ਅਮਰਦੀਪ ਸਿੰਘ ਨੇ ਪ੍ਰਧਾਨ ਮੰਤਰੀ ਦੇ ਪੰਜ ਮਿੰਟ ’ਚ ਸਜਾਈ ਪਟਿਆਲਾ ਸ਼ਾਹੀ ਦਸਤਾਰ, ਅਮਰਦੀਪ ਖਾਲਸਾ ਨੇ ਪੀਐੱਮ ਮੋਦੀ ਲਈ ਲਿਆਂਦੀ ਪੌਣੇ ਅੱਠ ਮੀਟਰ ਦੀ ਦਸਤਾਰ
ਪੰਜਾਬ ’ਚ ਪਟਿਆਲਾ ਵਿਖੇ ਹੋਈ ਪਹਿਲੀ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ’ਤੇ ਸਜੀ ਕੇਸਰੀ ਦਸਤਾਰ ਚਰਚਾ ਦਾ ਵਿਸ਼ਾ ਬਣੀ ਗਈ ਹੈ। ਪ੍ਰਧਾਨ ਮੰਤਰੀ ਦੇ ਸਿਰ ’ਤੇ ਪੰਜ ਮਿੰਟ ’ਚ ਪੌਣੇ ਅੱਠ ਮੀਟਰ ਦਸਤਾਰ ਪਟਿਆਲਾ ਦੇ ਨੌਜਵਾਨ ਅਮਰਦੀਪ ਸਿੰਘ ਖਾਲਸਾ ਵੱਲੋਂ ਸਜਾਈ ਗਈ, ਜਿਸ ਨੇ ਪ੍ਰਧਾਨ ਮੰਤਰੀ ਨਾਲ ਬਿਤਾਏ ਪੰਦਰਾਂ ਮਿੰਟ ’ਤੇ ਉਨ੍ਹਾਂ ਨਾਲ ਹੋਈ ਗੱਲਬਾਤ ਪੰਜਾਬੀ ਜਾਗਰਣ ਨਾਲ ਸਾਂਝੀ ਕੀਤੀ ਹੈ।ਅਮਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੋਲੋ ਗਰਾਊਂਡ ਵਿਖੇ ਵੀ ਇਕ ਆਰਜ਼ੀ ਕਮਰਾ ਤਿਆਰ ਕੀਤਾ ਗਿਆ ਸੀ। ਜਿਥੇ ਉਨ੍ਹਾਂ ਦੇ ਦਸਤਾਰ ਸਜਾਈ ਜਾਣੀ ਸੀ। ਖਾਲਸਾ ਨੇ ਦੱਸਿਆ ਕਿ ਜਿਵੇਂ ਹੀ ਪ੍ਰਧਾਨ ਮੰਤਰੀ ਆਪਣੇ ਕਮਰੇ ’ਚ ਪੁੱਜੇ ਤਾਂ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ। ਖਾਲਸਾ ਦੱਸਦੇ ਹਨ ਕਿ ਕੁਝ ਹੀ ਸਮੇਂ ਵਿਚ ਸੁੰਦਰ ਦਸਤਾਰ ਸਜੀ ਦੇਖ ਕੇ ਜਿਥੇ ਪ੍ਰਧਾਨ ਮੰਤਰੀ ਖੁਸ਼ੀ ਹੋਏ, ਉਥੇ ਹੀ ਕਮਰੇ ’ਚ ਮੌਜੂਦ ਇਕ ਸੁਰੱਖਿਆ ਮੁਲਾਜ਼ਮਤੇ ਸੀਨੀਅਰ ਨੇਤਾ ਨੇ ਵੀ ਬਹੁਤ ਸ਼ਲਾਘਾ ਕੀਤੀ ਜੋ ਕਿ ਮਾਣ ਵਾਲੀ ਗੱਲ ਸੀ।
ਪਟਿਆਲਾ ਵਾਸੀ ਅਮਰਦੀਪ ਸਿੰਘ ਖਾਲਸਾ ਦੱਸਦੇ ਹਨ ਕਿ 19 ਸਾਲ ਦੇ ਤਜ਼ੁਰਬੇ ਦੌਰਾਨ ਇਸ ਤੋਂ ਪਹਿਲਾਂ ਕਈ ਵੱਡੀਆਂ ਸਖਸ਼ੀਅਤਾਂ ਦੇ ਦਸਤਰਾ ਸਜਾਉਣ ਦਾ ਮੌਕਾ ਮਿਲਿਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਸਤਾਰ ਸਜਾਉਣਾ ਸਭ ਤੋਂ ਵੱਖਰਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਿਤਾਏ ਪਲਾਂ ਬਾਰੇ ਖਾਲਸਾ ਦੱਸਦੇ ਹਨ ਕਿ ਕਰੀਬ 15 ਮਿੰਟ ਇਕੱਠੇ ਰਹੇ ਤੇ ਆਪਣਾਪਣ ਮਹਿਸੂਸ ਹੋਇਆ। ਖਾਲਸਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਈ ਫਿਲਮੀ ਕਲਾਕਾਰਾਂ ਦੇ ਦਸਤਾਰ ਸਜਾ ਚੁੱਕਿਆ ਹੈ, ਇਥੋਂ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਵਿਚ ਇਕ ਸਮਾਗਮ ਦੌਰਾਨ ਪਰਿਵਾਰਕ ਮੈਂਬਰਾਂ ਦੇ ਦਸਤਾਰ ਸਜਾਉਣ ਵੀ ਜਾ ਚੁੱਕੇ ਹਨ।
ਅਮਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਰੈਲੀ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਮੋਤੀ ਮਹਿਲ ਤੋਂ ਫੋਨ ਆਇਆ ਤੇ ਪ੍ਰਧਾਨ ਮੰਤਰੀ ਦੇ ਪਟਿਆਲਾ ਪੁੱਜਣ ’ਤੇ ਦਸਤਾਰ ਸਜਾਉਣ ਬਾਰੇ ਕਿਹਾ ਗਿਆ। ਬਿਨਾਂ ਕੁਝ ਸੋਚਿਆਂ ਤੁਰੰਤ ਹਾਂ ਕਰਦਿਆਂ ਪ੍ਰੋਟੋਕਾਲ ਅਨੁਸਾਰ ਜਾਂਚ ਪ੍ਰੀਕ੍ਰਿਆ ਪੂਰੀ ਕਰਵਾਈ। ਅਮਰਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਸਿਰ ’ਤੇ ਦਸਤਾਰ ਸਜਾਉਣ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਸੀ ਤੇ ਇਸ ਲਈ ਵਧੀਆ ਦਸਤਾਰ ਸਜਾ ਕੇ ਦੁਨੀਆਂ ਵਿਚ ਚੰਗਾ ਸੁਨੇਹਾ ਦੇਣਾ ਚਾਹੁੰਦਾ ਸੀ। ਇਸ ਲਈ ਤਿਆਰੀ ਸ਼ੁਰੂ ਕੀਤੀ ਪਹਿਲਾਂ ਨੈੱਟ ’ਤੇ ਪ੍ਰਧਾਨ ਮੰਤਰੀ ਦੀਆਂ ਦਸਤਾਰ ਵਾਲੀਆਂ ਕਈ ਤਸਵੀਰਾਂ ਦੇਖੀਆਂ ਤੇ ਪਟਿਆਲਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੇ ਪਟਿਆਲਾ ਸ਼ਾਹੀ ਦਸਤਾਰ ਹੀ ਸਜਾਉਣ ਦਾ ਮਨ ਬਣਾ ਲਿਆ। ਇਸ ਲਈ ਆਮ ਤੌਰ ’ਤੇ ਸਾਢੇ ਸੱਤ ਮੀਟਰ ਦੀ ਲੋੜ ਹੁੰਦੀ ਹੈ ਪਰ ਪ੍ਰਧਾਨ ਮੰਤਰੀ ਲਈ ਪੌਣੇ ਅੱਠ ਮੀਟਰ ਵਾਲੀ ਦਸਤਾਰ ਮੰਗਵਾਈ ਤਾਂ ਜੋ ਮੌਕੇ ’ਤੇ ਕੋਈ ਦਿੱਕਤ ਨਾ ਆਏ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)