- 31 ਜਨਵਰੀ ਤੋਂ 2 ਫਰਵਰੀ ਤੱਕ ਹੋਵੇਗਾ ਖੇਡਾਂ ਦਾ ਆਯੋਜਨ
- 3 ਦਿਨਾਂ ਖੇਡ ਮੇਲੇ ਦੌਰਾਨ, ਹਾਕੀ, ਕਬੱਡੀ, ਅਥਲੈਟਿਕਸ ਅਤੇ ਰਵਾਇਤੀ ਖੇਡਾਂ ਦੇ ਮੈਚ ਕਰਵਾਏ ਜਾਣਗੇ
- ਤਿੰਨਾਂ ਦਿਨਾਂ ਲਈ ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੀ ਉਲੀਕੀ ਗਈ ਯੋਜਨਾ
- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਨਤਾ ਨੂੰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
- ਪੰਜਾਬ ਸਰਕਾਰ ਲਗਾਤਾਰ ਦੂਜੇ ਸਾਲ ਇਨ੍ਹਾਂ ਉੱਘੀਆਂ ਖੇਡਾਂ ਦਾ ਆਯੋਜਨ ਕਰ ਰਹੀ ਹੈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕ 2025 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਖੇਡਾਂ 31 ਜਨਵਰੀ ਤੋਂ 2 ਫਰਵਰੀ ਤੱਕ ਹੋਣਗੀਆਂ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਇਸ ਸਮਾਗਮ ਦਾ ਉਦਘਾਟਨ ਕਰਨਗੇ।
ਲਗਾਤਾਰ ਦੂਜੇ ਸਾਲ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਓਲੰਪਿਕ ਦਾ ਆਯੋਜਨ ਕਰ ਰਹੀ ਹੈ।
ਖੇਡਾਂ ਦੇ ਪਹਿਲੇ ਦਿਨ, ਸ਼ਡਿਊਲ ਵਿੱਚ ਮੁੰਡਿਆਂ ਦਾ ਹਾਕੀ ਮੈਚ, ਉਸ ਤੋਂ ਬਾਅਦ ਕੁੜੀਆਂ ਦਾ ਹਾਕੀ ਮੈਚ, ਕੁੜੀਆਂ ਦਾ ਕਬੱਡੀ, ਵਾਲੀਬਾਲ, ਖੋ-ਖੋ, ਅਤੇ ਦੋਵਾਂ ਵਰਗਾਂ ਲਈ 1500 ਮੀਟਰ ਦੌੜ, ਅਤੇ ਨਾਲ ਹੀ ਨੈਸ਼ਨਲ ਸਟਾਈਲ ਕੁੜੀਆਂ ਦਾ ਕਬੱਡੀ ਮੈਚ ਸ਼ਾਮਲ ਹੈ। ਉਦਘਾਟਨੀ ਦਿਨ, 31 ਜਨਵਰੀ ਨੂੰ, ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੁਆਰਾ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਮਨੋਰੰਜਣ ਕੀਤਾ ਜਾਵੇਗਾ ਜਦਕਿ 1 ਫਰਵਰੀ ਨੂੰ ਗਾਇਕ ਵਿਰਾਸਤ ਸੰਧੂ ਅਤੇ 2 ਫਰਵਰੀ ਨੂੰ ਕੁਲਵਿੰਦਰ ਬਿੱਲਾ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਦਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਅਤੇ ਪੰਜਾਬ ਦੀ ਖੇਡ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੋ ਕੋਈ ਘਾਟ ਨਹੀਂ ਪਰ ਹੁਨਰ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ।ਇਹ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਗੀਦਾਰਾਂ ਲਈ ਇੱਕ ਸੁਚਾਰੂ ਅਨੁਭਵ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗਾ ਅਤੇ ਕੋਈ ਵੀ ਅਸੁਵਿਧਾ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਲਈ ਇਨ੍ਹਾਂ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।
dc-reviews-preparations-for-kila-raipur-rural-olympics-scheduled-from-january-31-to-february-2
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)