punjab-politics-crime-educational-news

ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ

Sep16,2022 | MEENU GALHOTRA |

ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਵਿੱਚ ਪੀ.ਏ.ਯੂ. ਦਾ ਯੋਗਦਾਨ ਬੇਮਿਸਾਲ: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲੁਧਿਆਣਾ 16 ਸਤੰਬਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਛੇਵਾਂ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ ਰੌਣੀ, ਪਟਿਆਲਾ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ । ਕਿਸਾਨੀ, ਜਵਾਨੀ ਅਤੇ ਪੌਣ-ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏਂ ਦੇ ਉਦੇਸ਼ ਨਾਲ ਲਗਾਏ ਗਏ ਇਸ ਕਿਸਾਨ ਮੇਲੇ ਵਿੱਚ ਸ਼੍ਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ, ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਉਨ੍ਹਾਂ ਨਾਲ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ, ਡਾ. ਮਨਜੀਤ ਸਿੰਘ ਕੰਗ ਅਤੇ ਡਾ ਬਲਬੀਰ ਸਿੰਘ, ਐਮ ਐਲ ਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏੇ। ਇਸਤੋਂ ਇਲਾਵਾ ਜਿ਼ਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ, ਸ਼੍ਰੀਮਤੀ ਸਾਖਸ਼ੀ ਸਾਹਵੇ ਵੀ ਆਰੰਭਕ ਸੈਸ਼ਨ ਦਾ ਹਿੱਸਾ ਬਣੇ। ਕਿਸਾਨ ਮੇਲੇ ਦਾ ਉਦਘਾਟਨ ਕਰਦਿਆ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਸਾਡੇ ਸੂਬੇ ਦੀ ਰੀੜ ਦੀ ਹੱਡੀ ਹੈ ਅਤੇ ਇਸ ਧਰਤੀ ਦੇ ਮਿਹਨਤਕਸ਼ ਕਿਸਾਨਾਂ ਸਦਕਾਂ ਹੀ ਅਸੀਂ ਅਨਾਜ ਪੱਖੋਂ ਆਤਮ ਨਿਰਭਰ ਹੋਏ ਹਾਂ। ਉਨ੍ਹਾਂ ਕਿਸਾਨਾਂ ਨੂੰ ਨਵੀਆਂ ਲੀਹਾਂ ਤੇ ਚੱਲਣ ਅਤੇ ਨਵੀਆਂ ਤਕਨੀਕਾਂ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਤਕਨੀਕਾਂ ਨੂੰ ਪ੍ਰਯੋਗਸ਼ਾਲਾ ਤੋਂ ਜ਼ਮੀਨ ਤੱਕ ਪਹੁੰਚਾੳਣ ਵਿੱਚ ਪੀਏਯੂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਆਧੁਨਿਕ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਰਵਾਇਤੀ ਚੱਕਰ ਵਿੱਚੋਂ ਨਿਕਲ ਕੇ ਆਧੁਨਿਕ ਖੇਤੀ/ਕੁਦਰਤੀ ਖੇਤੀ ਅਪਨਾਉਣ ਦੀ ਲੋੜ ਨੂੰ ਉਜਾਗਰ ਕੀਤਾ।ਉਨ੍ਹਾਂ ਦੱਸਿਆ ਕਿ ਸਾਡੇ ਗੁਰੂਆਂ ਨੇ ਗੁਰਬਾਣੀ ਵਿੱਚ ਹੀ ਸਾਰੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਹੈ ਅਤੇ ਗੁਰੂਆਂ ਦਾ ਮਾਣ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿਹਾ ਕਿ ਅਤੇ 1995 ਤੋਂ ਕਿਸਾਨ ਮੇਲੇ ਲੱਗ ਰਹੇ ਹਨ ਅਤੇ ਉਹ 10-12 ਸਾਲਾਂ ਤੋਂ ਕਿਸਾਨ ਮੇਲਿਆਂ ਤੇ ਸ਼ਿਰਕਤ ਕਰ ਰਹੇ ਹਨ । ਢਾਈ ਸਾਲ ਬਾਅਦ ਲੱਗ ਰਹੇ ਇਸ ਕਿਸਾਨ ਮੇਲੇ ਵਿੱਚ ਏਨਾ ਇਕੱਠ ਦੇਖ ਕੇ ਉਨ੍ਹਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਸਾਨ ਮੇਲਿਆਂ ਦੇ ਉਦੇਸ਼ ਅਨੁਸਾਰ ਕਿਸਾਨੀ, ਜਵਾਨੀ ਤੇ ਵਾਤਾਵਰਨ ਬਚਾਉਣ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਅਤੇ ਘਰੇਲੂ ਬਗੀਚੀ ਲਗਾ ਕੇ ਘਰ ਦੀਆਂ ਸਬਜ਼ੀਆਂ, ਦੁੱਧ, ਦਾਲਾਂ ਵੱਲ ਤਵੱਜੋਂ ਦੇ ਕੇ ਸਿਹਤਮੰਦ ਰਹਿਣ ਅਤੇ ਬਿਮਾਰੀਆਂ ਤੋਂ ਬਚਣ ਦੀ ਸਲਾਹ ਵੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਤੀ ਖਰਚ ਘਟਾਉਣ ਅਤੇ ਮੰਡੀਕਰਨ ਵੱਲ ਧਿਆਨ ਦੇਣ ਲਈ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਮੀਨ ਦੀ ਘੱਟ ਰਹੀ ਉਪਜਾਊ ਸ਼ਕਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਲੋੜ ਅਨੁਸਾਰ ਖਾਦਾਂ ਅਤੇ ਰਸਾਇਣ ਵਰਤਣ ਦਾ ਸੁਨੇਹਾ ਵੀ ਦਿੱਤਾ।। ਡਾ ਗੋਸਲ ਨੇ ਕਿਹਾ ਕਿ ਕਿਸਾਨੀ ਦਾ ਪੱਧਰ ਉੱਚਾ ਉੱਠੇਗਾ ਤਾਂ ਸਮਾਜ ਦਾ ਵਿਕਾਸ ਆਪਣੇ ਆਪ ਹੀ ਹੋ ਜਾਏਗਾ। ਇਸ ਮੌਕੇ ਬਲਬੀਰ ਸਿੰਘ, ਐਮ ਐਲ ਏ, ਪਟਿਆਲਾ ਨੇ ਕਿਹਾ ਕਿ ਯੂਨੀਵਰਸਿਟੀ ਨਾਲ ਜੁੜ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਤੇ ਜੋ਼ਰ ਦਿੰਦਿਆਂ ਉਨਾਂ ਵੱਖ ਵੱਖ ਇਲਾਕਿਆਂ ਦੇ ਪੌਣ ਪਾਣੀ ਮੁਤਾਬਿਕ ਫ਼ਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਅਤੇ ਪਿੰਡਾਂ ਵਿੱਚ ਲਾਇਬਰ੍ਰੇਰੀਆਂ ਖੋਲਣ/ ਸੈਮੀਨਾਰ ਲਗਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ।ਇਸ ਤੋਂ ਇਲਾਵਾ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਸੰਭਾਲਣ ਲਈ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੀ ਖੁਸ਼ਹਾਲੀ ਲਈ ਕਿਸਾਨਾਂ ਨੂੰ ਸਹਿਕਾਰੀ ਪ੍ਰਣਾਲੀ ਅਪਨਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਡਾ. ਮਨਜੀਤ ਸਿੰਘ ਕੰਗ, ਸਾਬਕਾ ਵਾਈਸ ਚਾਂਸਲਰ, ਪੀਏਯੂ ਨੇ ਦੱਸਿਆ ਕਿ ਕਿਸਾਨ ਮੇਲੇ ਬਹੁਤ ਹੀ ਜਾਣਕਾਰੀ ਭਰਪੂਰ ਸਾਧਨ ਹਨ।ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਅਤੇ ਪੁਰਾਣੀ ਲੀਹਾਂ ਛੱਡ ਕੇ ਨਵੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਪਰਾਲੀ ਸੰਭਾਲਣ, ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨ ਅਤੇ ਖੇਤੀ ਜਾਣਕਾਰੀ ਦਾ ਵੱਧ ਤੋਂ ਵੱਧ ਪਸਾਰ ਕਰਨ ਦੀ ਗੱਲ ਵੀ ਸਾਂਝੀ ਕੀਤੀ। ਸਬਜ਼ੀਆ, ਨਵੇਂ ਬਾਗ ਲਗਾ ਕੇ ਆਮਦਨ ਵਧਾਉਣ ਵੱਲ ਵੀ ਇਸ਼ਾਰਾ ਕੀਤਾ।ਕਿਸਾਨ ਮੇਲਿਆਂ ਤੋਂ ਵੱਧ ਤੋਂ ਵੱਧ ਜਾਣਕਾਰੀ ਦਾ ਲਾਹਾ ਲੈਣ ਤੇ ਵੀ ਜ਼ੋਰ ਦਿੱਤਾ। ਡਾ. ਪੀਪੀ ਐਸ ਪੰਨੂ, ਵਧੀਕ ਨਿਰਦੇਸ਼ਕ ਖੋਜ ਪੀਏਯੂ ਲੁਧਿਆਣਾ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਅਤਿ ਆਧੁਨਿਕ ਖੇਤੀ ਖੋਜਾਂ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਯੂਨੀਵਰਸਿਟੀ ਮਾਹਿਰ ਹਮੇਸ਼ਾ ਕਿਸਾਨਾਂ ਦੇ ਸੁਝਾਵਾਂ ਦੇ ਹਿਸਾਬ ਨਾਲ ਆਪਣੀ ਖੋਜ ਉਲੀਕਦੇ ਹਨ ਅਤੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ, ਖੇਤੀ ਸਮੱਸਿਆਵਾਂ ਨੂੰ ਨਜਿੱਠਣ ਅਤੇ ਕਿਸਾਨਾਂ ਦੀ ਖੇਤੀ ਆਮਦਨ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਘੱਟ ਵਕਫੇ, ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਵੱਲ ਧਿਆਨ ਦੇਣ ਲਈ ਕਿਹਾ। ਆਉਣ ਵਾਲੇ ਸਮੇਂ ਵਿੱਚ ਜਲਵਾਯੂ ਪਰਿਵਰਤਨ ਨੂੰ ਧਿਆਨ ਵਿੱਚ ਰੱਖ ਕੇ ਹੀ ਖੇਤੀ ਧੰਦੇ ਉਲੀਕਣ ਦੀ ਵੀ ਸਲਾਹ ਦਿੱਤੀ। ਆਪਣੇ ਸਵਾਗਤੀ ਭਾਸ਼ਣ ਵਿੱਚ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਸਾਨ ਮੇਲੇ ਵਿੱਚ ਪਹੁੰਚੇ ਸਾਰੇ ਪਤਵੰਤਿਆਂ, ਕਿਸਾਨ ਵੀਰਾਂ ਅਤੇ ਮਾਹਿਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਤੋਂ ਯੂਨੀਵਰਸਿਟੀ ਦੀਆਂ ਵੱਖ-ਵੱਖ ਸਿਫਾਰਸ਼ਾਂ ਅਤੇ ਸਹਾਇਕ ਧੰਦਿਆਂ ਬਾਰੇ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਕਿਸਾਨਾਂ ਨੂੰ ਦੱਸਿਆ । ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਪ੍ਰਫੁੱਲਤ ਕਰਨਾ ਹੀ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ।ਇਸ ਤੋਂ ਇਲਾਵਾ ਬੀਜਾਂ ਦੀ ਉਪਲੱਬਧਤਾ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਾਈਸ ਚਾਂਸਲਰ ਸਾਹਿਬ ਦਾ ਸਵਾਗਤ ਗੁਲਦਸਤਿਆਂ ਨਾਲ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਵੱਲੋਂ ਮੁੱਖ ਮਹਿਮਾਨ ਸ਼੍ਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ, ਪੰਜਾਬ ਸਰਕਾਰ, ਡਾ. ਮਨਜੀਤ ਸਿੰਘ ਕੰਗ ਅਮਨਪ੍ਰੀਤ ਸਿੰਘ ਬਰਾੜ, ਡਾ. ਐਚ.ਐਸ.ਕਲਸੀ, ਡਾ. ਅਜੀਤ ਸਿੰਘ ਗਿੱਲ ਅਤੇ ਡਾ. ਕੁਲਦੀਪ ਸਿੰਘ ਖੋਸਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਬਾਬਾ ਫਰੀਦ ਫਾਊਡੇਸ਼ਨ ਵੱਲੋਂ ਡਾ. ਸਤਿਬੀਰ ਸਿੰਘ ਗੋਸਲ ਦਾ ਸਨਮਾਨ ਕੀਤਾ ਗਿਆ । ਡਾ. ਵਿਪਨ ਕੁਮਾਰ ਰਾਮਪਾਲ ਉਪ-ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਸਮਾਗਮ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਅਤੇ ਸਕਿੱਲ ਡਿਵੈਲਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ ਕੁਲਦੀਪ ਸਿੰਘ ਨੇ ਕੀਤਾ। ਇਸ ਮੇਲੇ ਦੌਰਾਨ ਆਪਣੇ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚ ਡਾ. ਮਨਜੀਤ ਸਿੰਘ ਕੰਗ, ਡਾ. ਅੱਲਾ ਰੰਗ, ਡਾ. ਐਚ ਐਸ ਸੈਣੀ, ਡਾ. ਜੇ ਐਸ ਚੰਦੀ, ਗੀਤਕਾਰ ਸ਼੍ਰੀ ਰਾਮ ਸਿੰਘ ਅਲਬੇਲਾ ਪ੍ਰਮੁੱਖ ਸਨ।ਇਸ ਤੋਂ ਇਲਾਵਾ ਮਹਿਮਾਨਾਂ ਨੂੰ ਯਾਦ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿਚ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।

punjab-politics-crime-educational-news


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com