roopnagar-based-youtube-influencer-arrested-for-leaking-information-to-pakistan-isi

ਰੂਪਨਗਰ-ਅਧਾਰਤ ਯੂਟਿਊਬ ਇਨਫਲੂਐਂਸਰ ਪਾਕਿਸਤਾਨ ਆਈਐਸਆਈ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ

Jun4,2025 | Narinder Kumar | Rajpura/chandigarh

—ਪੀ.ਆਈ.ਓ. ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਸੀ ਦੋਸ਼ੀ ਜਸਬੀਰ ਉਰਫ਼ ਜਾਨ ਮਾਹਲ, ਫੌਜ ਦੀ ਤਾਇਨਾਤੀ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਕਰਦਾ ਸੀ ਸਾਂਝੀ : ਡੀਜੀਪੀ ਗੌਰਵ ਯਾਦਵ

— ਬਰਾਮਦ ਕੀਤੇ ਮੋਬਾਈਲ ਚੋ ਮਿਲੇ 150 ਪਾਕਿਸਤਾਨੀ ਸੰਪਰਕ ; ਮਿਟਾਇਆ ਗਿਆ ਡੇਟਾ ਕੀਤਾ ਜਾ ਰਿਹਾ ਹੈ ਰਿਕਵਰ: ਏਆਈਜੀ ਐਸਐਸਓਸੀ ਰਵਜੋਤ ਗਰੇਵਾਲ


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਰਾਸ਼ਟਰੀ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਕਰਨ ਵਾਲੇ ਜਾਸੂਸੀ ਨੈੱਟਵਰਕਾਂ ਵਿਰੁੱਧ ਮਹੱਤਵਪੂਰਨ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਐਸ.ਏ.ਐਸ. ਨਗਰ, ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਯੂਟਿਊਬ ਇਨਫਲੂਐਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਉਰਫ਼ ਜਾਨ ਮਾਹਲ (41) ਵਾਸੀ ਪਿੰਡ ਮਾਹਲਾਂ ਰੂਪਨਗਰ ਵਜੋਂ ਹੋਈ ਹੈ। ਉਕਤ ਦੋਸ਼ੀ 11 ਲੱਖ ਤੋਂ ਵੱਧ ਸਬਸਕ੍ਰਾਈਬਰਾਂ ਵਾਲਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਜੋ ‘‘ਜਾਨ ਮਾਹਲ ਵੀਡੀਓ’’ ਨਾਮ ਦਾ ਯੂਟਿਊਬ ਚੈਨਲ ਚਲਾ ਰਿਹਾ ਸੀ , ਜਿਥੇ ਸਫਰਨਾਮਿਆਂ ਅਤੇ ਖਾਣਾ ਪਕਾਉਣ ਸਬੰਧੀ ਵਲੌਗ ਪੋਸਟ ਕੀਤੇ ਜਾਂਦੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਜਸਬੀਰ ਸਿੰਘ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵ (ਪੀਆਈਓ) ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਹੈ, ਜੋ ਕਿ ਇੱਕ ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਦੇ ਹਰਿਆਣਾ ਸਥਿਤ ਯੂਟਿਊਬਰ ਜੋਤੀ ਮਲਹੋਤਰਾ — ਜਿਸਨੂੰ ਹਰਿਆਣਾ ਪੁਲਿਸ ਨੇ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਿੱਧੇ ਸੰਪਰਕ ਸਨ।

ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦਾਨਿਸ਼ ਦੇ ਸੱਦੇ ’ਤੇ ਦੋਸ਼ੀ ਜਸਬੀਰ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਾਮਲ ਹੋਇਆ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਦੋਸ਼ੀ 2020, 2021 ਅਤੇ 2024 ਤਿੰਨ ਵਾਰ ਪਾਕਿਸਤਾਨ ਵੀ ਗਿਆ , ਅਤੇ ਆਈਐਸਆਈ ਅਧਿਕਾਰੀਆਂ ਦੇ ਸਿੱਧੇ ਸੰਪਰਕ ਵਿੱਚ ਆਇਆ ਸੀ, ਜਿਨ੍ਹਾਂ ਨੇ ਬਾਅਦ ਵਿੱਚ ਉਸਨੂੰ ਭਾਰਤ ਵਿੱਚ ਜਾਸੂਸੀ ਗਤੀਵਿਧੀਆਂ ਕਰਨ ਲਈ ਭਰਤੀ ਕੀਤਾ।

ਡੀਜੀਪੀ ਨੇ ਕਿਹਾ ਕਿ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਦੋਸ਼ੀ ਜਸਬੀਰ ਨੇ ਫੜੇ ਜਾਣ ਤੋਂ ਬਚਣ ਲਈ ਇਨ੍ਹਾਂ ਪੀਆਈਓਜ਼ ਨਾਲ ਆਪਣੇ ਸੰਚਾਰ ਦੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਵਿਆਪਕ ਜਾਸੂਸੀ-ਅੱਤਵਾਦੀ ਨੈੱਟਵਰਕ ਨੂੰ ਖਤਮ ਕਰਨ ਅਤੇ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਐਸਐਸਓਸੀ ਐਸਏਐਸ ਨਗਰ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਜਸਬੀਰ ਸਿੰਘ ਉਰਫ਼ ਜਾਨ ਮਾਹਲ, ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟਾਂ ਸਮੇਤ ਕਈ ਪਾਕਿਸਤਾਨੀ ਸੰਸਥਾਵਾਂ ਦੇ ਸੰਪਰਕ ਵਿੱਚ ਹੈ ਅਤੇ ਭਾਰਤੀ ਫੌਜ ਦੀ ਤਾਇਨਾਤੀ ਅਤੇ ਦੇਸ਼ ਦੀਆਂ ਹੋਰ ਅੰਦਰੂਨੀ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਐਸ.ਐਸ.ਓ.ਸੀ. ਐਸਏਐਸ ਨਗਰ ਦੀਆਂ ਟੀਮਾਂ ਨੇ ਇੰਟੈਲੀਜੈਂਸ-ਅਧਾਰਤ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸ਼ੱਕੀ ਨੂੰ ਉਸਦੇ ਮੋਬਾਈਲ ਡਿਵਾਈਸ ਸਮੇਤ ਗ੍ਰਿਫਤਾਰ ਕਰ ਲਿਆ ।

ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਫੋਰੈਂਸਿਕ ਜਾਂਚ ਤੋਂ ਲਗਭਗ 150 ਪਾਕਿਸਤਾਨੀ ਸੰਪਰਕ ਮਿਲੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਆਈਐਸਆਈ ਏਜੰਟਾਂ, ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਮੋਬਾਈਲ ਨੰਬਰ ਸ਼ਾਮਲ ਹਨ।

ਏਆਈਜੀ ਨੇ ਕਿਹਾ ਕਿ ਆਪਣੇ ਬਾਰੇ ਜਾਣਕਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਵਿੱਚ, ਦੋਸ਼ੀ ਨੇ ਆਪਣੇ ਮੋਬਾਈਲ ਫੋਨ ਤੋਂ ਚੈਟ, ਸੰਪਰਕ ਰਿਕਾਰਡ ਅਤੇ ਪਾਕਿਸਤਾਨੀ ਖੁਫੀਆ ਹੈਂਡਲਰਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਸਮੇਤ ਮਹੱਤਵਪੂਰਨ ਡਿਜੀਟਲ ਸਬੂਤ ਮਿਟਾ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਵੱਲੋਂ ਮਿਟਾਇਆ ਗਿਆ ਡੇਟਾ ਅਤੇ ਲੀਕ ਕੀਤੀ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਲਈ ਤਕਨੀਕੀ ਰਿਕਵਰੀ ਅਤੇ ਫੋਰੈਂਸਿਕ ਜਾਂਚ ਜਾਰੀ ਹੈ।

ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਜਸਬੀਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਭਾਰਤੀ ਫੌਜ ਦੀਆਂ ਗਤੀਵਿਧੀਆਂ ਅਤੇ ਤਾਇਨਾਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੀ ਕਰਨ ਲਈ ਕੀਤੀ ਸੀ।

ਏ.ਆਈ.ਜੀ. ਨੇ ਕਿਹਾ ਕਿ ਦੋਸ਼ੀ ਜਸਬੀਰ ਦੀ, ਸਾਲ 2024 ਵਿੱਚ ਪਾਕਿਸਤਾਨ ਦੂਤਾਵਾਸ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਰਾਹੀਂ ਜੋਤੀ ਮਲਹੋਤਰਾ ਨਾਲ ਜਾਣ-ਪਛਾਣ ਹੋਈ ਸੀ। ਜਸਬੀਰ ਅਤੇ ਜੋਤੀ ਦੋਵੇਂ ਇਕੱਠੇ ਪਾਕਿਸਤਾਨ ਵੀ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਸੰਭਾਵੀ ਸਾਥੀਆਂ, ਡਿਜੀਟਲ ਸੰਚਾਰ ਵਿਧੀਆਂ ਅਤੇ ਵਿਦੇਸ਼ੀ ਸਬੰਧਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਜਿਕਰਯੋਗ ਹੈ ਕਿ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸਏਐਸ ਨਗਰ ਵਿਖੇ ਬੀਐਨਐਸ ਦੀ ਧਾਰਾ 152 ਅਤੇ 61(2) ਅਤੇ ਆਫੀਸ਼ੀਅਲ ਸੀਕਰਟ ਐਕਟ ਦੀ ਧਾਰਾ 3, 4 ਅਤੇ 5 ਦੇ ਤਹਿਤ 03/06/2025 ਨੂੰ ਕੇਸ ਦਰਜ ਕੀਤਾ ਗਿਆ ਹੈ।

roopnagar-based-youtube-influencer-arrested-for-leaking-information-to-pakistan-isi


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com