ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸ਼ਾਨਦਾਰ ਅਦਾਕਾਰ ਤੋਂ ਵਾਂਝੇ ਹੋਏ: ਡਾ. ਗੋਸਲ
ਉੱਘੇ ਹਾਸ ਕਲਾਕਾਰ ਅਤੇ ਪੰਜਾਬੀ ਫਿਲਮਾਂ ਵਿਚ ਵੱਖਰੀ ਪਛਾਣ ਸਥਾਪਿਤ ਕਰਨ ਵਾਲੇ ਅਦਾਕਾਰ ਡਾ. ਜਸਵਿੰਦਰ ਭੱਲਾ ਅੱਜ ਇਸ ਦੁਨੀਆਂ ਨੂੰ ਵਿਦਾ ਆਖ ਗਏ। ਡਾ. ਭੱਲਾ ਪੰਜਾਬੀ ਸੱਭਿਆਚਾਰਕ ਕਲਾ ਦੇ ਨੁਮਾਇੰਦੇ ਹੋਣ ਦੇ ਨਾਲ-ਨਾਲ ਖੇਤੀ ਪਸਾਰ ਸਿੱਖਿਆ ਦੇ ਨਾਮਵਰ ਵਿਗਿਆਨੀ ਅਤੇ ਪੀ.ਏ.ਯੂ. ਦੇ ਸਾਬਕਾ ਮਾਹਿਰ ਵੀ ਸਨ।
ਇਸ ਮੌਕੇ ਇਕ ਸ਼ੋਕ ਸਭਾ ਦਾ ਆਯੋਜਨ ਅੱਜ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਹੋਇਆ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਸਮੇਤ ਅਧਿਆਪਕ, ਗੈਰ ਅਧਿਆਪਕ ਅਮਲੇ ਅਤੇ ਸਮੂਹ ਮੁਲਾਜ਼ਮਾਂ ਨੇ ਆਪਣੇ ਇਸ ਵਿਛੜੇ ਸਾਥੀ ਨੂੰ ਭਾਵਪੂਰਤ ਤਰੀਕੇ ਨਾਲ ਯਾਦ ਕੀਤਾ। ਡਾ. ਗੋਸਲ ਨੇ ਇਸ ਮੌਕੇ ਹੰਝੂਆਂ ਭਿੱਜੇ ਬੋਲਾਂ ਨਾਲ ਡਾ. ਜਸਵਿੰਦਰ ਭੱਲਾ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਕ ਸ਼ਾਨਦਾਰ ਅਦਾਕਾਰ ਅਤੇ ਬਿਹਤਰੀਨ ਮਨੁੱਖ ਤੋਂ ਵਾਂਝਿਆਂ ਹੋ ਗਈ ਹੈ। ਉਹਨਾਂ ਡਾ. ਭੱਲਾ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਕਿਹਾ ਕਿ ਵਿਸ਼ਵ ਪੱਧਰ ਤੇ ਵਿਲੱਖਣ ਪਛਾਣ ਰੱਖਣ ਵਾਲਾ ਇਹ ਅਦਾਕਾਰ ਪੀ.ਏ.ਯੂ. ਨਾਲ ਦਿਲੋਂ ਮੁਹੱਬਤ ਵਾਲਾ ਰਿਸ਼ਤਾ ਰੱਖਦਾ ਸੀ। ਡਾ. ਭੱਲਾ ਕਿਸਾਨ ਮੇਲਿਆਂ ਅਤੇ ਹੋਰ ਜਨਤਕ ਸਮੂਹਾਂ ਉੱਪਰ ਯੂਨੀਵਰਸਿਟੀ ਦੇ ਰਾਜਦੂਤ ਵਾਂਗ ਕਾਰਜ ਕਰਦੇ ਰਹੇ। ਡਾ. ਗੋਸਲ ਨੇ ਦੱਸਿਆ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਕਿਸਾਨਾਂ ਦੀ ਭਲਾਈ ਲਈ ਨਿਰੰਤਰ ਜੁੜੇ ਹੋਏ ਸਨ। ਕੋਵਿਡ ਦੌਰਾਨ ਬੀਜ ਦੀ ਵਿਕਰੀ ਅਤੇ ਹੋਰ ਗਤੀਵਿਧੀਆਂ ਵਾਸਤੇ ਉਹਨਾਂ ਨੇ ਹਮੇਸ਼ਾਂ ਆਪਣੀਆਂ ਸੇਵਾਵਾਂ ਦਿੱਤੀਆਂ। ਡਾ. ਗੋਸਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੁਆ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਵਾਸਤੇ ਪਰਮਪਿਤਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਆਪਣੇ ਅਧਿਆਪਕ ਅਤੇ ਬਾਅਦ ਵਿਚ ਸਹਿਕਰਮੀ ਰਹੇ ਡਾ. ਭੱਲਾ ਨੂੰ ਨਿੱਘੇ ਸ਼ਬਦਾਂ ਨਾਲ ਯਾਦ ਕੀਤਾ। ਉਹਨਾਂ ਦੱਸਿਆ ਕਿ 4 ਮਈ 1960 ਨੂੰ ਪੈਦਾ ਹੋਣ ਵਾਲੇ ਡਾ. ਭੱਲਾ ਨੇ ਬੀ ਐੱਸ ਆਨਰਜ਼ ਅਤੇ ਐੱਮ ਐੱਸ ਸੀ ਪਸਾਰ ਸਿੱਖਿਆ ਪੀ.ਏ.ਯੂ. ਤੋਂ ਹਾਸਲ ਕੀਤੀ। 1989 ਵਿਚ ਉਹ ਪਸਾਰ ਸਿੱਖਿਆ ਵਿਭਾਗ ਵਿਚ ਬਤੌਰ ਸਹਾਇਕ ਪ੍ਰੋਫੈਸਰ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਡਾ. ਭੱਲਾ ਨੇ ਮੰਚ ਅਦਾਕਾਰ ਵਜੋਂ ਵਿਦਿਆਰਥੀ ਜੀਵਨ ਵਿਚ ਹੀ ਬਹੁਤ ਨਾਮਣਾ ਖੱਟ ਲਿਆ ਸੀ। 2015 ਵਿਚ ਉਹ ਇਸੇ ਵਿਭਾਗ ਦੇ ਮੁਖੀ ਬਣੇ ਅਤੇ 2020 ਵਿਚ ਸੇਵਾ ਮੁਕਤ ਹੋਏ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਡਾ. ਭੱਲਾ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਪੇਂਡੂ ਨੌਜਵਾਨਾਂ ਨੂੰ ਕਿਸਾਨੀ ਲਈ ਆਕਰਸ਼ਿਤ ਕਰਨ ਵਾਸਤੇ ਡਾ. ਜਸਵਿੰਦਰ ਭੱਲਾ ਨੇ ਉਸਾਰੂ ਭੂਮਿਕਾ ਨਿਭਾਈ। ਉਹ ਪਾਪੂਲਰ ਪ੍ਰਚਾਰ ਮਾਧਿਅਮਾਂ ਰਾਹੀਂ ਆਪਣੀ ਪ੍ਰਸਿੱਧੀ ਨੂੰ ਅਧਾਰ ਬਣਾ ਕੇ ਪੀ.ਏ.ਯੂ. ਦਾ ਸੁਨੇਹਾ ਘਰ-ਘਰ ਪਹੁੰਚਾਉਂਦੇ ਰਹੇ। ਉਹਨਾਂ ਨੇ ਛਣਕਾਟੇ ਰਾਹੀਂ ਚਾਚਾ ਚਤਰਾ ਦਾ ਕਿਰਦਾਰ ਪੰਜਾਬੀ ਬੰਦੇ ਦੇ ਹਾਸ ਅਤੇ ਵਿਅੰਗ ਸਮੇਤ ਘਰ-ਘਰ ਪਹੁੰਚਾਇਆ। ਡਾ. ਜਸਵਿੰਦਰ ਭੱਲਾ ਨੇ ਅਣਗਿਣਤ ਪੰਜਾਬੀ ਫਿਲਮਾਂ ਵਿਚ ਭੂਮਿਕਾ ਨਿਭਾਈ। ਉਹਨਾਂ ਦੀਆਂ ਬਹੁਤ ਸਾਰੀਆਂ ਭੂਮਿਕਾਵਾਂ ਪੰਜਾਬੀ ਲੋਕਾਂ ਦੇ ਮਨਾਂ ਉੱਪਰ ਸਜੀਵ ਰਹਿਣਗੀਆਂ।
ਪੀ.ਏ.ਯੂ. ਭਾਈਚਾਰੇ ਨੇ ਆਪਣੇ ਵਿਛੜੇ ਸਾਥੀ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਦੁਖੀ ਪਰਿਵਾਰ ਨਾਲ ਆਪਣੀ ਸਾਂਝ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ।
dr-jaswinder-bhalla-s-death-causes-wave-of-grief-in-pau
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)