ਹਰ ਪਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜਕੇ ਰਹਿਣਾ ਚਾਹੁੰਦਾ ਹੈ - ਗੁਰਜਤਿੰਦਰ ਰੰਧਾਵਾ
Feb20,2026
| Narinder Kumar | Ludhiana
ਅਮਰੀਕਾ ਵਸਦੇ ਉਘੇ ਪੰਜਾਬੀ ਪੱਤਰਕਾਰ, ਲੇਖਕ ਅਤੇ ਚਿੰਤਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੇਸ਼ੱਕ ਪਰਵਾਸੀਆਂ ਨੂੰ ਰੁਜ਼ਗਾਰ ਲਈ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਬੋਲਣੀਆਂ ਪੈਂਦੀਆਂ ਹਨ ਹਰ ਪਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੁੜਕੇ ਰਹਿਣਾ ਚਾਹੁੰਦਾ ਅਤੇ ਹਮੇਸ਼ਾ ਜੁੜਕੇ ਰਹਿੰਦਾ ਹੈ ।ਅੱਜ ਇਥੇ ਮਾਲਵਾ ਰੰਗਮੰਚ ਪੰਜਾਬ ਵੱਲੋਂ ਆਯੋਜਿਤ ਇੱਕ ਵਿਸ਼ੇਸ ਸਮਾਗਮ ਵਿੱਚ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਰੂ ਬਰੂ ਹੁੰਦਿਆਂ ਸ਼੍ਰੀ ਰੰਧਾਵਾ ਨੇ ਕਿਹਾ ਕਿ ਇਸ ਵੇਲੇ ਵਿਦੇਸ਼ਾਂ ਵਿੱਚ ਪੰਜਾਬੀਆਂ ਅਤੇ ਪੰਜਾਬੀ ਬੋਲੀ ਦਾ ਪੂਰੀ ਤਰਾਂ ਬੋਲ ਬਾਲਾ ਹੈ ਅਤੇ ਅਸੀਂ ਉਹਨਾਂ ਵਿਕਸਤ ਮੁਲਕਾਂ ਦੀ ਹਰ ਸਰੋਕਾਰ ਵਿੱਚ ਧਿਰ ਬਣੇ ਹੋਏ ਹਾਂ । ਰੰਧਾਵਾ ਨੇ ਕਿਹਾ ਕਿ ਇਹ ਗੱਲ ਮਾਣ ਵਾਲੀ ਹੈ ਕਿ ਦੁਨੀਆਂ ਵੱਡੇ ਏਅਰਪੋਰਟਾਂ ਸਮੇਤ ਵਪਾਰਕ ਅਦਾਰਿਆਂ ਤੇ ਪੰਜਾਬੀ ਵਿੱਚ ਬੋਰਡ ਲੱਗੇ ਹੋਏ ਹਨ। ਸ਼੍ਰੀ ਰੰਧਾਵਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਰ ਪੰਜਾਬੀ ਪਰਵਾਸੀ ਇਹ ਵੀ ਚਾਹੁੰਦਾ ਹੈ ਕਿ ਉਸਦੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ , ਧਰਤੀ ਅਤੇ ਸਭਿਅਚਾਰ ਨਾਲ ਮੋਹ ਰੱਖੇ ਅਤੇ ਆਪਣੀਆਂ ਤੰਦਾਂ ਜੋੜੀ ਰੱਖੇ ।
ਸਮਾਗਮ ਦੌਰਾਨ ਸਭ ਦਾ ਸਵਾਗਤ ਕਰਦਿਆਂ ਮਾਲਵਾ ਰੰਗਮੰਚ ਦੇ ਸਕੱਤਰ ਪ੍ਰੋਫੈਸਰ ਨਿਰਮਲ ਜੌੜਾ ਨੇ ਦੱਸਿਆ ਆਪਣੀ ਮਿਹਨਤ ਅਤੇ ਲਗਨ ਸਦਕਾ ਗੁਰਜਤਿੰਦਰ ਸਿੰਘ ਰੰਧਾਵਾ ਨੇ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਸਥਾਨ ਬਣਾਇਆ ਹੈ । ਪ੍ਰੋ ਨਿਰਮਲ ਜੌੜਾ ਕਿਹਾ ਸਾਡੀ ਭਾਸ਼ਾ ਹੀ ਸਾਨੂੰ ਦੁਨੀਆਂ ਤੇ ਪਹਿਚਾਣ ਦਵਾਉਂਦੀ ਹੈ ਜਿਸ ਕਰਕੇ ਵਿਸ਼ਵ ਵਿੱਚ ਪੰਜਾਬੀਅਤ ਦਾ ਝੰਡਾ ਝੁੱਲ ਰਿਹਾ ਹੈ । ਮਾਲਵਾ ਰੰਗਮੰਚ ਦੇ ਸਕੱਤਰ ਦੇ ਚੇਅਰਮੈਨ ਪ੍ਰੋ ਜਲੌਰ ਸਿੰਘ ਖੀਵਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਾਡੇ ਬੁਧੀਜੀਵੀਆਂ ਦਾ ਆਪਣੀ ਧਰਤੀ ਅਤੇ ਸਭਿਆਚਾਰ ਨਾਲ ਜੁੜਕੇ ਰਹਿਣਾ ਪੰਾਜਬ ਲਈ ਸਕੂਨ ਵਾਲੀ ਗੱਲ ਹੈ । ਮਾਲਵਾ ਰੰਗਮੰਚ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਾਮਣ ਕੀਤਾ ਗਿਆ।ਰਵਿੰਦਰ ਰੰਗੂਵਾਲ ਨੇ ਸਭ ਦਾ ਧੰਨਵਾਦ ਕੀਤਾ।
ਤਸਵੀਰ: ਮਾਲਵਾ ਰੰਗਮੰਚ ਪੰਜਾਬ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਣ ਕਰਦੇ ਹੋਏ ਪ੍ਰੋ ਨਿਰਮਲ ਜੌੜਾ ਅਤੇ ਰਵਿੰਦਰ ਰੰਗੂਵਾਲ
every-expatriate-punjabi-wants-to-stay-connected-to-his-mother-tongue-gurjatinder-randhawa