ਮੋਹਾਲੀ ਸਾਈਬਰ ਪੁਲੀਸ ਨੇ ਭਾਰਤ ਵਿੱਚ ਆਨਲਾਈਨ ਠੱਗੀ ਵਿਰੁੱਧ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਠੱਗ ਗਿਰੋਹ ਨੂੰ ਕਾਬੂ ਕੀਤਾ ਹੈ। ਮੁਹਾਲੀ ਪੁਲੀਸ ਦੇ ਸਾਈਬਰ ਸੈਲ ਵਲੋਂ ਸੂਚਨਾ ਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜਿਲ੍ਹੇ ਵਿੱਚ ਛਾਪੇਮਾਰੀ ਕਰਕੇ ਬੀਤੀ 18 ਜਨਵਰੀ ਨੂੰ ਬੀ. ਐਨ. ਐਸ. ਦੀ ਧਾਰਾ 318(4), 61 (2) ਅਤੇ ਆਈ.ਟੀ. ਐਕਟ. ਦੀ ਧਾਰਾ 66 ਤਹਿਤ ਥਾਣਾ ਸਾਇਬਰ ਕਰਾਇਮ ਵਿੱਚ ਦਰਜ ਹੋਏ ਮਾਮਲੇ ਵਿੱਚ ਲੋੜੀਂਦੇ ਨਾਈਜੀਰੀਆ ਦੇ 7 ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਇਕ ਮਕਾਨ ਵਿੱਚ ਇੱਕ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸਨ।
ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਅਧੀਨ ਡੀ.ਐਸ.ਪੀ. ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਚਲਾਈ ਗਈ ਜਾਂਚ ਮੁਹਿੰਮ ਦੌਰਾਨ ਸਾਈਬਰ ਪੁਲੀਸ ਟੀਮ ਨੇ ਉੱਚ ਤਕਨੀਕੀ ਜੰਤਰਾਂ ਦੀ ਵਰਤੋਂ ਕਰਕੇ ਠੱਗਾਂ ਦੀ ਪਛਾਣ ਕੀਤੀ ਅਤੇ ਵਧੀਆ ਰਣਨੀਤੀ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਯੂ. ਪੀ. ਦੇ ਗੌਤਮ ਬੁੱਧ ਨਗਰ ਵਿੱਚ ਸਥਿਤ ਇਕ ਕਿਰਾਏ ਦੇ ਮਕਾਨ ਵਿੱਚ ਠੱਗਾਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਵਿਦੇਸ਼ੀ ਨਾਗਰਿਕਾਂ ਨਾਲ ਜਾਅਲੀ ਦੋਸਤੀ ਕਰਕੇ ਉਨ੍ਹਾਂ ਨੂੰ ਠੱਗਣ ਦਾ ਕਾਲ ਸੈਂਟਰ ਚਲਾਇਆ ਹੋਇਆ ਸੀ ਜਿੱਥੇ ਪੁਲੀਸ ਨੇ ਛਾਪੇਮਾਰੀ ਕਰਕੇ ਇਹ ਕਾਲ ਸੈਂਟਰ ਬੰਦ ਕਰਵਾਇਆ ਅਤੇ ਵਿਦੇਸ਼ੀ ਮੁਲਜਮਾਂ ਨੂੰ ਕਾਬੂ ਕੀਤਾ।
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਮ੍ਹਣੇ ਆਇਆ ਹੈ ਕਿ ਵਿਦੇਸ਼ੀ ਨਾਗਰਿਕ ਨਕਲੀ ਫੇਸਬੁੱਕ, ਇੰਸਟਾਗ੍ਰਾਮ ਅਕਾਉਂਟ ਰਾਹੀਂ ਦੋਸਤੀ ਕਰਕੇ ਵਿਦੇਸ਼ੀ ਤੋਹਫ਼ਿਆਂ ਦੇ ਲਾਲਚ ਵਿੱਚ ਭਾਰਤੀ ਵਿਦੇਸ਼ੀ ਲੋਕਾਂ ਨੂੰ ਫਸਾਉਂਦੇ ਸਨ। ਤੋਹਫ਼ਿਆਂ ਦੀ ਡਿਲੀਵਰੀ ਦੇ ਨਾਂ ਤੇ ਕਸਟਮ ਜਾਂ ਟੈਕਸ ਦੀ ਰਕਮ ਵਜੋਂ ਪੈਸੇ ਮੰਗੇ ਜਾਂਦੇ ਸਨ। ਉਹਨਾਂ ਦੱਸਿਆ ਕਿ ਇਹ ਲੋਕ ਜਿਆਦਾਤਰ ਵਿਆਹੇ ਹੋਏ ਮਰਦ ਅਤੇ ਔਰਤਾਂ ਨਾਲ ਪਹਿਲਾਂ ਦੋਸਤੀ ਕਰਦੇ ਸਨ ਅਤੇ ਬਾਅਦ ਵਿੱਚ ਉਹਨਾਂ ਦੇ ਪਤੀ,ਪਤਨੀ ਨੂੰ ਇਸ ਬਾਰੇ ਦੱਸਣ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ ਪੈਸੇ ਮੰਗਦੇ ਸਨ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ 79 ਸਮਾਰਟਫੋਨ, 2 ਲੈਪਟਾਪ, 02 ਮੈਕਬੁੱਕ, 99 ਵਿਦੇਸ਼ੀ ਅਤੇ ਭਾਰਤੀ ਸਿਮ ਕਾਰਡ ਅਤੇ 31 ਫਰਜੀ ਬੈਂਕ ਖਾਤਿਆਂ ਦੇ ਰਿਕਾਰਡ ਬਰਾਮਦ ਕੀਤੇ ਗਏ ਹਨ। ਬਰਾਮਦ ਸਮਾਨ ਦੀ ਕੁੱਲ ਕੀਮਤ ਕਰੀਬ 30 ਲੱਖ ਰੁਪਏ ਹੈ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਮ੍ਹਣੇ ਆਇਆ ਹੈ ਕਿ ਇਸ ਗਿਰੋਹ ਵਲੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ 350 ਤੋਂ ਵੱਧ ਲੋਕ ਠੱਗੇ ਗਏ ਹਨ ਅਤੇ ਕਰੀਬ 15 ਕਰੋੜ ਰੁਪਏ ਦੀ ਠੱਗੀ ਹੋਣ ਦੀ ਪੁਸ਼ਟੀ ਹੋਈ ਹੈ।
mohali-cyber-police-arrests-7-foreign-thugs-in-up-raids
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)