ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਕਸ਼ਮੀ ਲੇਡੀਜ਼ ਕਲੱਬ ਵਿਖੇ ਲਗਾਈ ਗਈ 10ਵੀਂ ਸਾਲਾਨਾ ਫੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਜ਼’ ਦਾ ਸ਼ਾਨਦਾਰ ਉਦਘਾਟਨ ਪਦਮ ਸ਼੍ਰੀ ਅਵਾਰਡੀ ਰਜਨੀ ਬੈਕਟਰ, ਈ-9 ਫਾਊਂਡੇਸ਼ਨ ਦੀ ਪ੍ਰਧਾਨ ਹੀਨਾ ਸਿੰਗਲ, ਮਿਸਿਜ਼ ਅਮਨ ਸੰਧੂ ਅਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਦੀਪ ਪ੍ਰਜਵਲਿਤ ਕਰਕੇ ਕੀਤਾ। ਉਦਘਾਟਨ ਉਪਰੰਤ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੇ ਪ੍ਰਦਰਸ਼ਨੀ ਵਿੱਚ ਲਗਾਈਆਂ ਤਸਵੀਰਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ ਅਤੇ ਫੋਟੋ ਜਰਨਲਿਸਟਾਂ ਦੀ ਕਲਾ ਤੇ ਉਨ੍ਹਾਂ ਦੀ ਨਜ਼ਰ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪਦਮ ਸ਼੍ਰੀ ਅਵਾਰਡੀ ਰਜਨੀ ਬੈਕਟਰ ਨੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ 42 ਤਸਵੀਰਾਂ ਆਪਣੇ-ਆਪ ਵਿੱਚ ਇੱਕ ਵੱਖਰੀ ਕਹਾਣੀ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ, “‘ਵਨ ਥਾਊਜ਼ੈਂਡ ਵਰਡਜ਼’ ਸਿਰਲੇਖ ਦਾ ਅਸਲ ਅਰਥ ਅੱਜ ਮੈਨੂੰ ਇੱਥੇ ਆ ਕੇ ਸਮਝ ਆਇਆ ਹੈ। ਇੱਕ ਤਸਵੀਰ ਕਈ ਵਾਰ ਹਜ਼ਾਰਾਂ ਸ਼ਬਦਾਂ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਸਮਾਜ ਦੀ ਹਕੀਕਤ ਨੂੰ ਬਿਆਨ ਕਰ ਜਾਂਦੀ ਹੈ।” ਉਨ੍ਹਾਂ ਨੇ ਐਸੋਸੀਏਸ਼ਨ ਦੀ ਸਮੁੱਚੀ ਟੀਮ ਨੂੰ ਇਸ ਨਿਵੇਕਲੇ ਅਤੇ ਪ੍ਰਭਾਵਸ਼ਾਲੀ ਉਪਰਾਲੇ ਲਈ ਵਧਾਈ ਦਿੱਤੀ।
ਹੀਨਾ ਸਿੰਗਲ, ਪ੍ਰਧਾਨ ਈ-9 ਫਾਊਂਡੇਸ਼ਨ ਅਤੇ ਡਿਪਟੀ ਐਮ.ਡੀ., ਦੀਪਕ ਬਿਲਡਰ, ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਫੋਟੋ ਜਰਨਲਿਸਟਾਂ ਵੱਲੋਂ ਖਿੱਚੀਆਂ ਗਈਆਂ ਇਹ ਬਿਹਤਰੀਨ ਤਸਵੀਰਾਂ ਸਥਾਈ ਤੌਰ ’ਤੇ ਵੀ ਪ੍ਰਦਰਸ਼ਿਤ ਕੀਤੀਆਂ ਜਾਣ। ਉਨ੍ਹਾਂ ਕਿਹਾ, “ਜੇਕਰ ਇਹ ਤਸਵੀਰਾਂ ਇੱਥੇ ਪੱਕੇ ਤੌਰ ’ਤੇ ਲਗਾਈਆਂ ਜਾਂਦੀਆਂ ਹਨ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।” ਉਨ੍ਹਾਂ ਨੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਇਸ ਸਫਲ ਪ੍ਰਦਰਸ਼ਨੀ ਲਈ ਵਧਾਈ ਦਿੱਤੀ।
ਇਸ ਮੌਕੇ ਕਾਰਜਕਾਰੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਫੋਟੋ ਜਰਨਲਿਸਟ ਹਰ ਰੋਜ਼ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਤਬਦੀਲੀਆਂ ਅਤੇ ਲੋਕ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਆਪਣੀਆਂ ਤਸਵੀਰਾਂ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਫੋਟੋ ਪ੍ਰਦਰਸ਼ਨੀ ਕਰਵਾਉਣਾ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਨਿਵੇਕਲੀ ਅਤੇ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਨੇ ਐਸੋਸੀਏਸ਼ਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਕਾਮਨਾ ਕੀਤੀ।
ਐਸੋਸੀਏਸ਼ਨ ਦੇ ਚੇਅਰਮੈਨ ਸ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਸਵਰਗੀ ਸ੍ਰੀ ਧਰਮਵੀਰ ਜੀ ਵੱਲੋਂ ਪੁਰਾਣੇ ਸਮੇਂ ਦੌਰਾਨ ਫੋਟੋਗ੍ਰਾਫੀ ਲਈ ਵਰਤੇ ਜਾਂਦੇ ਕੈਮਰੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਫੋਟੋਗ੍ਰਾਫੀ ਦੇ ਸਾਜ਼ੋ-ਸਾਮਾਨ ਨੂੰ ਦੇਖ ਕੇ ਲੋਕਾਂ, ਖ਼ਾਸ ਕਰਕੇ ਨਵੀਂ ਪੀੜ੍ਹੀ ਨੂੰ ਫੋਟੋਗ੍ਰਾਫੀ ਦੇ ਇਤਿਹਾਸ ਅਤੇ ਉਸਦੇ ਬਦਲਦੇ ਸਰੂਪ ਬਾਰੇ ਜਾਣਨ ਦਾ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅੱਜ ਦੇ ਡਿਜੀਟਲ ਯੁੱਗ ਦੀ ਆਧੁਨਿਕ ਫੋਟੋਗ੍ਰਾਫੀ ਦੀ ਝਲਕ ਵੀ ਇਸ ਪ੍ਰਦਰਸ਼ਨੀ ਰਾਹੀਂ ਬਾਖੂਬੀ ਪੇਸ਼ ਕੀਤੀ ਗਈ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਕਿਹਾ ਕਿ ਉਨ੍ਹਾਂ ਦੇ ਫੋਟੋ ਜਰਨਲਿਸਟ ਸਾਥੀ ਹਰ ਰੋਜ਼ ਆਪੋ-ਆਪਣੇ ਅਖਬਾਰਾਂ ਲਈ ਬਿਹਤਰੀਨ ਤਸਵੀਰਾਂ ਖਿੱਚਣ ਵਾਸਤੇ ਇੱਕ ਸਿਹਤਮੰਦ ਮੁਕਾਬਲੇ ਦੀ ਭਾਵਨਾ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਪ੍ਰਦਰਸ਼ਨੀ ਆਪਣੇ ਦਸਵੇਂ ਸਾਲ ਵਿੱਚ ਪਹੁੰਚੀ ਹੈ ਅਤੇ ਉਨ੍ਹਾਂ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਉਹ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਹਨ।
ਸਮਾਗਮ ਦੌਰਾਨ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਹੁੰਚੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਰੁਚੀ ਦਿਖਾਈ ਅਤੇ ਤਸਵੀਰਾਂ ਦੇ ਨਾਲ ਪੁਰਾਣੇ ਕੈਮਰਿਆਂ ਨੂੰ ਵੀ ਉਤਸੁਕਤਾ ਨਾਲ ਦੇਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਦੁਵਾਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾ ਦਾਰ ਪ੍ਰਿਤਪਾਲ ਸਿੰਘ.ਪੰਜਾਬੀ ਅਦਾਕਾਰ ਦੀਪ ਜੋਸ਼ੀ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ, ਪ੍ਰਿਤਪਾਲ ਸਿੰਘ ਪਾਲੀ, ਕੌਂਸਲਰ ਪ੍ਰਦੀਪ ਗੈਬੀ, ਕੌਂਸਲਰ ਪਤੀ ਸਨੀ ਭੱਲਾ, ਰੋਹਿਤ ਖੁੱਲਰ, ਰਾਜੂ ਕਨੌਜੀਆ, ਜੁਗਲ ਗੋਇਲ, ਫਿੱਕੀ ਫਲੋ ਤੋਂ ਸਨਮ ਮਹਿਰਾ,ਅਮਨ ਸੰਧੂ, ਉਮਾ ਗੁਪਤਾ,ਐਡਵੋਕੇਟ ਕਮਲ ਜੋਤੀ.ਡਾ. ਵਾਤਸਾਯਨ, ਰੋਹਿਤ ਧੀਰ, ਚੈਰੀ ਆਹਲੂਵਾਲੀਆ, ਐਡਵੋਕੇਟ ਵਿਪਨ ਸੱਗੜ, ਐਡਵੋਕੇਟ ਹਿਮਾਂਸ਼ੂ ਵਾਲੀਆ, ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ, ਰੁਚੀ ਵਿਸ਼ਾਲ ਗੁਲਾਟੀ, ਸੰਜੀਵ ਚੌਧਰੀ, ਰਾਕੇਸ਼ ਪਰਾਸ਼ਰ, ਅਸ਼ਵਨੀ ਸ਼ਰਮਾ, ਪਰਵੀਨ ਡੰਗ, ਸੀਨੀਅਰ ਪੱਤਰਕਾਰ ਪ੍ਰਮੋਦ ਬਤੀਸ਼, ਸ. ਗੁਰਿੰਦਰ ਸਿੰਘ, ਅਮਿਤ ਗੋਸਾਈਂ ਅਤੇ ਜਾਨਕ ਰਾਜ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਸਰਪ੍ਰਸਤ ਇੰਦਰਜੀਤ ਵਰਮਾ, ਸਕੱਤਰ ਗੁਰਪ੍ਰੀਤ ਸਿੰਘ, ਅਮਿਤ ਬੱਸੀ, ਅਜੈ ਨੇਪਾਲ, ਗੌਰਵ ਕਨੌਚਿਆ, ਹਰਜੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਹੈਪੀ, ਕੰਵਲਦੀਪ ਸਿੰਘ ਡੰਗ, ਲੱਕੀ ਭੱਟੀ, ਮਨੀਸ਼ ਕਾਲੀਆ, ਮਨੀਸ਼ ਮੋਟਨ, ਨੀਲਕਮਲ ਸ਼ਰਮਾ, ਰਾਕੇਸ਼ ਮੋਦਗਿਲ, ਰਮੇਸ਼ ਵਰਮਾ, ਸਤਵਿੰਦਰ ਸਿੰਘ ਬਸਰਾ, ਸੌਰਵ ਅਰੋੜਾ, ਵਿਜੈ ਚਾਇਲ, ਵਿਸ਼ਾਲ ਢੱਲ ਅਤੇ ਵਿਸ਼ਾਲ ਗਰਗ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਫੋਟੋਗ੍ਰਾਫੀ ਪ੍ਰੇਮੀ ਹਾਜ਼ਰ ਸਨ।