cm-bhagwant-singh-mann-s-love-for-hockey-his-invitation-brought-me-to-jalandhar-dutch-hockey-legend-floris-jan-bovelander

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਾਕੀ ਪ੍ਰਤੀ ਪਿਆਰ ਅਤੇ ਉਨ੍ਹਾਂ ਦਾ ਨਿੱਘਾ ਸੱਦਾ ਮੈਨੂੰ ਜਲੰਧਰ ਲੈ ਆਇਆ: ਡੱਚ ਹਾਕੀ ਦਿੱਗਜ ਫਲੋਰਿਸ ਯਾਨ ਬੋਵੇਲੈਂਡਰ

Nov2,2026 | Narinder Kumar | Jalandhar

 
*ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਅਧੂਰੀ : ਫਲੋਰਿਸ ਯਾਨ ਬੋਵੇਲੈਂਡਰ*

*ਹਾਕੀ ਨੂੰ ਦੁਨੀਆਂ ਭਰ ’ਚ ਹਰਮਨਪਿਆਰਾ ਬਣਾਉਣ ਵਿੱਚ ਭਾਰਤ ਦਾ ਯੋਗਦਾਨ ਅਹਿਮ: ਫਲੋਰਿਸ ਯਾਨ ਬੋਵੇਲੈਂਡਰ*

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੱਦੇ ’ਤੇ ਡੱਚ ਹਾਕੀ ਦਿੱਗਜ ਫਲੋਰਿਸ ਯਾਨ ਬੋਵੇਲੈਂਡਰ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਲੰਧਰ ਪੁੱਜੇ*

 
ਡੱਚ ਹਾਕੀ ਦੇ ਦਿੱਗਜ਼ ਖਿਡਾਰੀ ਅਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਤੇ 1990 ਵਿਸ਼ਵ ਕੱਪ ਵਿੱਚ ਸੋਨ ਤਗਮਾ ਜੇਤੂ ਫਲੋਰਿਸ ਯਾਨ ਬੋਵੇਲੈਂਡਰ ਨੇ ਪੰਜਾਬ ਵਿੱਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੇਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਸੱਦੇ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਦੀ ਇਸ ਸਾਲ ਅਪ੍ਰੈਲ ਵਿੱਚ ਨੀਦਰਲੈਂਡ ਫੇਰੀ ਅਤੇ ਹਾਕੀ ਪ੍ਰਤੀ ਉਨ੍ਹਾਂ ਦੇ ਡੂੰਘੇ ਜਨੂੰਨ ਅਤੇ ਪਿਆਰ ਨੂੰ ਵੀ ਯਾਦ ਕੀਤਾ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੌਰਾਨ ਗੱਲਬਾਤ ਕਰਦਿਆਂ ਫਲੋਰਿਸ ਯਾਨ ਬੋਵੇਲੈਂਡਰ ਨੇ ਕਿਹਾ, ‘‘ਮੈਂ ਇਹ ਜਾਣ ਕੇ ਹੈਰਾਨ ਵੀ ਸੀ ਅਤੇ ਮਾਣ ਵੀ ਮਹਿਸੂਸ ਕਰ ਰਿਹਾ ਸਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੈਨੂੰ ਯਾਦ ਰੱਖਿਆ ਅਤੇ ਇਸ ਵੱਕਾਰੀ ਟੂਰਨਾਮੈਂਟ ਦਾ ਹਿੱਸਾ ਬਣਨ ਲਈ ਨਿੱਜੀ ਤੌਰ ’ਤੇ ਸੱਦਾ ਦਿੱਤਾ। ਇਹ ਸੱਦਾ ਹਾਕੀ ਪ੍ਰਤੀ ਮੁੱਖ ਮੰਤਰੀ ਦੇ ਅਥਾਹ ਪਿਆਰ ਦਾ ਸਪੱਸ਼ਟ ਸਬੂਤ ਹੈ ਅਤੇ ਇਸੇ ਕਰਕੇ ਮੈਂ ਜਲੰਧਰ ਆਉਣ ਦਾ ਫੈਸਲਾ ਕੀਤਾ।’’
ਅਕਤੂਬਰ 1985 ਤੋਂ ਅਗਸਤ 1996 ਤੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦੌਰਾਨ ਨੀਦਰਲੈਂਡ ਲਈ 241 ਅੰਤਰਰਾਸ਼ਟਰੀ ਮੈਚ ਖੇਡ ਕੇ ਅਤੇ 215 ਗੋਲ ਕਰਨ ਵਾਲੇ ਮਹਾਨ ‘ਡਰੈਗ ਫਲਿਕਰ’ ਬੋਵੇਲੈਂਡਰ, ਨੇ ਭਾਰਤ ਨੂੰ ਵਿਸ਼ਵ ਹਾਕੀ ਦਾ ਪਾਵਰਹਾਊਸ ਦੱਸਿਆ।
ਓਲੰਪਿਕ ਲਹਿਰ ਵਿੱਚ ਏਸ਼ੀਆਈ ਦੇਸ਼ਾਂ, ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਫਲੋਰਿਸ ਬੋਵੇਲੈਂਡਰ ਨੇ ਦੁਨੀਆ ਭਰ ਵਿੱਚ ਇਸ ਲਹਿਰ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਸਰਾਹਿਆ ।
ਭਾਰਤੀ ਹਾਕੀ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ, ਇਸ ਡੱਚ ਦਿੱਗਜ਼ ਖਿਡਾਰੀ - ਜਿਸਨੂੰ ’ਫਲੌਪ’, ’ਫਲੌਪੀ’ ਅਤੇ ’ਬੂਮ ਬੂਮ ਬੋਵੇਲੈਂਡਰ’ ਵਜੋਂ ਵੀ ਜਾਣਿਆ ਜਾਂਦਾ ਹੈ - ਨੇ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਹਾਕੀ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਹਾਕੀ ਨਾਲ ਜੁੜੀਆਂ ਉਨ੍ਹਾਂ ਦੀਆਂ ਜ਼ਿਆਦਾਤਰ ਯਾਦਾਂ ਪੰਜਾਬ ਦੇ ਖਿਡਾਰੀਆਂ, ਖਾਸ ਕਰਕੇ ਸਿੱਖ ਖਿਡਾਰੀਆਂ ਨਾਲ ਹੀ ਜੁੜੀਆਂ ਹਨ। ਬੋਵੇਲੈਂਡਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਆਪਣੀ ਫੇਰੀ ਦੌਰਾਨ ਫਲੋਰਿਸ ਬੋਵੇਲੈਂਡਰ ਨੇ ਪੰਜਾਬ ਦੇ 37 ਕੋਚਾਂ ਅਤੇ ਪੰਜਾਬ ਸਰਕਾਰ ਦੀ ਦੇਖ-ਰੇਖ ਹੇਠ ਚੱਲ ਰਹੀ ‘ਸੁਰਜੀਤ ਹਾਕੀ ਅਕੈਡਮੀ’ ਦੇ ਉਭਰਦੇ ਹਾਕੀ ਖਿਡਾਰੀਆਂ ਨਾਲ ਇੱਕ ਸਾਂਝੇ ਸਿਖਲਾਈ ਸੈਸ਼ਨ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਖੁਦ ਵੀ ਹਾਕੀ ਸਟਿੱਕ ਫੜ ਕੇ ਹਿੱਟਾਂ ਲਗਾਈਆਂ ਅਤੇ ਖਿਡਾਰੀਆਂ ਤੋਂ ਡਰੈਗ ਫਲਿੱਕਾਂ ਲਗਾ ਕੇ ਵੀ ਵੇਖੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਖੇਡ ਵਿਭਾਗ ਤੋਂ ਓਲੰਪਿਅਨ ਤਮਗਾ ਜੇਤੂ ਗੁਰਜੰਟ ਸਿੰਘ, ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਤੇ ਹਾਕੀ ਕੋਚ ਅਵਤਾਰ ਸਿੰਘ ਵੀ ਮੌਜੂਦ ਸਨ।
ਅਗਲੀ ਪੀੜ੍ਹੀ ਦੇ ਹਾਕੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਫਲੋਰਿਸ ਬੋਵੇਲੈਂਡਰ ਨੇ ਨੌਜਵਾਨ ਸਿਖਿਆਰਥੀਆਂ ਨਾਲ ’ਡਰੈਗ-ਫਲਿੱਕ’ ਸਿਖਲਾਈ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਸ਼ਾਲ ਅੰਤਰਰਾਸ਼ਟਰੀ ਤਜ਼ਰਬੇ ਦੇ ਆਧਾਰ ’ਤੇ ਖੇਡ ਨਾਲ ਜੁੜੇ ਅਹਿਮ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ।
ਪੰਜਾਬ ਦੇ ਖੇਡ ਵਿਭਾਗ ਨੇ ਵੀ ਹਾਕੀ ਦੇ ਇਸ ਮਹਾਨ ਖਿਡਾਰੀ ਨੂੰ ਖੇਡ ਵਿੱਚ ਪਾਏ ਉਸਦੇ  ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ। ਪੰਜਾਬ ਤੋਂ ਮਿਲੇ ਭਰਪੂਰ ਪਿਆਰ ਅਤੇ ਨਿੱਘ ਤੋਂ ਪ੍ਰਭਾਵਿਤ  ਫਲੋਰਿਸ ਜੈਨ ਬੋਵੇਲੈਂਡਰ ਨੇ 4 ਅਤੇ 5 ਨਵੰਬਰ ਨੂੰ ਮੋਹਾਲੀ ਸਥਿਤ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ’ ਵਿਖੇ ਟੂਰਨਾਮੈਂਟ ਦੇ ਅਹਿਮ ਮੈਚਾਂ ਵਿੱਚ ਵੀ ਸ਼ਾਮਲ ਹੋਣ ਦੀ ਵਚਨਬੱਧਤਾ ਪ੍ਰਗਟਾਈ।
———

cm-bhagwant-singh-mann-s-love-for-hockey-his-invitation-brought-me-to-jalandhar-dutch-hockey-legend-floris-jan-bovelander


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com