On-The-Pretext-Of-Shiv-Kumar-Batalvi-Gold-Medal-Gurbhajan-Gill

ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਦੇ ਬਹਾਨੇ:-ਗੁਰਭਜਨ ਗਿੱਲ

 ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲਃ ਮੇਰਾ ਪਹਿਲਾ ਸਾਹਿੱਤਕ ਪੁਰਸਕਾਰ ਸੀ।

Jul6,2023 | Narinder Kumar | Ludhiana

ਜ਼ਿੰਦਗੀ ਦਾ ਇਹ ਪਹਿਲਾ ਇਨਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਵਿਤਾ “ਸ਼ੀਸ਼ਾ ਝੂਠ ਬੋਲਦਾ ਹੈ” ਲਿਖਣ ਬਦਲੇ ਮਿਲਿਆ ਤਾਂ ਮੈਨੂੰ ਖੰਭ ਲੱਗ ਗਏ। “ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ” ਅਜਿਹਾ ਆਦਰ ਸੀ ਜੋ ਮੈਨੂੰ ਭਾਰਤ ਦੇ ਉਪ ਰਾ਼ਸ਼ਟਰਪਤੀ ਡਾਃ ਬੀ ਡੀ ਜੱਤੀ ਨੇ  1975 ਵਿੱਚ ਯੂਨੀਵਰਸਿਟੀ ਕਨਵੋਕੇਸ਼ਨ ਮੌਕੇ ਪ੍ਰਦਾਨ ਕੀਤਾ। ਮਈ 1973 ਵਿੱਚ ਸ਼ਿਵ ਕੁਮਾਰ ਸੰਸਾਰ ਛੱਡ ਗਿਆ ਤੇ ਉਸੇ ਸਾਲ ਹੀ ਡਾਃ ਵਿਸ਼ਵ ਨਾਥ ਤਿਵਾੜੀ ਤੇ ਸ਼ਿਵ ਸਨੇਹੀਆਂ ਨੇ ਯੂਨੀਵਰਸਿਟੀ ਤੋਂ ਇਹ ਮੈਡਲ ਸਥਾਪਿਤ ਕਰਵਾ ਲਿਆ। 2ਜੁਲਾਈ ਨੂੰ ਜਦ ਡਾਃ ਤਿਵਾੜੀ ਜੀ ਦਾ ਸਪੁੱਤਰ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਮੈਨੂੰ ਸਰਾਭਾ ਨਗਰ ਗੁਰਦਵਾਰੇ ਵਿੱਚ ਕ ਕ ਬਾਵਾ ਦੀ ਬੇਟੀ ਦੇ ਆਨੰਦ ਕਾਰਜ ਮੌਕੇ ਮਿਲਿਆ ਤਾਂ ਮੈਨੂੰ  ਇਹ ਮੈਡਲ ਚੇਤੇ ਆਇਆ। ਡਾਃ ਤਿਵਾੜੀ ਨੇ ਹੀ ਇਹ ਮੈਡਲ ਲੈਣ ਉਪਰੰਤ ਮੈਨੂੰ ਗਲਵੱਕੜੀ ਚ ਲੈ ਕੇ ਕਿਹਾ ਸੀ, ਬੇਟਾ! ਇਹ ਇਨਾਮ ਮੰਜ਼ਿਲ ਨਹੀਂ ਪਹਿਲਾ ਪੜਾਅ ਹੈ। ਤੁਰਦੇ ਰਹਿਣਾ ਸਿਰਜਣਾ ਦੇ ਮਾਰਗ ਤੇ। ਇਹ ਮੈਡਲ ਆਲ ਇੰਡੀਆ ਇੰਟਰ ਵਰਸਿਟੀ ਕਵਿਤਾ ਸਿਰਜਣ ਮੁਕਾਬਲੇ ਉਪਰੰਤ ਮਿਲਦਾ ਹੈ। ਬਿਨਾ ਨਾਮ ਲਿਖਿਆਂ ਕਾਲਜ ਵੱਲੋ ਪ੍ਰਿੰਸੀਪਲ ਦੇ ਸਰਟੀਫੀਕੇਟ ਸਮੇਤ ਯੂਨੀਵਰਸਿਟੀ ਨੂੰ ਦੋਹਰੇ ਬੰਦ ਲਿਫ਼ਾਫ਼ੇ ਵਿੱਚ ਭੇਜੀ ਜਾਦੀ ਹੈ। ਪੰਜਾਬੀ ਵਿਭਾਗ ਦਾ ਮੁਖੀ ਤਸਦੀਕ ਕਰਦਾ ਹੈ ਕਿ ਇਹ ਵਿਦਿਆਰਥੀ ਦੀ ਮੌਲਿਕ ਰਚਨਾ ਹੈ। ਮੈਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਐੱਮ ਏ ਭਾਗ ਪਹਿਲਾ ਦਾ ਵਿਦਿਆਰਥੀ ਸਾਂ। ਵਿਭਾਗ ਦਾ ਮੁਖੀ ਪਤਾ ਨਹੀਂ ਕਿਉਂ? ਮੁੰਡਿਆਂ ਨਾਲ ਖਾਰ ਖਾਂਦਾ ਸੀ। ਉਸ ਕਵਿਤਾ ਅੱਗੇ ਤੋਰਨ ਤੋਂ ਨਾਂਹ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ। ਕਵਿਤਾ ਭੇਜਣ ਦੀ ਆਖ਼ਰੀ ਤਰੀਕ ਨੇੜੇ ਸੀ। ਅਸੀ ਕੁਝ ਵਿਦਿਆਰਥੀ ਸਿੱਧੇ ਹੀ ਪ੍ਰਿੰਸੀਪਲ ਡਾਃ ਕੇਸਰ ਸਿੰਘ ਕੋਲ ਜਾ ਬਹੁੜੇ ਸ਼ਿਕਾਇਤ ਲੈ ਕੇ। ਪ੍ਰਿੰਸੀਪਲ ਭਾਵੇਂ ਬਹੁਤ ਚੰਗੇ ਸੀ ਪਰ ਸਾਡਾ ਢੰਗ ਸਹੀ ਨਹੀਂ ਸੀ। ਉਦੋਂ ਪਹਿਲੀ ਵਾਰ ਪਤਾ ਲੱਗਾ ਕਿ “ਥਰੂ ਪਰਾਪਰ ਚੈਨਲ “ ਕੀਹ ਹੁੰਦਾ ਹੈ। ਅਸੀਂ ਤਾਂ ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਗਿੱਝੇ ਹੋਏ ਸਾਂ ਕਿ ਹਰ ਗੱਲ ਲਈ ਪ੍ਰਿੰਸੀਪਲ ਸਰਦੂਲ ਸਿੰਘ ਜੀ ਕੋਲ ਜਾ ਵੱਜੋ ਤੇ ਕਹੋ ਕਿ ਸਾਨੂੰ ਪ੍ਰੋਃ ਸ ਪ ਸਿੰਘ ਜੀ ਨੇ ਭੇਜਿਆ ਹੈ। ਕੰਮ ਝੱਟ ਹੋ ਜਾਂਦਾ। ਖ਼ੈਰ ! ਪ੍ਰਿੰਸੀਪਲ ਸਾਹਿਹ ਨੇ ਸਾਡੇ ਵਿਭਾਗੀ ਮੁਖੀ ਨੂੰ ਬੁਲਾ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਵੇਂ ਕਹਿ ਸਕਦਾਂ ਕਿ ਰਚਨਾ ਮੌਲਿਕ ਹੈ? ਮੈਨੂੰ ਬੁਲਾਇਆ ਗਿਆ ਤਾਂ ਮੈਂ ਆਪਣੀ ਕਾਪੀ ਚ ਲਿਖਣ ਮਿਤੀ ਸਮੇਤ ਸਬੂਤ ਪੇਸ਼ ਕਰ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਤਸਦੀਕ ਕਰਵਾ ਕੇ ਕਵਿਤਾ ਆਪਣੇ ਦਸਤਖ਼ਤਾਂ ਸਮੇਤ ਲਫ਼ਾਫ਼ਾ ਬੰਦ ਕਰਕੇ ਯੂਨੀਵਰਸਿਟੀ ਨੂੰ ਭੇਜ ਦਿੱਤੀ। ਸੱਚ ਜਾਣਿਉ! ਮੈਨੂੰ ਲਾਲ ਫੀਤਾ ਸ਼ਾਹੀ ਦੇ ਅਰਥਾਂ ਦਾ ਉਦੋਂ ਪਤਾ ਲੱਗਿਆ। ਇਨਾਮ ਦੀ ਖ਼ਬਰ ਮਿਲੀ ਤਾਂ ਮੈਂ ਮੁਖੀ ਜੀ ਤੋਂ ਆਪਣੇ ਅਪਮਾਨ ਦਾ ਬਦਲਾ ਇੰਜ ਲਿਆ। ਅਖ਼ਬਾਰ ਚ ਖ਼ਬਰ ਲੁਆਈ ਕਿ “ਜੀ ਦੀ ਐੱਨ ਖ਼ਾਲਸਾ ਕਾਲਿਜ ਦੇ ਪੁਰਾਣੇ ਵਿਦਿਆਰਥੀ ਗੁਰਭਜਨ ਗਿੱਲ ਨੂੰ ਇਹ ਮੈਡਲ ਮਿਲਿਆ” ਹੁਣ ਸੋਚਦਾਂ ਕਿ ਇਹ ਕੀ ਨਿਆਣਪੁਣਾ ਸੀ। ਪਰ ਉਦੋਂ ਕਿਹੜਾ ਕਿੜ ਕੱਢਣ ਦੀ ਜਾਚ ਸੀ। ਹੁਣ ਵੀ ਨਹੀ ਆਉਂਦੀ ਅਜੇ। ਇਹ ਇਨਾਮ ਲੈਣ ਦੀ ਮੈਨੂੰ ਬਹੁਤੀ ਜਲੂਣ  ਏਸ ਕਰਕੇ ਵੀ ਹੋ ਰਹੀ ਸੀ ਕਿ 1974 ਵਾਲਾ ਪਹਿਲਾ ਸ਼ਿਵ ਕੁਮਾਰ ਗੋਲਡ ਮੈਡਲ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਦੇ ਵਿਦਿਆਰਥੀ ਤੇ ਅੱਜ ਦੇ ਪੰਜਾਬੀ ਕਵੀ ਜਸਵੰਤ ਹਾਂਸ ਨੂੰ ਮਿਲਿਆ ਹੋਇਆ ਸੀ। ਮੈਂ ਇਹ ਇਨਾਮ ਲੈਣ ਲਈ ਕਾਹਲਾ ਸੀ। ਬਟਾਲੇ ਚ ਦੱਸਣਾ ਚਾਹੁੰਦਾ ਸੀ ਕਿ ਮੈ ਵੀ ਜਸਵੰਤ ਹਾਂਸ ਵਰਗਾ ਹੀ ਹਾਂ। ਬਟਾਲਾ ਮੇਰਾ ਸ਼ਹਿਰ ਜੁ ਸੀ। ਇਥੋਂ ਹੀ ਤਾਂ ਪਹਿਲੀ ਵਾਰ ਲੁਧਿਆਣੇ ਦੀ ਪਹਿਲੀ ਬੱਸ ਫੜੀ ਸੀ 1971 ਵਿੱਚ। ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਸਾਹਿਬ ਡਾਃ ਕੇਸਰ ਸਿੰਘ ਵੱਲੋਂ ਕਵਿਤਾ ਭੇਜਣ ਬਾਦ ਮੈਂ ਨਿਸਚਿੰਤ ਹੋ ਗਿਆ। ਮੇਰੀ ਇਹ ਕਵਿਤਾ “ਸ਼ੀਸ਼ਾ ਝੂਠ ਬੋਲਦਾ ਹੈ” ਸੀ ਜੋ  ਮੈਂ ਬਰੁਤ ਮੌਕਿਆਂ ਤੇ ਸੁਣਾਉਂਦਾ। ਇਸ ਦਾ ਪਹਿਲਾ ਸਰੋਤਾ ਮੇਰਾ ਬੇਲੀ ਸ਼ਮਸ਼ੇਰ ਸਿੰਘ ਸੰਧੂ ਤੇ ਪਾਸ਼ ਸੀ। ਗੌਰਮਿੰਟ ਕਾਲਿਜ ਦੀ ਕੈਨਟੀਨ ਚ ਦੋਹਾਂ ਨੇ ਇਸ ਸ਼ਰਤ ਤੇ ਸੁਣੀ ਸੀ ਕਿ ਪਹਿਲਾਂ ਚੱਹ ਨਾਲ ਸਮੋਸੇ ਖੁਆ। ਦੋਹਾਂ ਦੇ ਚੰਗੀ ਕਹਿਣ ਦੀ ਦੇਰ ਸੀ ਕਿ ਮੈ ਹਰ ਸਾਹਿੱਤਕ ਇਕੱਠ ਚ ਸੁਣਾਉਣ ਲੱਗ ਪਿਆ। 1975 ਵਿੱਚ ਹੀ ਮੈਂ ਪਹਿਲਾ ਕਵੀ ਦਰਬਾਰ ਪਟਿਆਲਾ ਦੇ ਗੌਰਮਿੰਟ ਮਹਿਲਾ ਕਾਲਿਜ ਚ ਪੜ੍ਹਿਆ। ਮੈਂ ਇਥੇ ਅਣਸੱਦਿਆ ਮਹਿਮਾਨ ਸਾਂ। ਡਾਃ ਰਣਧੀਰ ਸਿੰਘ ਚੰਦ ਮੈਨੂੰ ਸਾਥ ਲਈ ਬੱਸ ਚੜ੍ਹਾ ਕੇ ਲੈ ਗਿਆ ਸੀ। ਮੈਨੂੰ ਯਾਦ ਹੈ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਕੀਤੀ ਸੀ। ਕਵੀ ਦਰਬਾਰ ਦੀ ਮੁੱਖ ਪ੍ਰਬੰਧਕ ਪ੍ਰੋਃ ਮਨੋਹਰ ਕੌਰ ਅਰਪਨ ਸੀ, ਨਾਟਕਕਾਰ ਸੁਰਜੀਤ ਸਿੰਘ ਸੇਠੀ ਦੀ ਪਤਨੀ। ਡਾਃ ਸੇਠੀ ਦੇ ਕਹਿਣ ਤੇ ਹੀ ਮੇਰਾ ਨਾਮ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਗਿਆ। ਇਹੀ ਕਵਿਤਾ ਮੈਂ ਇਥੇ ਸੁਣਾਈ। ਬਹੁਤ ਚੰਗੀ ਸੁਣੀ ਗਈ। ਕਵੀ ਦਰਬਾਰ ਚ ਸ਼ਾਮਲ ਡਾਃ ਜਗਤਾਰ ਤੇ ਤ੍ਰੈਲੋਚਨ ਨੇ ਬੜੀ ਸਲਾਹੀ। ਮੈਨੂੰ ਆਪਣਾ ਆਪ ਵੱਡਾ ਵੱਡਾ ਮਹਿਸੂਸ ਹੋਣ ਲੱਗਾ। ਇਹੀ ਕਵਿਤਾ ਸਃ ਰਘੁਬੀਰ ਸਿੰਘ ਸਿਰਜਣਾ ਨੇ ਆਪਣੇ ਮੈਗਜ਼ੀਨ ਸਿਰਜਣਾ ਚ ਛਾਪੀ। ਇਸੇ ਨਾਮ ਦੀ ਮੇਰੀ ਪਹਿਲੀ ਕਿਤਾਬ ਬਣੀ , ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਭਾਈ ਵੀਰ ਸਿੰਘ ਪੁਰਸਕਾਰ ਦਿੱਤਾ। ਮੈਂ ਉਦੋਂ ਲ ਰ ਮ ਕਿਜ ਜਗਰਾਉਂ ਚ ਪੜ੍ਹਾਉਂਦਾ ਹੁੰਦਾ ਸੀ। ਪੁਰਸਕਾਰ ਰਾਸ਼ੀ ਭਾਵੇ ਪੰਜ ਸੌ ਹੀ ਸੀ ਪਰ ਬੜੀ ਵੱਡੀ ਰਕਮ ਲੱਗੀ। ਇਨ੍ਹਾਂ ਪੈਸਿਆੰ ਦੇ ਦੋ ਦੇਸੀ ਪੱਖੇ ਮੇਰੇ ਸਾਂਢੂ ਸਾਹਿਬ ਸਃ ਬਲਦੇਵ ਸਿੰਘ ਨੇ ਆਪਣੇ ਬੇਲੀ ਸਃ ਗੁਰਦੇਵ ਸਿੰਘ ਇੰਡਸਟਰੀ ਇੰਸਪੈਕਟਰ ਦੀ ਸਿਫ਼ਾਰਸ਼ ਨਾਲ ਮੰਗਵਾਏ। ਜਿਸ ਦਿਨ ਕਿਰਾਏ ਦੇ ਮਕਾਨ ਚ ਪੱਖੇ ਲੁਆਏ ਤਾਂ ਸਾਰੀ ਰਾਤ ਪੱਖੇ ਵੱਲ ਹੀ ਵੇਖਦਾ ਰਿਹਾ , ਇਹ ਸੋਚ ਕੇ ਕਿ ਕਿੱਡੀ ਮੌਜ ਹੈ, ਹਵਾ ਪੂਰੇ ਕਮਰੇ ਚ ਘੁੰਮਦੀ ਹੈ। ਪਹਿਲਾਂ ਸਾਡੇ ਕੋਲ ਟੇਬਲ ਫ਼ੇਨ ਸੀ ਓਰੀਐਂਟ ਕੰਪਨੀ ਦਾ। ਚੰਗਾ ਤਾਂ ਬੜਾ ਸੀ, ਘੁੰਮਦਾ ਵੀ ਸੀ ਪਰ ਮੰਜੇ ਦੇ ਦੂਜੇ ਪਾਸੇ ਪਏ ਜੀਅ ਨੂੰ ਹਵਾ ਨਹੀਂ ਸੀ ਲੱਗਦੀ। ਖ਼ੈਰ! ਇਸ ਕਵਿਤਾ ਦੀਆ। ਗੱਲਾਂ ਨਹੀ ਮੁੱਕਣੀਆਂ। ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ, “ਉਇ ਕਦੇ ਗੱਲਾਂ ਵੀ ਮੁੱਕੀਆਂ ਨੇ, ਜਦ ਮੁੱਕਦੈ, ਬੰਦਾ ਹੀ ਮੁੱਕਦੈ। ਮੈਂ ਵੀ ਗੱਲ ਮੁਕਾਵਾਂ, ਮੇਰੀ ਪਹਿਲ ਪਲੇਠੀ ਆਦਰਯੋਗ ਕਵਿਤਾ ਤੁਸੀਂ ਵੀ ਪੜ੍ਹੋ। ਸ਼ੀਸ਼ਾ ਝੂਠ ਬੋਲਦਾ ਹੈ   ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਆਸਾਂ ਵਾਲੇ ਸਾਰੇ ਪੰਛੀ ਬਿਨਾ ਚੋਗਿਉਂ ਮੁੜ ਆਏ ਨੇ ਬਿਨ ਰੁਜ਼ਗਾਰ ਦਫ਼ਤਰੋਂ ਮੁੜ ਗਏ ਕਾਰਡ ਵਾਂਗੂੰ ਵਿੱਥਾਂ ਵਿਰਲਾਂ ਦੇ ਵਿਚ ਆ ਕੇ ਉਲਝ ਗਏ ਨੇ ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਮਹਿਬੂਬਾ ਦਾ ਪੱਤਰ  ਬਲਦੇ ਅੱਖਰਾਂ ਵਾਲਾ ਘਰ ਦਾ ਪਰਛਾਵਾਂ ਪੈਂਦੇ ਹੀ ਇਕ ਦਮ ਅੱਗ ਤੋਂ ਰਾਖ਼ ਬਣ ਗਿਆ ਮੇਰੇ ਮੱਥੇ ਟਹਿਕਣ ਦੀ ਥਾਂ ਦਾਗ਼ ਬਣ ਗਿਆ ਇਹ ਕਿੱਦਾਂ ਦੀ ਸ਼ਾਮ ਕਿ ਸੁਪਨੇ ਮਾਤਮੀਆਂ ਦੇ ਵਾਂਗ ਬਰੂਹਾਂ ਮੱਲ ਬੈਠੇ ਨੇ ਕਾਲੇ ਸਿਆਹ ਚਿਹਰੇ ਲਟਕਾਈ ਵਾਲ ਖਿੰਡਾਈ ਕਿਸਦਾ ਪ੍ਰੇਤ ਡਰਾਵੇ ਦੇ ਦੇ ਘੂਰ ਰਿਹਾ ਹੈ।  ਸ਼ਾਮ ਕਿਹੀ ਹੈ ? ਵੱਸਦਾ ਸ਼ਹਿਰ ਪਰਾਇਆ ਵਾਂਗੂੰ ਜਾਪ ਰਿਹਾ ਹੈ ਸੜਕਾਂ ਨਾਗਣੀਆਂ ਦੇ ਵਾਂਗੂੰ ਦੋ-ਮੂੰਹਾਂ ਤੋਂ ਡੱਸ ਰਹੀਆਂ ਨੇ ਕਿਸ ਪਾਸੇ ਵੱਲ ਜਾਵੇਂਗਾ ? ਕਹਿ ਹੱਸ ਰਹੀਆਂ ਨੇ ਸ਼ਾਮ ਢਲੀ ਹੈ ਘਰ ਵੱਲ ਪਰਤ ਰਹੇ ਨੇ ਲੋਕੀਂ, ਮੋਢਿਆਂ ਉੱਤੇ ਧੌਣ ਟਿਕਾਈ ਕਿਹੜੇ ਨੇ ਇਹ ਬਾਹਾਂ ਵਾਲੇ ਟੁੰਡੇ ਲੋਕੀਂ ? ਰੋਜ਼ ਸਵੇਰੇ ਆਪਣੇ ਪਰਛਾਵੇਂ ਦੇ ਪਿੱਛੇ ਲੱਗ ਤੁਰਦੇ ਨੇ ਸ਼ਾਮ ਢਲਦਿਆਂ ਆਪਣੇ ਪਰਛਾਵੇਂ ਤੋਂ ਡਰ ਕੇ ਅੱਗੇ ਅੱਗੇ ਨੱਸ ਤੁਰਦੇ ਨੇ ਪਤਾ ਨਹੀਂ ਕਿਓਂ ? ਨਿੱਤ ਦਾ ਇਹ ਬੌਣਾ ਜਿਹਾ ਜੀਵਨ ਡਾਇਰੀ ਦੇ ਮੱਥੇ ਤੇ ਮੜ੍ਹ ਕੇ ਮਾਣ ਜਹੇ ਨਾਲ ਹਿੱਕਾਂ ਕੱਢ ਕੇ ਫਿਰ ਤੁਰਦੇ ਨੇ ਮੇਰੇ ਸਿਰ ਤੇ ਇਹ ਕਿੱਦਾਂ ਦੀ ਸ਼ਾਮ ਢਲੀ ਹੈ ਆਪਣੇ ਅੰਦਰ ਝਾਤੀ ਪਾਉਣੋਂ ਡਰ ਲੱਗਦਾ ਹੈ। ਕਿੰਜ ਦਾ ਕੋੜ੍ਹ ਜੋ ਮੇਰੇ ਹੱਡੀਂ ਰਚ ਚੁੱਕਾ ਹੈ ਨਹੀਂ! ਨਹੀਂ ! ਇਹ ਕੋੜ੍ਹ ਮੇਰਾ ਆਪਣਾ ਤਾਂ ਨਹੀਂ ਹੈ ਮੈਂ ਜਿਸ ਤਪਦਿਕ ਮਾਰੀ ਕੌਮ ਦਾ ਵਾਰਿਸ ਬਣਿਆ ਉਸਦੇ ਹੱਥੀਂ ਕੋੜ੍ਹ ਕਈ ਸਦੀਆਂ ਦਾ ਤੁਰਿਆ ਗੰਦੇ ਨਾਵਲ ਬਲਿਊ ਫਿਲਮਾਂ ਤੱਕਦਾ ਬਾਬਲ ਕਿਸੇ ਬੇਟੇ ਤੋਂ ਚੰਗੇ ਚਾਲ-ਚਲਣ ਦੀਆਂ ਯਾਰੋ ਰੀਝਾਂ ਰੱਖਦੈ ਸ਼ਾਮ ਢਲੀ ਹੈ ਮੇਰੇ ਮਿੱਤਰਾਂ ਦੀ ਮਹਿਫ਼ਲ ਅੱਜ ਫੇਰ ਜੁੜੀ ਹੈ। ਆਪੋ ਆਪਣੇ ਰੰਗਲੇ ਬਚਪਨ ਦਾ ਚਰਚਾ ਹੈ ਮੈਨੂੰ ਆਪਣੇ ਬਚਪਨ ਤੋਂ ਅੱਜ ਤੀਕ ਦਾ ਹਰ ਪਲ ਅੱਖ ਵਿਚ ਪਏ ਕਸੀਰਾਂ ਵਾਂਗੂੰ ਤੰਗ ਕਰਦਾ ਹੈ ਮੈਨੂੰ ਕੁਝ ਵੀ ਰੰਗ ਬਰੰਗਾ ਚੇਤਾ ਨਹੀਂ ਹੈ ਮੇਰੀਆਂ ਅੱਖਾਂ ਸਾਹਵੇਂ ਬਾਪੂ ਹੂੰਘ ਰਿਹਾ ਹੈ ਮੇਰੀਆਂ ਅੱਖਾਂ ਸਾਹਵੇਂ ਮਾਂ ਬੀਮਾਰ ਦਾ ਗ਼ਮ ਹੈ ਆਉਂਦੀ ਰਾਤ ਦਾ ਫ਼ਿਕਰ ਤੇ ਅਗਲੇ ਡੰਗ ਦਾ ਝੋਰਾ ਰਹਿ ਰਹਿ ਕੇ ਡੰਗ ਮਾਰ ਰਿਹਾ ਹੈ ਜੇ ਕੋਈ ਪੁੱਛੇ ਮੈਂ ਸਾਰਾ ਦਿਨ ਕੀਹ ਕਰਦਾ ਹਾਂ ਚੁੱਪ ਕਰਕੇ ਫੱਟ ਕਹਿ ਦੇਂਦਾ ਹਾਂ ਥਲ ਵਿਚੋਂ ਮੱਛੀਆਂ ਫੜਦਾ ਹਾਂ। ਕਿੰਜ ਦੀ ਹੈ ਇਹ ਸ਼ਾਮ ਕਿ ਸ਼ੀਸ਼ਾ ਝੂਠ ਬੋਲ ਕੇ ਹੱਸ ਰਿਹਾ ਹੈ ਮੇਰਾ ਖੱਖਰੀ ਚਿਹਰਾ ਚੰਦਰਾ ਅਜੇ ਸਬੂਤਾ ਦੱਸ ਰਿਹਾ ਹੈ । ਮੈਨੂੰ ਮੇਰਾ ਮਨ ਪੁੱਛਦਾ ਹੈ ਤੇਰੇ ਸ਼ਬਦ-ਕੋਸ਼ ਵਿਚ ਖਰ੍ਹਵੇ ਅੱਖ਼ਰਾਂ ਦੀ ਭਰਮਾਰ ਕਿਉਂ ਹੈ ਕਈ ਜਨਮਾਂ ਦੀ ਪੀੜ ਭਟਕਣਾ ਤੇਰੇ ਪੱਲੇ ਆਮ ਕਿਉਂ ਹੈ ? ਆਪਣੇ ਹੀ ਬੋਲਾਂ ਤੇ ਤੇਰਾ ਕਬਜ਼ਾ ਨਹੀਂ ਹੈ। ਤੂੰ ਕਿਉਂ ਐਵੇਂ ਬੋਲ ਵਿਹੂਣਾ ਭਟਕ ਰਿਹਾ ਏਂ ਕਿਉਂ ਆਪਣੇ ਪ੍ਰਛਾਵਿਉਂ ਡਰ ਕੇ ਅੱਧ ਵਿਚਕਾਹੇ ਲਟਕ ਰਿਹਾ ਏਂ ਕਿਉਂ ਚਿੜੀਆਂ ਦੇ ਵਾਂਗੂੰ ਆਪਣੇ ਅਕਸ ਤੇ ਠੂੰਗੇ ਮਾਰ ਰਿਹਾ ਏ ? ਤੇਰਾ ਏਦਾਂ ਸੁੰਨ ਬੈਠੇ ਬਿਲਕੁਲ ਨਹੀਂ ਸਰਨਾ ਆਪਣੇ ਈ ਕੋੜ੍ਹਾਂ ਤੋਂ ਡਰਕੇ ਤੂੰ ਕਿੰਨਾ ਚਿਰ ਅਟਕ ਲਵੇਂਗਾ ? ਇਹ ਬੇਚੈਨੀ ਉਮਰਾ ਭਰਦੀ ਤੂੰ ਕਿੰਨਾ ਚਿਰ ਭਟਕ ਲਵੇਂਗਾ ? ਅਜੇ ਤਾਂ ਗਲ ਵਿਚ ਰੱਸਾ ਪਾਇਆ ਤੂੰ ਕਿੰਨਾ ਚਿਰ ਲਟਕ ਲਵੇਂਗਾ.

On-The-Pretext-Of-Shiv-Kumar-Batalvi-Gold-Medal-Gurbhajan-Gill



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB