“ਰਵਨੀਤ ਬਿੱਟੂ ਸੰਗਰੂਰ ਦਾ ਪੁਲ ਬਣਾਉਣ ਦੀ ਝੂਠੀ ਬਿਆਨਬਾਜ਼ੀ ਕਰਦੇ ਹਨ ਪਰ ਜੱਦੀ ਹਲਕੇ ਦਦੇ ਰੇਲਵੇ ਪੁਲ ਨੂੰ ਅਣਡਿੱਠਾ ਛੱਡਿਆ”
ਦੋਰਾਹਾ ਤੋਂ ਨੀਲੋਂ ਨੂੰ ਜੋੜਦੀ ਇਹ ਪ੍ਰਮੁੱਖ ਸੜਕ ਸਾਲਾਂ ਤੋਂ ਵਿਕਾਸ ਦੀ ਉਡੀਕ ‘ਚ ਖਸਤਾਹਾਲ ਹੋ ਚੁੱਕੀ ਹੈ। ਇਸ ਰੋਡ ‘ਤੇ ਰੇਲਵੇ ਫਾਟਕ ‘ਤੇ ਨਿਰਮਾਣਧੀਨ ਪੁਲ ਦੀ ਮੰਗ ਪਿਛਲੇ ਇੱਕ ਦਹਾਕੇ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ, ਪਰ ਕੇਂਦਰ ਦੀਆਂ ਹਿਕਾਰਤ ਭਰੀ ਨੀਤੀਆਂ ਕਾਰਨ ਇਹ ਪ੍ਰਾਜੈਕਟ ਅਜੇ ਤੱਕ ਧੱਕੇ ਖਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਇਸ ਵਿਸ਼ੇ ਤੇ ਗਹਿਰਾ ਰੋਸ ਜਤਾਉਂਦਿਆਂ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਤਿੱਖੇ ਸ਼ਬਦਾਂ ਵਿੱਚ ਲਲਕਾਰਿਆ। ਉਨ੍ਹਾਂ ਕਿਹਾ ਕਿ “ਬਿੱਟੂ ਪੂਰੇ ਪੰਜਾਬ ਵਿੱਚ ਸਿਰਫ਼ ਝੂਠੇ ਦਾਅਵੇ ਤੇ ਮੰਚਾਂ ਤੋਂ ਘੋਸ਼ਣਾਵਾਂ ਕਰਦੇ ਫਿਰਦੇ ਹਨ। ਸੰਗਰੂਰ ਦਾ ਪੁਲ ਬਣਾਉਣ ਦੀਆਂ ਫੋਟੋਆਂ ਕਰਵਾਈਆਂ ਜਾਂਦੀਆਂ ਹਨ, ਪਰ ਆਪਣੇ ਜੱਦੀ ਹਲਕੇ ਪਾਇਲ-ਦੋਰਾਹਾ ਰੋਡ ਦੀ ਦਰਦਨਾਕ ਹਾਲਤ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ।”
“ਮੋਦੀ ਸਰਕਾਰ ਦੀ ਰੁਕਾਵਟ ਕਾਰਨ ਪੰਜਾਬ ਦੇ ਲੋਕ ਦਰਬਦਰ”
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਪਣੀ ਹਿੱਸਾ ਰਕਮ ਦੇ ਕੇ ਅਤੇ 11 ਨਵੰਬਰ 2024 ਨੂੰ ਐਨ.ਓ.ਸੀ. ਜਾਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਵੀ ਕੇਂਦਰ ਨੇ ਦਿਲਚਸਪੀ ਨਹੀਂ ਲਈ। “ਇਹ ਸਿਰਫ਼ ਰਾਜਨੀਤਿਕ ਅਹੰਕਾਰ ਦਾ ਨਤੀਜਾ ਹੈ ਕਿ ਪੰਜਾਬ ਦਾ ਹਿੱਸਾ ਖਾਸ ਤੌਰ ‘ਤੇ ਮਾਲਵਾ ਖੇਤਰ ਪਿੱਛੇ ਧੱਕਿਆ ਜਾ ਰਿਹਾ ਹੈ,” ਗਿਆਸਪੁਰਾ ਨੇ ਤਿੱਖਾ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਦੋ ਕਿਲੋਮੀਟਰ ਦੀ ਟੁੱਟੀ ਹੋਈ ਸੜਕ ਤੇ ਰੋਜ਼ਾਨਾ ਹਜ਼ਾਰਾਂ ਵਾਹਨ ਚੱਲਦੇ ਹਨ। ਗੱਡੀਆਂ, ਐਂਬੂਲੈਂਸਾਂ, ਸਕੂਲ ਵੈਨਾਂ ਲਈ ਇਹ ਸੜਕ ਮੌਤ ਦਾ ਫਾਟਕ ਬਣੀ ਹੋਈ ਹੈ। “ਜੇ ਇਨ੍ਹਾਂ ਨੇ ਤੁਰੰਤ ਟੈਂਡਰ ਜਾਰੀ ਕਰਕੇ ਨਿਰਮਾਣ ਸ਼ੁਰੂ ਨਾ ਕੀਤਾ, ਤਾਂ ਲੋਕ ਰੇਲਵੇ ਲਾਈਨ ‘ਤੇ ਬੈਠ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ,” ਉਨ੍ਹਾਂ ਖ਼ੁੱਲ੍ਹੀ ਚਿਤਾਵਨੀ ਦਿੱਤੀ।
ਦੋਰਾਹਾ ਵਿੱਚ ਵੱਡਾ ਧਰਨਾ – ਨਾਗਰਿਕਾਂ ਨੇ ਕਿਹਾ “ਅੱਜ ਨਹੀਂ ਤਾਂ ਕਦੋਂ?”
ਇਸ ਮੌਕੇ ਵਿਸ਼ਾਲ ਧਰਨਾ ਹੋਇਆ ਜਿਸ ਵਿੱਚ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਕਾਊਂਸਲਰ ਕੁਲਵੰਤ ਸਿੰਘ, ਰਣਜੀਤ ਸਿੰਘ, ਚੇਅਰਮੈਨ ਬੂਟਾ ਸਿੰਘ ਰਾਣੋਂ, ਚੇਅਰਮੈਨ ਕਰਨ ਸਿਹੋੜਾ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ, ਵਪਾਰੀ ਤੇ ਵੱਡੀ ਗਿਣਤੀ ‘ਚ ਨਾਗਰਿਕ ਮੌਜੂਦ ਰਹੇ। ਲੋਕਾਂ ਨੇ ਬੱਸਾਂ ਤੇ ਰਾਹਗੀਰਾਂ ਨੂੰ ਰੋਕ ਕੇ ਆਪਣਾ ਰੋਸ ਪ੍ਰਗਟਾਇਆ ਤੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਅੰਬਾਲਾ ਤੋਂ ਰੇਲਵੇ ਵਿਭਾਗ ਦੇ ਐਸ.ਏ.ਈ. ਅਮਰਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਭੀੜ ਨੂੰ ਭਰੋਸਾ ਦਿੱਤਾ ਕਿ ਐਨ.ਓ.ਸੀ. ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਅਤਿ ਜਲਦੀ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਕੀਤਾ ਜਾਵੇਗਾ।
ਵਿਧਾਇਕ ਗਿਆਸਪੁਰਾ ਨੇ ਅੰਤ ਵਿੱਚ ਕਿਹਾ, “ਜਨਤਾ ਦੇ ਸਬਰ ਦੀ ਇੰਤੇਹਾ ਹੋ ਚੁੱਕੀ। ਹੁਣ ਇਹ ਪੁਲ ਬਣੇਗਾ ਨਹੀਂ ਤਾਂ ਇਤਿਹਾਸ ਵਿੱਚ ਇਸ ਨੂੰ ਤਰਕ ਨਾਲ ਨਹੀਂ, ਜਨ ਆੰਦੋਲਨ ਨਾਲ ਲਿਖਿਆ ਜਾਵੇਗਾ।”
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)