ਮੁੱਢਲੀ ਪੁੱਛਗਿੱਛ ਮੁਤਾਬਿਕ ਜੱਗੂ ਭਗਵਾਨਪੁਰੀਆ ਨਾਲ ਲਗਾਤਾਰ ਸੰਪਰਕ ਵਿੱਚ ਸੀ ਗ੍ਰਿਫਤਕਾਰ ਕੀਤਾ ਦੋਸ਼ੀ ਮਸੀਹ : ਡੀਜੀਪੀ ਗੌਰਵ ਯਾਦਵ
ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ: ਏ.ਡੀ.ਜੀ.ਪੀ. ਏ.ਜੀ.ਟੀ.ਐਫ. ਪ੍ਰਮੋਦ ਬਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਬਟਾਲਾ ਦੇ ਘੁਮਾਣ ਵਿੱਚ ਹੋਈ ਸਨਸਨੀਖੇਜ਼ ਗੋਲੀਬਾਰੀ ਦੀ ਵਾਰਦਾਤ ਦੇ ਸਬੰਧ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇੱਥੇ ਐਤਵਾਰ ਨੂੰ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨੈਲਸਨ ਮਸੀਹ ਉਰਫ਼ ਸੰਨੀ ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੇ ਪਿੰਡ ਅਠਵਾਲ ਦਾ ਰਹਿਣ ਵਾਲਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਲੰਮਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਕਤਲ, ਇਰਾਦਾ ਕਤਲ, ਡਕੈਤੀ, ਲੁੱਟ-ਖੋਹ ਅਤੇ ਅਸਲਾ ਐਕਟ ਦੀ ਉਲੰਘਣਾ ਸਮੇਤ ਲਗਭਗ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ, 26 ਮਈ, 2025 ਦੀ ਸ਼ਾਮ ਨੂੰ ਬਟਾਲਾ ਦੇ ਪਿੰਡ ਘੁਮਾਣ ਵਿਖੇ, ਘੁਮਾਣ ਤੋਂ ਸ਼੍ਰੀ ਹਰਗੋਬਿੰਦਪੁਰ ਸੜਕ ’ਤੇ ਸਥਿਤ ਪੈਟਰੋਲ ਪੰਪ ਦੇ ਬਾਹਰ ਇੱਕ ਸਨਸਨੀਖੇਜ਼ ਗੋਲੀਕਾਂਡ ਹੋਇਆ ਸੀ, ਜਿਸ ਦੌਰਾਨ ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ ਦੀ ਮੌਤ ਹੋ ਗਈ ਸੀ ਅਤੇ ਬਿੱਲਾ ਮੰਡਿਆਲਾ ਜ਼ਖਮੀ ਹੋ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮਸੀਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਲਗਾਤਾਰ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਭਗਵਾਨਪੁਰੀਆ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ, ਮੁਲਜ਼ਮ ਮਸੀਹ ਨੇ ਗੋਰਾ ਬਰਿਆਰ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀੰ ਭਾਲ ਅਤੇ ਗ੍ਰਿਫਤਾਰੀ ਲਈ ਹੋਰ ਜਾਂਚ ਜਾਰੀ ਹੈ। ਗ੍ਰਿਫ਼ਤਾਰ ਵਿਅਕਤੀ ਨੂੰ ਅਗਲੀ ਕਾਰਵਾਈ ਲਈ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਗੋਰਾ ਬਰਿਆਰ ਕਤਲ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਦੀ ਬਟਾਲਾ ਦੇ ਅਧਿਕਾਰ ਖੇਤਰ ਵਿੱਚ ਮੌਜੂਦਗੀ ਦੀ ਗੁਪਤ ਇਤਲਾਹ ਮਿਲੀ ਸੀ, ਜਿਸ ਤੋਂ ਬਾਅਦ ਏਜੀਟੀਐਫ ਦੀਆਂ ਟੀਮਾਂ ਨੇ ਡੀਐਸਪੀ ਰਾਜਨ ਪਰਮਿੰਦਰ ਦੀ ਨਿਗਰਾਨੀ ਹੇਠ ਬਟਾਲਾ ਪੁਲਿਸ ਦੀ ਟੀਮਾਂ ਨਾਲ ਮਿਲ ਕੇ ਖੁਫੀਆ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਦੋਸ਼ੀ ਵਿਅਕਤੀ ਨੈਲਸਨ ਮਸੀਹ ਨੂੰ ਪਿੰਡ ਸ਼ਾਹਬਾਦ ਨੇੜੇ ਕਾਦੀਆਂ-ਬਟਾਲਾ ਸੜਕ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਏਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਬਟਾਲਾ ਦੇ ਪੁਲਿਸ ਸਟੇਸ਼ਨ ਘੁਮਾਣ ਵਿਖੇ ਬੀਐਨਐਸ ਦੀ ਧਾਰਾ 103, 109, 111 ਅਤੇ 61(2) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ 26.5.25 ਨੂੰ ਐਫਆਈਆਰ 89 ਅਧੀਨ ਕੇਸ ਦਰਜ ਕੀਤਾ ਗਿਆ ਸੀ।
gangster-jaggu-bhagwanpuria-s-associate-involved-in-gora-bariyar-murder-case-arrested-from-batala
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)