-fast-track-portal-will-bring-industrial-revolution-in-punjab-now-ease-of-doing-business-is-not-a-promise-but-a-guarantee-arvind-kejriwal

"ਫਾਸਟ ਟਰੈਕ ਪੋਰਟਲ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਏਗਾ: ਹੁਣ 'ਕਾਰੋਬਾਰ ਕਰਨ ਵਿੱਚ ਸੌਖ' ਕੋਈ ਵਾਅਦਾ ਨਹੀਂ, ਸਗੋਂ ਗਰੰਟੀ: ਅਰਵਿੰਦ ਕੇਜਰੀਵਾਲ

Jun11,2025 | Narinder Kumar | Sas Nagar (mohali)

* ਮੁੱਖ ਮੰਤਰੀ ਮਾਨ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ - ਫਾਸਟ ਟਰੈਕ ਪੋਰਟਲ ਦਾ ਫਾਇਦਾ ਉਠਾਓ ਅਤੇ ਪੰਜਾਬ ਨੂੰ ਭਾਰਤ ਦੀ ਅਗਲੀ ਉਦਯੋਗਿਕ ਸ਼ਕਤੀ ਬਣਾਓ

* "ਸਿਰਫ਼ ਤਿੰਨ ਸਾਲਾਂ ਵਿੱਚ ਅਸੀਂ ਸਾਰਿਆਂ ਲਈ ਭਲਾਈ ਅਤੇ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਬਣਾਇਆ ਹੈ": ਮੁੱਖ ਮੰਤਰੀ ਭਗਵੰਤ ਮਾਨ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਨੂੰ ਦੇਸ਼ ਦੇ ਉਦਯੋਗਿਕ ਹੱਬ ਵਜੋਂ ਉਭਾਰਨ ਵਾਸਤੇ ਉਦਯੋਗਪਤੀਆਂ ਨੂੰ ਫਾਸਟਟ੍ਰੈਕ ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਾਸਟਟ੍ਰੈਕ ਪੰਜਾਬ ਪੋਰਟਲ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਪ੍ਰਵਾਨਗੀਆਂ ਦੇਣਾ ਯਕੀਨੀ ਬਣਾਏਗਾ ਅਤੇ ਇਹ ਉਦਯੋਗਿਕ ਮਾਡਲ ਸ਼ਾਸਨ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਦੁਹਰਾਇਆ ਕਿ ਇਹ ਸੁਧਾਰਾਂ ਦੀ ਲੜੀ ਵਿੱਚ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਹਨ, ਜਿੱਥੇ ਕਾਰੋਬਾਰ ਕਰਨ ਲਈ ਸੁਖਾਵਾਂ ਮਾਹੌਲ ਇੱਕ ਨਾਅਰਾ ਨਾ ਰਹਿ ਕੇ ਇੱਥੋਂ ਦਾ ਸੱਭਿਆਚਾਰ ਬਣ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਿੰਮਤੀਆਂ ਅਤੇ ਉੱਦਮੀਆਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਉਸੇ ਭਾਵਨਾ ਨਾਲ ਭਾਰਤ ਦੇ ਉਦਯੋਗਿਕ ਪੁਨਰ-ਉਥਾਨ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਦਯੋਗਪਤੀਆਂ ਨੂੰ ਏ.ਟੀ.ਐਮ. ਮੰਨਿਆ ਜਾਂਦਾ ਸੀ, ਜੋ ਸਿਰਫ਼ ਚੋਣਾਂ ਦੌਰਾਨ ਫੰਡ ਦਿੰਦੇ ਸਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਉਦਯੋਗਪਤੀ ਸਿਰਫ਼ ਆਪਣੇ ਕੰਮ ਕਰਵਾਉਣ ਦੇ ਅਧਿਕਾਰ ਲਈ ਰਵਾਇਤੀ ਪਾਰਟੀਆਂ ਨੂੰ ਫੰਡ ਦਿੰਦੇ ਸਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਉਦਯੋਗਪਤੀਆਂ ਦੀ ਸਹੂਲਤ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਵਿਲੱਖਣ ਕਲਰ ਕੋਡ ਵਾਲੇ ਸਟੈਂਪ ਪੇਪਰ ਸ਼ੁਰੂ ਕੀਤੇ ਹਨ ਤਾਂ ਜੋ ਸੂਬੇ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਲਈ ਉੱਦਮੀਆਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾ ਸਕੇ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਇਨਕਲਾਬੀ ਕਦਮ ਦਾ ਉਦੇਸ਼ ਸੂਬੇ ਵਿੱਚ ਆਪਣੀਆਂ ਯੂਨਿਟਾਂ ਸਥਾਪਤ ਕਰਨ ਦੇ ਚਾਹਵਾਨ ਉੱਦਮੀਆਂ ਲਈ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਉਦਯੋਗਪਤੀ ਜੋ ਸੂਬੇ ਵਿੱਚ ਆਪਣੀ ਉਦਯੋਗਿਕ ਇਕਾਈ ਸਥਾਪਤ ਕਰਨ ਦਾ ਇੱਛੁਕ ਹੈ, ਉਹ ‘ਇਨਵੈਸਟ ਪੰਜਾਬ’ ਪੋਰਟਲ ਤੋਂ ਇਹ ਵਿਲੱਖਣ ਕਲਰ ਕੋਡ ਵਾਲਾ ਸਟੈਂਪ ਪੇਪਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਆਪਣੀ ਇਕਾਈ ਸਥਾਪਤ ਕਰਨ ਲਈ ਸੀ.ਐਲ.ਯੂ., ਜੰਗਲਾਤ, ਪ੍ਰਦੂਸ਼ਣ, ਫਾਇਰ ਬ੍ਰਿਗੇਡ ਅਤੇ ਹੋਰ ਪ੍ਰਵਾਨਗੀਆਂ ਪ੍ਰਾਪਤ ਕਰਨ ਵਾਸਤੇ ਸਿਰਫ਼ ਇਹ ਸਿੰਗਲ ਸਟੈਂਪ ਪੇਪਰ ਖਰੀਦ ਕੇ ਲੋੜੀਂਦੀਆਂ ਵੱਖ-ਵੱਖ ਫ਼ੀਸਾਂ ਦਾ ਭੁਗਤਾਨ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਸਟੈਂਪ ਪੇਪਰ ਖਰੀਦਣ ਤੋਂ ਬਾਅਦ ਉਦਯੋਗਪਤੀ ਨੂੰ ਆਪਣੀ ਇਕਾਈ ਸਥਾਪਤ ਕਰਨ ਲਈ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਦੇਸ਼ ਦੇ ਕਈ ਹੋਰ ਸੂਬੇ ਵੀ ਇਸੇ ਰਣਨੀਤੀ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀ ਲੋੜ ਅਨੁਸਾਰ ਅਤੇ ਉਨ੍ਹਾਂ ਦੀ ਸਹੂਲਤ ਲਈ ਉਦਯੋਗਾਂ ਲਈ ਨੀਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੇ ਸੂਬਾ ਸਰਕਾਰ ਤੋਂ ਜੋ ਵੀ ਮੰਗ ਕੀਤੀ ਹੈ, ਉਹ ਉਦਯੋਗਾਂ ਦੀ ਸਹੂਲਤ ਲਈ ਜਲਦੀ ਤੋਂ ਜਲਦੀ ਪ੍ਰਦਾਨ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਸਮੇਂ ਦੀ ਲੋੜ ਵੀ ਹੈ ਅਤੇ ਇਸ ਦਾ ਉਦੇਸ਼ ਪੰਜਾਬ ਨੂੰ ਇੱਕ ਉਦਯੋਗਿਕ ਹੱਬ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇੱਕ ਅਜਿਹੀ ਪ੍ਰਣਾਲੀ ਵਿਰਾਸਤ ਵਿੱਚ ਮਿਲੀ ਸੀ, ਜਿਸ ਤਹਿਤ ਉਦਯੋਗ ਸੂਬੇ ਤੋਂ ਦੂਜੇ ਸੂਬਿਆਂ ਨੂੰ ਭੱਜ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਚੱਲ ਰਹੀ ਜਬਰੀ ਵਸੂਲੀ ਪ੍ਰਣਾਲੀ ਤੋਂ ਉਦਯੋਗ ਤੰਗ ਆ ਚੁੱਕੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਦਯੋਗਪਤੀਆਂ ਨੂੰ ਉਦਯੋਗ-ਪੱਖੀ ਮਾਹੌਲ ਦੇ ਨਾਲ-ਨਾਲ ਚੰਗੀ ਕਾਨੂੰਨ ਵਿਵਸਥਾ ਦੀ ਸਥਿਤੀ ਪ੍ਰਦਾਨ ਕਰ ਕੇ ਉਨ੍ਹਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦੇਸ਼ ਦੀ ਸਭ ਤੋਂ ਵਧੀਆ ਕਾਨੂੰਨ ਵਿਵਸਥਾ ਹੈ, ਜਿਸ ਕਾਰਨ ਵੱਡੇ ਪੱਧਰ 'ਤੇ ਉਦਯੋਗ ਸੂਬੇ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਸ ਸਥਿਤੀ ਦੇ ਉਲਟ ਹੈ, ਜਦੋਂ ਪਿਛਲੀਆਂ ਸਰਕਾਰਾਂ ਦੌਰਾਨ ਆਗੂ ਉੱਦਮਾਂ ਵਿੱਚ ਹਿੱਸੇਦਾਰੀ ਦੀ ਮੰਗ ਕਰਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਬੈਠੇ ਸਿਆਸੀ ਪਰਿਵਾਰਾਂ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਂਦੇ ਸਨ ਪਰ ਹੁਣ ਇਹ ਸਮਝੌਤੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਜਾਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਸੂਬੇ ਵਿੱਚ ਅਜਿਹੇ ਸੰਮੇਲਨ ਹੁੰਦੇ ਰਹੇ ਹਨ ਪਰ ਪੰਜਾਬ ਨੂੰ ਕਦੇ ਵੀ ਇਸ ਦਾ ਲਾਭ ਨਹੀਂ ਮਿਲਿਆ ਕਿਉਂਕਿ ਆਗੂ ਆਪਣੇ ਨਿੱਜੀ ਹਿੱਤਾਂ ਲਈ ਦਿਲਚਸਪੀ ਰੱਖਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਸੋਚ ਇੰਨੀ ਮਾੜੀ ਸੀ ਕਿ ਇੱਥੇ ਲਗਾਏ ਗਏ ਸਜਾਵਟੀ ਰੁੱਖਾਂ ਨੂੰ ਉਦਯੋਗਪਤੀਆਂ ਦੇ ਸਵਾਗਤ ਲਈ ਉਹ ਉਖਾੜ ਕੇ ਪਿੰਡ ਬਾਦਲ ਲੈ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕਦੇ ਵੀ ਸਮਾਜ ਦੇ ਕਿਸੇ ਵੀ ਵਰਗ ਦੀ ਭਲਾਈ ਦੀ ਪਰਵਾਹ ਨਹੀਂ ਸੀ, ਸਗੋਂ ਉਨ੍ਹਾਂ ਨੇ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀ ਸਹੂਲਤ ਲਈ ਸਿੰਗਲ ਵਿੰਡੋ ਅਤੇ ਸਿੰਗਲ ਪੈੱਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਹ ਖੁੱਲ੍ਹ ਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਉਦਯੋਗਪਤੀ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਦੇ ਹਨ, ਜਿਸ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਦੇ ਵਿਕਾਸ ਅਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੇ ਉਲਟ ਕੋਈ ਵੀ ਉਦਯੋਗਪਤੀਆਂ ਨੂੰ ਪਰੇਸ਼ਾਨ ਨਹੀਂ ਕਰੇਗਾ, ਸਗੋਂ ਸੂਬਾ ਸਰਕਾਰ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਾਂ ਨੂੰ ਸਹੂਲਤ ਦੇਣ ਲਈ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਨ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਅਸਲ ਉਤਸ਼ਾਹ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਮੌਜੂਦਾ ਉਦਯੋਗਿਕ ਇਕਾਈਆਂ ਦੀ ਸੁਰੱਖਿਆ, ਪ੍ਰਚਾਰ ਅਤੇ ਵਿਸਥਾਰ ਲਈ ਠੋਸ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਉਦਯੋਗਾਂ ਨੇ ਵਿਸ਼ਵ ਭਰ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਦੇ ਹੱਥਾਂ ਵਿੱਚ ਟਿਫਿਨ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਨਸ਼ਿਆਂ ਦੇ ਖ਼ਤਰੇ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਮੰਨਿਆ ਜਾਂਦਾ ਹੈ, ਇਸ ਲਈ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਤਾਂ ਜੋ ਉਹ ਸਮਾਜਿਕ ਖ਼ਤਰਿਆਂ ਦਾ ਸ਼ਿਕਾਰ ਨਾ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਅਨੇਕਾਂ ਸਮਾਜਿਕ ਸਮੱਸਿਆਵਾਂ ਦੀ ਜੜ੍ਹ ਹੈ, ਜਿਸ ਕਾਰਨ ਸੂਬਾ ਸਰਕਾਰ ਉਦਯੋਗੀਕਰਨ ਨੂੰ ਉਤਸ਼ਾਹਿਤ ਕਰ ਕੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਹੋਰ ਵੀ ਮੌਜੂਦ ਸਨ।

-fast-track-portal-will-bring-industrial-revolution-in-punjab-now-ease-of-doing-business-is-not-a-promise-but-a-guarantee-arvind-kejriwal


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com