ਲੋਕ ਹੁਣ ਨਸ਼ਾ ਤਸਕਰਾਂ ਵਿਰੁੱਧ ਖੜ੍ਹੇ ਹੋ ਰਹੇ ਹਨ, ਪਿੰਡ ਨਸ਼ਾ ਮੁਕਤੀ ਲਈ 100 ਫੀਸਦੀ ਯਤਨਸ਼ੀਲ : ਤਰੁਨਪ੍ਰੀਤ ਸਿੰਘ ਸੌਂਦ
ਸੂਬੇ ਦੀ ਤਰੱਕੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਰੰਗਲਾ ਪੰਜਾਬ ਜਲਦੀ ਹੀ ਹਕੀਕਤ ਬਣੇਗਾ
ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ
ਕੈਬਨਿਟ ਮੰਤਰੀ ਨੇ ਹਲਕਾ ਖੰਨਾ ਦੇ ਪਿੰਡ ਜਟਾਣਾ ਦੇ ਦੋਨਾਂ ਛੱਪੜਾਂ ਦੀ ਸਫਾਈ ਅਤੇ ਖੇਡ ਮੈਦਾਨ ਤਿਆਰ ਕਰਵਾਉਣ ਦਾ ਕੀਤਾ ਐਲਾਨ
ਮੰਤਰੀ ਸੌਂਦ ਨੇ ਪਿੰਡ ਜਟਾਣਾ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਪਿੰਡ ਜਟਾਣਾ ਨੂੰ ਆਉਣ ਵਾਲੀ ਸੜਕ ਬਨਾਉਣ ਦਾ ਕੀਤਾ ਐਲਾਨ
ਹਲਕਾ ਖੰਨਾ ਦੇ ਪਿੰਡ ਜਸਪਾਲੋਂ, ਚੱਕ ਸਰਾਏ ਅਤੇ ਜਟਾਣਾ ਵਿਖੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਚੁਕਾਈ ਗਈ ਸਹੁੰ
ਨਸ਼ਾ ਮੁਕਤੀ ਯਾਤਰਾ ਤਹਿਤ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡਾਂ ਵਿੱਚ ਨਸ਼ਿਆਂ ਦੇ ਖਿਲਾਫ ਕਰਵਾਏ ਗਏ ਜਾਗਰੂਕਤਾ ਸਮਾਗਮਾਂ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾ ਸਿਰਫ਼ ਨਸ਼ਾ ਵੇਚਣ ਵਾਲਿਆਂ ਨੂੰ ਸਰਪ੍ਰਸਤੀ ਦਿੱਤੀ, ਸਗੋਂ ਉਹ ਖ਼ੁਦ ਆਪਣੀਆਂ ਗੱਡੀਆਂ ਵਿੱਚ ਇਹ ਕਾਰੋਬਾਰ ਚਲਾਉਂਦੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਸ਼ਿਆਂ ਦੇ ਖ਼ਤਰੇ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਇਹ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਖ਼ਤਰੇ ਦਾ ਸ਼ਿਕਾਰ ਨਹੀਂ ਹੋਣ ਦੇਵੇਗੀ। ਸੌਂਦ ਨੇ ਕਿਹਾ ਕਿ ਹੁਣ ਪਿੰਡ ਨਸ਼ਾ ਮੁਕਤ ਹੋ ਰਹੇ ਹਨ ਕਿਉਂਕਿ ਸੂਬੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਹਰ ਪਿੰਡ ਨੂੰ ਇਸ ਅਹਿਮ ਪ੍ਰੋਗਰਾਮ ਅਧੀਨ ਲਿਆਂਦਾ ਜਾ ਰਿਹਾ ਹੈ।
ਐਤਵਾਰ ਨੂੰ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਵਿਧਾਨ ਸਭਾ ਹਲਕਾ ਖੰਨਾ ਦੇ ਪਿੰਡ ਜਸਪਾਲੋਂ, ਚੱਕ ਸਰਾਏ ਅਤੇ ਜਟਾਣਾ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨਾਲ ਨਸ਼ਿਆਂ ਖ਼ਿਲਾਫ਼ ਜਾਗਰੂਕਤਾਂ ਮੀਟਿੰਗ/ਸਮਾਗਮ ਕੀਤੇ ਗਏ। ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ, ਸਰਪੰਚ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਦੱਸ ਕੇ ਬਹੁਤ ਖ਼ੁਸ਼ੀ ਹੋਈ ਹੋ ਰਹੀ ਹੈ ਕਿ ਨਸ਼ੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ, ਜਿਸ ਲਈ ਪੰਜਾਬ ਪੁਲਿਸ ਨੂੰ ਥਾਪੜਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਇਹ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦਾ ਸਮਕਾਲੀ ਭਾਰਤੀ ਇਤਿਹਾਸ ਵਿੱਚ ਕੋਈ ਸਾਨੀ ਨਹੀਂ ਹੈ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਨਸ਼ੇ ਦੇ ਪੈਸੇ ਨਾਲ ਬਣੀਆਂ ਜਾਇਦਾਦਾਂ ਨੂੰ ਬੁਲਡੋਜ਼ਰਾਂ ਨੇ ਢਾਹ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੀੜ੍ਹੀਆਂ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਨੂੰ ਪਾਪਾਂ ਦੀ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਇਨ੍ਹਾਂ ਆਗੂਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਅਤੇ ਇਸ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਆਮ ਆਦਮੀ ਨੂੰ ਰਾਹਤ ਦੇਣ ਦੇ ਇਸ ਕਾਰਜ ਲਈ ਵਚਨਬੱਧ ਹੈ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਰੰਗਲਾ ਪੰਜਾਬ ਜਲਦੀ ਹੀ ਹਕੀਕਤ ਬਣੇਗਾ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਰਹੀ ਹੈ, ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਰਹੀਆਂ ਹਨ, 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਮੋਹਰੀ ਬਣ ਕੇ ਉਭਰੇਗਾ ਅਤੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਹੋਵੇਗਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿੰਡਾਂ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸਾਰੇ ਹੀ ਵਰਗ, ਇਸ ਸਮਾਜਕ ਬੁਰਾਈ ਦੇ ਖਾਤਮੇ ਲਈ ਵਧ ਚੜ੍ਹ ਕੇ ਅੱਗੇ ਆ ਰਹੇ ਹਨ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰ ਕੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਲੋਕਾਂ ਦੇ ਇਲਾਜ ਤੇ ਪੁਨਰਵਾਸ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਵੱਲੋਂ ਇਸ ਮੌਕੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਾਈ ਗਈ, ਜਿਸ ਤਹਿਤ ਇਹ ਸੰਕਲਪ ਲਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਨਾਗਰਿਕ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ ਅਤੇ ਨਸ਼ਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵੇਗਾ। ਹੁਣ ਨਾ ਕੋਈ ਨਸ਼ਾ ਵਿਕੇਗਾ, ਨਾ ਕੋਈ ਤਸਕਰ ਪਿੰਡ ਵਿੱਚ ਵੜੇਗਾ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹਲਕਾ ਖੰਨਾ ਦੇ ਪਿੰਡ ਜਟਾਣਾ ਦੇ ਦੋਨਾਂ ਛੱਪੜਾਂ ਦੀ ਸਫਾਈ ਦਾ ਕੰਮ ਕੱਲ੍ਹ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹਨਾਂ ਛੱਪੜਾਂ ਦਾ ਪਾਣੀ ਕਢਵਾ ਕੇ, ਜੇ.ਬੀ.ਸੀ ਮਸ਼ੀਨਾਂ ਨਾਲ ਗਾਰ ਕੱਢੀ ਜਾਵੇਗੀ ਅਤੇ ਇਹਨਾਂ ਛੱਪੜਾਂ ਦੀ ਸਾਰੀ ਵਾਲ ਦੀ ਲਾਈਨਿੰਗ ਕੀਤੀ ਜਾਵੇਗੀ ਤਾਂ ਜੋ ਗੰਦੇ ਪਾਣੀ ਦੀ ਸਮੱਸਿਆ ਨੂੰ ਸਦਾ ਲਈ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਪਿੰਡ ਜਟਾਣਾ ਦੇ ਨੌਜਵਾਨਾਂ ਦੇ ਖੇਡਣ ਲਈ 1 ਏਕੜ ਵਿੱਚ ਖੇਡ ਮੈਦਾਨ ਤਿਆਰ ਕਰਕੇ ਦੇਣ ਦਾ ਵੀ ਐਲਾਨ ਕੀਤਾ। ਸੌਂਦ ਨੇ ਕਿਹਾ ਪੰਜਾਬ ਸਰਕਾਰ ਕੁੱਲ 18,944 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅੱਪਗ੍ਰੇਡੇਸ਼ਨ ਕਰਨ ਜਾ ਰਹੀ ਹੈ। ਵਿੱਤੀ ਸਾਲ 2025-26 ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਅੱਪਗ੍ਰੇਡੇਸ਼ਨ ਲਈ 2,873 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਿਸ ਦੇ ਤਹਿਤ ਪਿੰਡ ਜਟਾਣਾ ਨੂੰ ਆਉਣ ਵਾਲੀ ਸੜਕ ਬਣਾਈ ਜਾਵੇਗੀ। ਇਸ ਤੋਂ ਇਲਾਵਾ ਮੰਤਰੀ ਸੌਂਦ ਨੇ ਪਿੰਡ ਜਟਾਣਾ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਹਲਕਾ ਖੰਨਾ ਤੋਂ ਕੋਆਰਡੀਨੇਟਰ ਪਰਮਪ੍ਰੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਿਹਾਤੀ ਸ੍ਰੀ ਅਵਤਾਰ ਸਿੰਘ, ਓ.ਐਸ.ਡੀ ਕਰਨ ਅਰੋੜਾ ਤੋਂ ਇਲਾਵਾ ਵਿਲੇਜ ਡਿਫੈਂਸ ਕਮੇਟੀ ਮੈਂਬਰ, ਪਿੰਡਾਂ ਦੇ ਪੰਚ, ਸਰਪੰਚ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)