ਸ਼ਹੀਦੀ ਨਗਰ ਕੀਰਤਨ ਸਾਸਾਰਾਮ ਤੋਂ ਅਗਲੇ ਪੜਾਅ ਬਨਾਰਸ ਲਈ ਰਵਾਨਾ
ਨਗਰ ਕੀਰਤਨ ਦਾ ਯੂਪੀ ਬਿਹਾਰ ਬਾਰਡਰ ’ਤੇ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਵੱਲੋਂ ਭਰਵਾਂ ਸਵਾਗਤ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਕੀਤਾ ਗਿਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਚਾਚਾ ਫੱਗੂਮੱਲ ਜੀ ਸਾਸਾਰਾਮ ਤੋਂ ਅਗਲੇ ਪੜਾਅ ਗੁਰਦੁਆਰਾ ਗੁਰੂ ਬਾਗ ਬਨਾਰਸ ਉੱਤਰ ਪ੍ਰਦੇਸ਼ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਚਾਚਾ ਫੱਗੂਮੱਲ ਜੀ ਵਿਖੇ ਸੱਜੇ ਧਾਰਮਿਕ ਦੀਵਾਨ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰੂ-ਜਸ ਨਾਲ ਜੋੜਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ।
ਸਾਰੇ ਰਸਤੇ ਵਿਚ ਜਿਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਉਥੇ ਯੂਪੀ ਬਿਹਾਰ ਸਰਹੱਦ ’ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਸ. ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਜੀ ਆਇਆਂ ਕਿਹਾ। ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸਤਿਕਾਰ ਦਿੱਤਾ। ਨਗਰ ਕੀਰਤਨ ਨਾਲ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਅਤੇ ਵੱਡਅਕਾਰੀ ਸਕਰੀਨਾਂ ’ਤੇ ਗੁਰੂ ਸਾਹਿਬ ਨਾਲ ਸੰਬੰਧਿਤ ਪਾਵਨ ਅਸਥਾਨਾਂ ਅਤੇ ਇਤਿਹਾਸ ਬਾਰੇ ਦਿਖਾਈਆਂ ਜਾ ਰਹੀਆਂ ਦਸਤਾਵੇਜ਼ੀ ਵੀਡੀਓ ਪ੍ਰਤੀ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।
ਇਹ ਨਗਰ ਕੀਰਤਨ ਅੱਜ ਰਾਤ ਗੁਰਦੁਆਰਾ ਗੁਰੂ ਬਾਗ ਬਨਾਰਸ ਯੂਪੀ ਵਿਖੇ ਪੁੱਜੇਗਾ, ਜਿਥੋਂ 31 ਅਗਸਤ ਨੂੰ ਨਗਰ ਕੀਰਤਨ ਆਪਣੇ ਅਗਲੇ ਪੜਾਅ ਅਲਾਹਾਬਾਦ ਲਈ ਰਵਾਨਾ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਜਗਸੀਰ ਸਿੰਘ ਮਾਂਗੇਆਣਾ, ਭਾਈ ਅਜੈਬ ਸਿੰਘ ਅਭਿਆਸੀ, ਓਐੱਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਰਾਮ ਸਿੰਘ ਮੁੰਬਈ, ਇੰਚਾਰਜ ਸ. ਦਵਿੰਦਰ ਸਿੰਘ ਖੁਸ਼ੀਪੁਰ, ਯੂਪੀ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ, ਸਾਬਕਾ ਮੰਤਰੀ ਸ. ਹਰਪਾਲ ਸਿੰਘ ਜੱਗੀ, ਸ. ਕਰਨ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਬਲਦੇਵ ਸਿੰਘ ਓਗਰਾ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
350th-anniversary-of-the-martyrdom-of-sri-guru-tegh-bahadur-sahib-ji-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)