ਸਪੀਕਰ ਸੰਧਵਾਂ ਨੇ ਕਿਹਾ: "ਸੰਸਕ੍ਰਿਤੀ ਜੋੜਦੀ ਹੈ, ਤੋੜਦੀ ਨਹੀਂ"
ਭਾਈਚਾਰਕ ਅਤੇ ਸੱਭਿਆਚਾਰ ਸਾਂਝ ਨੂੰ ਮਜ਼ਬੂਤ ਕਰਨ ਲਈ ਧਾਰਮਿਕ ਆਗੂਆਂ ਦੀ ਭੂਮਿਕਾ ਸਲਾਹੁਣਯੋਗ
ਸੋਸ਼ਲ ਮੀਡੀਆ ਰਾਹੀਂ ਫੈਲ ਰਹੀ ਕੱਟੜਤਾ ਰਾਜਨੀਤਿਕ ਪ੍ਰਚਾਰ ਹੈ" – ਸਪੀਕਰ ਦਾ ਤਿੱਖਾ ਪ੍ਰਹਾਰ
ਸੰਤਾਂ ਨੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸਦੀਆਂ ਤੱਕ ਸੰਜੋਇਆ" :– ਸੰਧਵਾਂ
ਆਤਮਾ ਰਾਮ ਜੀ ਮਹਾਰਾਜ ਦੇ 142ਵੇ ਅਤੇ ਰਾਸ਼ਟਰੀਆ ਸੰਤ ਵਿਰਸਟ ਉਪਾਦਿਆ ਵਾਜਨਾ ਚਾਰੀਆਂ ਸ੍ਰੀ ਮਨੋਹਰ ਮੁਨੀ ਜੀ ਮਹਾਰਾਜ ਦੇ 98ਵੇ ਜਨਮ ਦਿਵਸ ਦੇ ਸ਼ੁੱਭ ਅਵਸਰ 'ਤੇ ਸਮਾਜ ਦੇ ਸਾਰੇ ਵਰਗਾਂ ਦੇ ਆਪਸੀ ਭਾਈਚਾਰੇ ਦੇ ਵਾਧੇ ਲਈ ਭਾਰਤ ਸੰਤ ਗੌਰਵ ਸ੍ਰੀ ਪਿਊਸ਼ ਮੁਨੀ ਜੀ ਮਹਾਰਾਜ ਦੀ ਪ੍ਰੇਰਨਾ ਨਾਲ 'ਵਿਰਾਟ ਸਰਬ ਧਰਮ ਸੰਗਮ' ਸਮਾਗਮ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸਾਰੇ ਧਰਮਾਂ ਦੇ ਭਾਈਚਾਰੇ ਦੇ ਸੰਤਾਂ ਦੀ ਹਾਜ਼ਰੀ ਵਿੱਚ ਇਸ ਸ਼ੁਭ ਸਮਾਗਮ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ।
ਸਪੀਕਰ ਸੰਧਵਾਂ ਨੇ ਸਾਰੇ ਧਰਮਾਂ ਦੀਆਂ ਸਿੱਖਿਆਵਾਂ ਵਿੱਚ ਆਪਣਾ ਡੂੰਘਾ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਸਪੀਕਰ ਨੇ ਅੱਗੇ ਕਿਹਾ ਕਿ ਸਾਰੇ ਧਰਮ ਅਧਿਆਤਮਿਕ ਗਿਆਨ ਨਾਲ ਭਰਪੂਰ ਹਨ ਅਤੇ ਸਾਰੇ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੰਤਾਂ ਅਤੇ ਗੁਰੂਆਂ ਨੇ ਅਧਿਆਤਮਿਕਤਾ, ਭਾਈਚਾਰਕ ਸਾਂਝ ਅਤੇ ਭਾਈਚਾਰਕ ਸਾਂਝ ਦੀਆਂ ਸਿੱਖਿਆਵਾਂ ਨੂੰ ਕਾਇਮ ਰੱਖਦਿਆਂ ਇਸ ਸਭ ਤੋਂ ਪੁਰਾਣੀ ਸਭਿਅਤਾ ਦੀ ਕਿਸਮਤ ਨੂੰ ਘੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਸਮਾਗਮ ਮੌਕੇ ਹਾਜ਼ਰੀਨ ਨੂੰ ਸਾਦੀ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕਰਦਿਆਂ ਆਸ ਪ੍ਰਗਟਾਈ ਕਿ ਇਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਵੱਡੀ ਖੁਸ਼ਹਾਲੀ ਆਵੇਗੀ।
ਸਪੀਕਰ ਨੇ ਕਿਹਾ ਕਿ ਸਵਾਮੀ ਜੀ ਵੱਲੋਂ ਸੰਗਮ ਸੰਮੇਲਨ ਕਰਵਾਉਣਾ ਅਸਲ ਧਰਮ ਦਾ ਕੰਮ ਹੈ। ਜਿੱਥੇ ਧਰਮ ਹੈ ਉੱਥੇ ਸੁਖ-ਸ਼ਾਂਤੀ ਅਤੇ ਸਮਿਰਧੀ ਹੈ। ਸਾਡੀ ਸੰਸਕ੍ਰਿਤੀ ਇੰਨੀ ਮਹਾਨ ਹੈ ਕਿ ਜੋੜਨ ਦਾ ਕੰਮ ਕਰਦੀ ਰਹੀ ਹੈ। ਇਸ ਨੇ ਕਦੇ ਵੀ ਸਾਨੂੰ ਨਹੀਂ ਤੋੜਿਆ। ਗੁਰਬਾਣੀ ਦਾ ਫੁਰਮਾਨ ਹੈ "ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ।।" ਸੋ ਅਸੀਂ ਬਹੁਤ ਵੱਡੀ ਵਿਚਾਰਧਾਰਾ ਦੇ ਉਪਾਸ਼ਕ ਹਾਂ। ਅੱਜ ਸ਼ੋਸ਼ਲ ਮੀਡੀਆ ਦਾ ਸਮਾਂ ਹੈ ਇਸ 'ਤੇ ਧਾਰਮਿਕ ਕੱਟੜਤਾ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ। ਹਿੰਦੂ ਤੇ ਮੁਸਲਮਾਨਾਂ ਨੂੰ ਕੱਟੜ ਵਿਰੋਧੀ ਦਿਖਾਇਆ ਜਾਂਦਾ ਹੈ ਪਰ ਜਦੋਂ ਆਮ ਲੋਕਾਂ ਨਾਲ ਇਸ ਉੱਤੇ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਮੱਤ ਨਹੀਂ ਹੈ ਇਹ ਤਾਂ ਸਿਰਫ ਰਾਜਨੀਤਿਕ ਲੋਕਾਂ ਦਾ ਹੀ ਪ੍ਰਾਪੇਗੰਡਾ ਹੈ। ਪੰਜਾਬ ਵਿੱਚ ਬਹੁਤ ਕਿਰਪਾ ਰਹੀ ਹੈ ਕਿ ਇਹੋ ਜਿਹੇ ਲੋਕ ਇਥੇ ਕਾਮਯਾਬ ਨਹੀਂ ਹੋਏ ਭਾਵੇਂ ਕਿ ਬਾਕੀ ਪੂਰੇ ਦੇਸ਼ ਵਿੱਚ ਕਾਮਯਾਬ ਹੋ ਗਏ ਹਨ। ਉਨ੍ਹਾਂ ਨੇ ਅੱਗ ਲਾ ਦਿੱਤੀ ਹੈ।
ਸਪੀਕਰ ਨੇ ਸਵਾਮੀ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਅੱਗ ਨੂੰ ਬੁਝਾਉਣ ਦਾ ਕੰਮ ਤੁਸੀਂ ਲੋਕਾਂ ਨੇ ਹੀ ਕਰਨਾ ਹੈ। ਧਾਰਮਿਕ ਆਗੂ ਹੀ ਇਹ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਈਸਟ ਇੰਡੀਆ ਕੰਪਨੀ ਨਾਲ ਪਹਿਲਾ ਯੁੱਧ 1749 ਵਿੱਚ ਹੋਇਆ, ਅੰਗਰੇਜ ਆਏ। ਉਨ੍ਹਾਂ ਕੋਲ 5 ਹਜ਼ਾਰ ਦੀ ਫੌਜ ਸੀ ਉਥੋਂ ਦੀ ਰਿਆਸਤ ਕੋਲ ਵੱਡੀ ਗਿਣਤੀ ਵਿੱਚ ਲਗਭਗ 50 ਹਜ਼ਾਰ ਫੌਜ ਸੀ। ਪਰ ਅੰਗਰੇਜਾਂ ਨੇ ਉਹ ਯੁੱਧ ਜਿੱਤ ਲਿਆ। ਕੋਈ ਜੈ ਚੰਦ ਵਰਗਾ ਮਿਲ ਗਿਆ। ਸਾਮ-ਦਾਮ-ਦੰਡ-ਭੇਦ ਨਾਲ ਹਰੇਕ ਜੰਗ ਜਿੱਤਦੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ 1 ਹਜ਼ਾਰ ਤੋਂ ਵੱਧ ਫ਼ੌਜ ਨਹੀਂ ਭੇਜੀ।
ਉਨ੍ਹਾਂ ਕਿਹਾ ਕਿ ਪੂਰੇ 10 ਸਾਲ ਬਾਅਦ 1849 ਵਿੱਚ ਅੰਗਰੇਜ ਪੰਜਾਬ ਵਿੱਚ ਆਉਂਦਾ ਹੈ। ਇਥੇ ਉਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਪਰ ਇਥੇ ਵੀ ਉਨ੍ਹਾਂ ਨੂੰ ਜੈ ਚੰਦ ਵਰਗੇ ਲੋਕ ਮਿਲ ਗਏ। ਉਹ ਪੰਜਾਬ ਤੇ ਵੀ ਕਾਬਜ ਹੋ ਗਏ। ਪਰ ਇਥੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ 5-10 ਸਾਲਾਂ ਬਾਅਦ ਫਿਰ ਪੰਜਾਬੀਆਂ ਨੇ ਆਜ਼ਾਦੀ ਲਈ ਲੜਨਾ ਸ਼ੁਰੂ ਕਰ ਦਿੱਤਾ ਸੀ। ਇਸ 'ਤੇ ਅੰਗਰੇਜ਼ ਸਰਕਾਰ ਨੇ ਸਟੱਡੀ ਕਰਵਾਈ। ਉਸ ਸਮੇਂ ਪੰਜਾਬ ਵਿੱਚ 80 ਪ੍ਰਤੀਸ਼ਤ ਮੁਸਲਮਾਨ ਅਤੇ 20 ਪ੍ਰਤੀਸ਼ਤ ਹਿੰਦੂ-ਸਿੱਖ ਸਨ। ਉਸ ਸਮੇਂ ਇਹਨਾਂ ਵਿੱਚ ਪਿਆਰ ਅਤੇ ਏਕਤਾ ਬਹੁਤ ਸੀ। ਇਹਨਾਂ ਵਿੱਚ ਫੁੱਟ ਪਾਉਣ ਲਈ ਅੰਗਰੇਜ ਨੇ ਟੂ-ਨੇਸ਼ਨ ਥਊਰੀ ਤੇ ਬੀਜ ਬੀਜਣੇ ਸ਼ੁਰੂ ਕੀਤੇ ਜਿਸ ਵਿੱਚ ਅੰਗਰੇਜ ਕਾਮਯਾਬ ਰਹੇ। ਜਿਸ ਦਾ ਨਤੀਜਾ ਦੇਸ਼ ਦੀ ਵੰਡ ਹੋਈ ਜਿਸ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਉਦੋਂ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਅੰਗਰੇਜ ਤਾਂ ਚਲਾ ਗਿਆ ਪਰ ਪਰ ਉਸ ਦੀ ਮਾੜੀ ਸੋਚ ਹਾਲੇ ਵੀ ਪੂਰੇ ਦੇਸ਼ ਵਿੱਚ ਫੁੱਟ ਪਾਉਣ ਦਾ ਕੰਮ ਕਰ ਰਹੀ ਹੈ ਲੇਕਿਨ ਪੰਜਾਬ ਵਿੱਚ ਉਨ੍ਹਾਂ ਦੀ ਮਾੜੀ ਸੋਚ ਦਾ ਅਸਰ ਨਹੀਂ ਹੈ। ਇਹ ਅਸਰ ਨਾ ਹੋਵੇ ਇਸ ਲਈ ਸਵਾਮੀ ਜੀ ਵਰਗੇ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਸੰਗਮ ਸਦਾ ਬਣਾਇਆ ਰਹੇ।
ਇਸ ਤੋਂ ਪਹਿਲਾਂ ਐਸ.ਐਸ. ਜੈਨ ਸਭਾ ਕਿਚਲੂ ਨਗਰ ਲੁਧਿਆਣਾ ਦੇ ਪ੍ਰਧਾਨ ਸ੍ਰੀ ਸੰਜੀਵ ਜੈਨ, ਵਾਈਸ ਪ੍ਰਧਾਨ ਸ੍ਰੀ ਨੇਮ ਕੁਮਾਰ ਜੈਨ, ਸੈਕਟਰੀ ਸ੍ਰੀ ਸੰਜੀਵ ਸ਼ਾਹ, ਕੈਸ਼ੀਅਰ ਸ੍ਰੀ ਪ੍ਰਦੀਪ ਜੈਨ ਅਤੇ ਸ੍ਰੀ ਗੌਰਵ ਜੈਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਮਾਗਮ ਵਿੱਚ ਪੁੱਜਣ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।
ਇਸ ਸਮਾਗਮ ਵਿੱਚ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਸਕੱਤਰ ਪ੍ਰਸੋਨਲ ਸ੍ਰੀ ਗੌਤਮ ਜੈਨ ਅਤੇ ਹੋਰ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ।
virat-sarva-dharam-sangam-in-ludhiana-speaker-kultar-sandhwan-gave-a-message-of-unity
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)