ ਕਰਨਾ ਹੁੰਦਾ ਹੈ। ਸ੍ਰੀ ਢਾਕਾ ਨੇ ਦੱਸਿਆ ਕਿ ਸਰਕਾਰ ਨੇ ਫਿਲਮ ਸ਼ੂਟਿੰਗ ਲਈ ਪ੍ਰਵਾਨਗੀ ਪ੍ਰਣਾਲੀ ਵਿੱਚ ਵੱਡਾ ਸੁਧਾਰ ਕੀਤਾ ਹੈ। “ਸ਼ੁਰੂ ਵਿੱਚ ਜਦੋਂ ਅਸੀਂ ਨਿਰਮਾਤਾਵਾਂ ਨਾਲ ਮਿਲੇ ਤਾਂ ਉਹ ਜ਼ਿਆਦਾ ਆਸਵੰਦ ਨਹੀਂ ਸਨ, ਕਿਉਂਕਿ ਉਨ੍ਹਾਂ ਨੂੰ ਸ਼ੂਟਿੰਗ ਦੀਆਂ ਇਜਾਜ਼ਤਾਂ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ।” ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ ਇਨਵੈਸਟ ਪੰਜਾਬ ਪੋਰਟਲ ਵਿੱਚ ਇੱਕ ਸਿੰਗਲ-ਵਿੰਡੋ ਸ਼ੂਟਿੰਗ ਪ੍ਰਵਾਨਗੀ ਸੇਵਾ ਜੋੜੀ, ਜੋ ਹੁਣ ਦੇਸ਼ ਦੀਆਂ ਸਭ ਤੋਂ ਵਧੀਆ ਪ੍ਰਣਾਲੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਹੋਰ ਰਾਜ ਇਸ ਦਾ ਮਾਡਲ ਸਮਝਣ ਲਈ ਆ ਰਹੇ ਹਨ। ਉਨ੍ਹਾਂ ਕਿਹਾ, “ਰਾਜ ਦੀ ਭੂਮਿਕਾ ਸਹੂਲਤ ਪ੍ਰਦਾਨ ਕਰਨ ਵਾਲੀ ਹੈ, ਨਾ ਕਿ ਰੁਕਾਵਟਾਂ ਪੈਦਾ ਕਰਨ ਵਾਲੀ।” ਨਾਲ ਹੀ ਉਨ੍ਹਾਂ ਇਸ ਜਗਤ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸ਼ੂਟਿੰਗ ਸਥਾਨਾਂ ਦੀ ਇੱਕ ਡਿਜੀਟਲ ਕੈਟਾਲੌਗ ਤਿਆਰ ਕਰਨ ਵਿੱਚ ਸਰਕਾਰ ਨੂੰ ਸਹਿਯੋਗ ਕਰਨ।
ਮੀਡੀਆ ਅਤੇ ਮਨੋਰੰਜਨ ਜਗਤ ਦੇ ਪੇਸ਼ੇਵਰਾਂ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਰਾਮਵੀਰ ਨੇ ਕਿਹਾ ਕਿ ਪੰਜਾਬੀ ਸਮਾਜ ਦੀ ਰੂਹ ਹਮੇਸ਼ਾ ਇਸ ਦੇ ਮੀਡੀਆ ਰਾਹੀਂ ਦਰਸਾਈ ਗਈ ਹੈ। ਉਨ੍ਹਾਂ ਸੂਬੇ ਦੀ ਪ੍ਰੈੱਸ ਅਤੇ ਫ਼ਿਲਮ ਉਦਯੋਗ ਦੀ ਉਸ ਭੂਮਿਕਾ ਨੂੰ ਉਜਾਗਰ ਕੀਤਾ ਜੋ ਇਸ ਦੀ ਵਿਸ਼ੇਸ਼ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ਵਿੱਚ ਬੜੀ ਅਹਿਮ ਰਹੀ ਹੈ। ਉਨ੍ਹਾਂ ਪੰਜਾਬੀ ਪੱਤਰਕਾਰੀ ਦੇ ਵਿਕਾਸ ਦੀ 19ਵੀਂ ਸਦੀ ਦੇ ਪ੍ਰਿੰਟ ਮੀਡੀਆ ਤੋਂ ਲੈ ਕੇ 1920 ਦੇ ਅਕਾਲੀ ਅਖ਼ਬਾਰਾਂ ਅਤੇ ਅੱਜ ਦੇ ਡਿਜੀਟਲ ਯੁੱਗ ਤੱਕ ਦੀ ਗੱਲ ਕਰਦਿਆਂ ਕਿਹਾ ਕਿ ਮੀਡੀਆ ਘਰਾਣਿਆਂ ਨੇ ਇਤਿਹਾਸਕ ਤੌਰ ’ਤੇ ਮੁੱਖ ਸਮਾਜਿਕ ਅਤੇ ਧਾਰਮਿਕ ਅੰਦੋਲਨਾਂ ਨੂੰ ਦਸਤਾਵੇਜ਼ ਕੀਤਾ ਹੈ।
ਉਨ੍ਹਾਂ ਕਿਹਾ, “ਪੰਜਾਬ ਦੀ ‘ਚੜ੍ਹਦੀ ਕਲਾ’ ਦੀ ਭਾਵਨਾ ਹੀ ਹੈ ਜੋ ਭਾਰਤੀ ਸਿਨੇਮਾ ਅਤੇ ਹੋਰ ਕਲਾਵਾਂ ਵਿੱਚ ਪੰਜਾਬੀ ਭਾਸ਼ਾ ਦੀ ਮਜ਼ਬੂਤ ਮੌਜੂਦਗੀ ਦਾ ਸਬੱਬ ਬਣੀ ਹੈ।” ਉਨ੍ਹਾਂ ਦੱਸਿਆ ਕਿ ਪੰਜਾਬੀ ਫ਼ਿਲਮ ਉਦਯੋਗ ਇਸ ਵੇਲੇ ਵੱਡੀ ਚੜ੍ਹਤ ਦੇ ਦੌਰ ਵਿੱਚ ਹੈ ਅਤੇ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀ ਪਰਵਾਸੀਆਂ ਨਾਲ ਡੂੰਘੀ ਸਾਂਝ ਪਾ ਰਿਹਾ ਹੈ। ਉਨ੍ਹਾਂ ਸਰਕਾਰ ਦੀ ਸਰਗਰਮ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਨੀਤੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਸਬੰਧਤ ਧਿਰਾਂ ਨੂੰ ਨਵੀਂ ਤਕਨਾਲੋਜੀ ਅਤੇ ਡਿਜੀਟਲ ਮੀਡੀਆ ਦੇ ਮੱਦੇਨਜ਼ਰ ਖੁਦ ਨੂੰ ਅਨੁਕੂਲ ਬਣਾਉਣ ਦੀ ਅਪੀਲ ਕੀਤੀ।
ਰਾਜ ਦੇ ਮਨੋਰੰਜਨ ਖੇਤਰ ਵਿੱਚ ਨਿਵੇਸ਼ ਲਈ ਸੱਦਾ ਦਿੰਦਿਆਂ ਸ੍ਰੀ ਰਾਮਵੀਰ ਨੇ ਭਰੋਸਾ ਦਿਵਾਇਆ ਕਿ ਵਿਭਾਗ ਇਸ ਉਦਯੋਗ ਨੂੰ ਹੁਲਾਰਾ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਪੂਰਾ ਸਹਿਯੋਗ ਦੇਵੇਗਾ।
ਇਸ ਮੌਕੇ ਸਪੀਡ ਰੈਕਰਡਜ਼ ਦੇ ਸੀਈਓ ਦਿਨੇਸ਼ ਔਲਕ,ਓਟੀਟੀ ਚੌਪਾਲ ਦੇ ਐਮਡੀ ਸੰਦੀਪ ਬਾਂਸਲ ਅਤੇ ਪੰਜਾਬ ਫਿਲਮ ਸਿਟੀ ਦੇ ਐਮਡੀ ਇਕਬਾਲ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫ਼ਿਲਮ ਪ੍ਰਮੋਸ਼ਨ ਨੀਤੀ ਲਾਗੂ ਕਰਨ ਲਈ ਧੰਨਵਾਦ ਜਤਾਇਆ। ਉਨ੍ਹਾਂ ਖੁਸ਼ੀ ਜਤਾਈ ਕਿ ਇਹ ਨੀਤੀ ਇੱਕ ਗਤੀਸ਼ੀਲ ਅਤੇ ਆਤਮਨਿਰਭਰ ਅਨੁਕੂਲ ਵਾਤਾਵਰਨ ਤਿਆਰ ਕਰੇਗੀ—ਇੱਕ ਅਜਿਹਾ ਕੇਂਦਰ ਜਿੱਥੇ ਸਿਰਫ਼ ਸਟੂਡੀਓ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਇੱਕ ਹੀ ਥਾਂ ਉਪਲਬਧ ਹੋਣਗੀਆਂ ਅਤੇ ਜਦੋਂ ਕੋਈ ਇੱਥੇ ਆਵੇਗਾ ਤਾਂ ਉਸਨੂੰ ਕਿਸੇ ਹੋਰ ਜਗ੍ਹਾ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਸੂਬਾ ਫ਼ਿਲਮ ਨਿਰਮਾਣ ਅਤੇ ਰਚਨਾਤਮਕ ਉਦਯੋਗ ਦਾ ਵਿਸ਼ਵ ਪੱਧਰੀ ਕੇਂਦਰ ਬਣ ਸਕਦਾ ਹੈ। ਸੰਦੀਪ ਬਾਂਸਲ ਨੇ ਕਿਹਾ ਕਿ ਪੰਜਾਬ ਦਾ ਓਟੀਟੀ ਪਲੈਟਫਾਰਮ ਆਉਣ ਵਾਲੇ 4–5 ਸਾਲਾਂ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੇ ਉਦਯੋਗ ਵਜੋਂ ਵਿਕਸਤ ਹੋਣ ਦੀ ਉਮੀਦ ਹੈ।
light-camera-action-punjab-s-silver-screen-dreams-take-flight-with-ambitious-film-policy
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB