punjab-is-moving-towards-making-tehsils-corruption-free-chief-minister

ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਵਧ ਰਿਹਾ ਹੈ ਪੰਜਾਬ: ਮੁੱਖ ਮੰਤਰੀ

Jun9,2025 | Narinder Kumar | Chandigarh

• ਜਿਹੜੇ ਲੋਕ ਸੋਚਦੇ ਸਨ ਕਿ ਉਨ੍ਹਾਂ ਕੋਲ ਲੁੱਟ ਦਾ ਦੈਵੀ ਅਧਿਕਾਰ ਹੈ, ਉਹ ਹੁਣ ਗ਼ੈਰ ਪ੍ਰਸੰਗਕ ਹੋਏ

• ਪਟਿਆਲਾ ਦੇ ਸ਼ਾਸਕ ਸਿਰਫ਼ ਆਪਣੇ ਵਿਕਾਸ ਲਈ ਪ੍ਰੇਸ਼ਾਨ ਸਨ

• ਅਕਾਲੀਆਂ ਵੱਲੋਂ ਆਪਣੇ ਸਵਾਰਥਾਂ ਲਈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨ ਦੀ ਨਿੰਦਾ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਭਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲ ਕੰਪਲੈਕਸ ਭ੍ਰਿਸ਼ਟਾਚਾਰ ਮੁਕਤ ਹੋਣ ਵੱਲ ਵਧ ਰਹੇ ਹਨ।

ਇੱਥੇ ਨਵੇਂ ਬਣੇ ਤਹਿਸੀਲ ਕੰਪਲੈਕਸ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਮਾਲ ਅਧਿਕਾਰੀ ਸੋਚਦੇ ਸਨ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਰਾਹੀਂ ਲੋਕਾਂ ਨੂੰ ਲੁੱਟਣ ਦਾ ਦੈਵੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਛੋਟੇ-ਮੋਟੇ ਕੰਮਾਂ ਲਈ ਵੀ ਪ੍ਰੇਸ਼ਾਨ ਕਰਦੇ ਸਨ ਅਤੇ ਜੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਕੰਮ ਵਿੱਚ ਅਡਿੱਕਾ ਡਾਹੁਣ ਦੀ ਧਮਕੀ ਦਿੰਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਹੈ, ਜਿਸ ਕਾਰਨ ਸੂਬਾ ਸਰਕਾਰ ਨੇ ਇਸ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਭਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲ ਕੰਪਲੈਕਸ ਭ੍ਰਿਸ਼ਟਾਚਾਰ ਮੁਕਤ ਹੋਣ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀ ਸਮੂਹਿਕ ਛੁੱਟੀਆਂ ਜਾਂ ਹੜਤਾਲਾਂ ਦੇ ਬਹਾਨੇ ਆਮ ਆਦਮੀ ਨੂੰ ਪ੍ਰੇਸ਼ਾਨ ਕਰਦੇ ਸਨ ਪਰ ਸੂਬਾ ਸਰਕਾਰ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਅੱਗੇ ਨਹੀਂ ਝੁਕੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ` ਸਰਕਾਰ ਭ੍ਰਿਸ਼ਟਾਚਾਰ ਨਾਲ ਬਿਲਕੁੱਲ ਲਿਹਾਜ਼ ਨਾ ਵਰਤਣ ਦੀ ਨੀਤੀ ਰੱਖਦੀ ਹੈ ਅਤੇ ਇਨ੍ਹਾਂ ਅਧਿਕਾਰੀਆਂ ਦੀ ਬਲੈਕਮੇਲਿੰਗ ਬਰਦਾਸ਼ਤ ਨਹੀਂ ਕੀਤੀ ਗਈ ਅਤੇ ਭ੍ਰਿਸ਼ਟ ਤੇ ਹੰਕਾਰੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਸਖ਼ਤੀ ਨਾਲ ਨਜਿੱਠਿਆ ਗਿਆ ਕਿਉਂਕਿ ਉਹ ਭ੍ਰਿਸ਼ਟਾਚਾਰ ਦਾ ਲਾਇਸੈਂਸ ਲੈਣਾ ਚਾਹੁੰਦੇ ਸਨ, ਜਿਸ ਦੀ ਕਿਸੇ ਵੀ ਕੀਮਤ `ਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਭ੍ਰਿਸ਼ਟ ਤਹਿਸੀਲਦਾਰਾਂ ਨੂੰ ਭ੍ਰਿਸ਼ਟਾਚਾਰ ਦੀ ਪੂਰੀ ਲੜੀ ਤੋੜਨ ਲਈ ਇਕ ਅਹੁਦੇ ਤੋਂ ਦੂਜੇ ਅਹੁਦੇ `ਤੇ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਭ੍ਰਿਸ਼ਟਾਚਾਰ ਦੀ ਕੈਂਸਰ ਦੀ ਘਾਤਕ ਬਿਮਾਰੀ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਕੀਮੋਥੈਰੇਪੀ (ਸਖ਼ਤ ਕਾਰਵਾਈ) ਹੀ ਇਸ ਦਾ ਇਕੋ-ਇਕ ਇਲਾਜ ਹੋ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਜ਼ਮੀਨੀ ਡੀਡਾਂ ਦੀ ਰਜਿਸਟ੍ਰੇਸ਼ਨ ਸੁਖਾਲੀ ਕਰ ਦਿੱਤੀ ਹੈ, ਜੋ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਦੀ ਹੈ, ਪ੍ਰਾਈਵੇਟ ਵਸੀਕਾ ਨਵੀਸਾਂ `ਤੇ ਨਿਰਭਰਤਾ ਘਟਾਉਂਦੀ ਹੈ ਅਤੇ ਨਾਗਰਿਕਾਂ ਨੂੰ ਆਪਣੇ ਲੈਣ-ਦੇਣ ਨੂੰ ਆਪਣੇ ਪੱਧਰ ਉਤੇ ਕਰਨ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਹੁਣ ਭੁਗਤਾਨ ਲਈ ਬੈਂਕਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਨਲਾਈਨ ਏਕੀਕ੍ਰਿਤ ਭੁਗਤਾਨ ਪ੍ਰਣਾਲੀ ਸਾਰੀਆਂ ਲੋੜੀਂਦੀਆਂ ਫੀਸਾਂ ਜਿਵੇਂ ਕਿ ਅਸ਼ਟਾਮ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸਾਂ ਇਕ ਸਿੰਗਲ ਡਿਜੀਟਲ ਲੈਣ-ਦੇਣ ਵਿੱਚ ਅਦਾ ਕਰਨ ਦੀ ਆਗਿਆ ਦਿੰਦੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਹ ਪ੍ਰਣਾਲੀ ਡਿਮਾਂਡ ਡਰਾਫ਼ਟ ਜਾਂ ਨਕਦੀ ਪ੍ਰਬੰਧਨ ਦੀ ਜ਼ਰੂਰਤ ਨੂੰ ਖ਼ਤਮ ਕਰਦੀ ਹੋਈ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਨਤੀਜਾ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਈ ਹੈ। ਇਸ ਨੇਕ ਕਾਰਜ ਲਈ ਪੰਜਾਬੀਆਂ ਤੋਂ ਪੂਰਨ ਸਹਿਯੋਗ ਅਤੇ ਦਿਲੋਂ ਸਮਰਥਨ ਦੀ ਮੰਗ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੁਹਿੰਮ ਨੂੰ ਸਫ਼ਲ ਬਣਾਉਣਾ ਬਹੁਤ ਜ਼ਰੂਰੀ ਹੈ।

ਪਟਿਆਲਾ ਦੇ ਸ਼ਾਹੀ ਪਰਿਵਾਰ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਦੇ ਆਲੇ-ਦੁਆਲੇ ਦਾ ਇਲਾਕਾ ਪੁਰਾਣੇ ਸੱਤਾਧਾਰੀਆਂ ਦੇ ਸੌੜੇ ਹਿੱਤਾਂ ਅਤੇ ਲਾਲਚ ਕਾਰਨ ਵਿਕਾਸ ਪੱਖੋਂ ਪਛੜ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਨੇ ਸ਼ਹਿਰ ਦੀ ਬਦਹਾਲੀ ਦੀ ਕੀਮਤ ਉੱਤੇ ਆਪਣੇ ਮਹਿਲ ਉਸਾਰੇ। ਉਨ੍ਹਾਂ ਕਿਹਾ ਕਿ ਇਹ ਹਾਸੋਹੀਣਾ ਹੈ ਕਿ ਸੱਤਾ ਵਿੱਚ ਬੈਠੇ ‘ਮਹਾਰਾਜਾ ਸ਼ਹਿਰ ਦੇ ਵਿਕਾਸ ਨਾਲੋਂ ਆਪਣੇ ਵਿਕਾਸ ਬਾਰੇ ਜ਼ਿਆਦਾ ਚਿੰਤਤ ਸਨ। ਭਗਵੰਤ ਮਾਨ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪਟਿਆਲਾ ਤੋਂ ਆਏ ਪੰਜਾਬ ਦੇ ਸ਼ਾਸਕ ਸ਼ਹਿਰ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦੇ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਤੋਂ ਖਾਰ ਖਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਘਰਾਂ ਤੋਂ ਉੱਠ ਕੇ ਕੋਈ ਵਿਅਕਤੀ ਸੂਬੇ ਦੀ ਸੱਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਰੁਖ਼ ਕਾਰਨ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਿਆਣੇ ਅਤੇ ਬਹਾਦਰ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ ਅਤੇ ‘ਆਪ` ਨੂੰ ਭਾਰੀ ਬਹੁਮਤ ਦਿੱਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵਿਕਾਸ ਨਵੀਆਂ ਬੁਲੰਦੀਆ ਛੂਹ ਰਿਹਾ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਇਕ ਇਮਾਨਦਾਰ ਸਰਕਾਰ ਚੁਣੀ ਹੈ, ਜੋ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਭ੍ਰਿਸ਼ਟ ਅਤੇ ਮੌਕਾਪ੍ਰਸਤ ਆਗੂਆਂ ਨੂੰ ਚੁਣਨਾ ਪੈਂਦਾ ਸੀ, ਜੋ ਉਨ੍ਹਾਂ ਦਾ ਇੱਕੋ-ਇਕ ਵਿਕਲਪ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਆਮ ਲੋਕਾਂ ਲਈ ਨਾਗਰਿਕ ਕੇਂਦਰਿਤ ਸੇਵਾਵਾਂ ਦੀ ਸੁਚਾਰੂ ਅਤੇ ਨਿਰਵਿਘਨ ਡਿਲੀਵਰੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਅਕਾਲੀ ਆਗੂਆਂ ਨੇ ਪੈਸੇ ਦੇ ਲਾਲਚ ਕਾਰਨ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਸਿਰਫ਼ ‘ਸ਼਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਲਈ ਆਪਣੀ ਸਿਆਸੀ ਸ਼ਕਤੀ ਦੀ ਦੁਰਵਰਤੋਂ ਕੀਤੀ, ਜਿਸ ਵਿੱਚ ਆਪਣੇ ਨਿੱਜੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਵਿੱਚ ਹੇਰਾਫੇਰੀ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿੱਤੀ ਲਾਲਚ ਕਾਰਨ ਅਕਾਲੀਆਂ ਨੇ ਐਸ.ਜੀ.ਪੀ.ਸੀ. ਦੀ ਪਵਿੱਤਰਤਾ ਨੂੰ ਢਾਹ ਲਗਾਈ ਹੈ ਅਤੇ ਸੌੜੇ ਸਿਆਸੀ ਹਿੱਤਾਂ ਲਈ ਐਸ.ਜੀ.ਪੀ.ਸੀ. ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਦੀ ਦੁਰਵਰਤੋਂ ਕੀਤੀ ਹੈ।

ਮੁੱਖ ਮੰਤਰੀ ਨੇ ਔਰਤਾਂ ਨੂੰ ਅੱਗੇ ਆ ਕੇ ਸਿਆਸਤ ਵਿੱਚ ਹਿੱਸਾ ਲੈਣ ਲਈ ਕਿਹਾ ਤਾਂ ਜੋ ਉਹ ਫੈਸਲਾ ਲੈਣ ਤੇ ਨੀਤੀਆਂ ਘੜਨ ਵਿੱਚ ਸਰਗਰਮ ਭਾਈਵਾਲ ਬਣ ਸਕਣ ਅਤੇ ਸਮਾਜ ਵਿੱਚ ਅਤਿ ਲੋੜੀਂਦਾ ਬਦਲਾਅ ਲਿਆ ਸਕਣ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ ਪਰ ਸਿਆਸਤ ਵਿੱਚ ਅਜੇ ਵੀ ਉਨ੍ਹਾਂ ਨੇ ਨਾਮਣਾ ਨਹੀਂ ਖੱਟਿਆ। ਉਨ੍ਹਾਂ ਕਿਹਾ ਕਿ ਸਿਆਸੀ ਖੇਤਰ ਨੂੰ ਪਹਿਲਾਂ ਮਰਦਾਂ ਦੀ ਜਗੀਰ ਮੰਨਿਆ ਜਾਂਦਾ ਸੀ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਔਰਤਾਂ ਨੂੰ ਇਸ ਖੇਤਰ ਵਿੱਚ ਵੀ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸਮਾਜ ਅਤੇ ਸੂਬੇ ਦੇ ਵਡੇਰੇ ਹਿੱਤ ਲਈ ਇਸ ਖੇਤਰ ਵਿੱਚ ਔਰਤਾਂ ਦੀ ਭਾਈਵਾਲੀ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ 54000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਤੋਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ `ਤੇ ਦਿੱਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਨੌਜਵਾਨ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣ ਰਹੇ ਹਨ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।

punjab-is-moving-towards-making-tehsils-corruption-free-chief-minister


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com