ਐਡਵੋਕੇਟ ਧਾਮੀ ਨੇ ਗੁਰਪ੍ਰੀਤ ਕੌਰ ਨੂੰ ਸਿੱਖੀ ਜਜ਼ਬੇ ਵਿਚ ਪਰਪੱਕ ਰਹਿਣ ਕਰਕੇ ਕੀਤਾ ਸਨਾਮਨਿਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੇ ਕੱਲ੍ਹ ਗੁਰਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਉਸ ਵੱਲੋਂ ਦਰਸਾਏ ਸਿੱਖੀ ਜਜ਼ਬੇ ਕਰਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਪ੍ਰੀਤ ਕੌਰ ਨੂੰ ਕਿਰਪਾਨ ਤੇ ਕੜਾ ਪਹਿਨੇ ਹੋਣ ਕਰਕੇ ਰਾਜਸਥਾਨ ਵਿਚ ਹੋਈ ਜ਼ੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਵਿੱਚ ਦਾਖ਼ਲੇ ਲਈ ਕਕਾਰ ਉਤਾਰਨ ਲਈ ਕਿਹਾ ਗਿਆ ਸੀ, ਪ੍ਰੰਤੂ ਗੁਰਪ੍ਰੀਤ ਕੌਰ ਨੇ ਸਿੱਖ ਮਰਿਆਦਾ ਦਾ ਹਵਾਲਾ ਦਿੰਦਿਆਂ ਕਕਾਰ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਕਕਾਰ ਵੱਖ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਗੁਰਸਿੱਖ ਲੜਕੀ ਨੂੰ ਧਾਰਮਿਕ ਚਿੰਨ੍ਹ ਕਕਾਰ ਉਤਾਰਣ ਲਈ ਮਜ਼ਬੂਰ ਕੀਤਾ ਅਤੇ ਵਿਰੋਧ ਕਰਨ ਉੱਤੇ ਪ੍ਰੀਖਿਆ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ, ਜੋ ਇਕ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਰਾਜਿਸਥਾਨ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਦੇ ਗ਼ਲਤ ਵਤੀਰੇ ਕਾਰਨ ਪੇਪਰ ਦੇਣ ਤੋਂ ਵਾਂਝੀ ਰਹਿ ਗਈ ਸਿੱਖ ਉਮੀਦਵਾਰ ਨੂੰ ਵਿਸ਼ੇਸ਼ ਤੌਰ ’ਤੇ ਇੱਕ ਮੌਕਾ ਦਿੰਦਿਆਂ ਉਸ ਦੀ ਪ੍ਰੀਖਿਆ ਕਰਵਾਈ ਜਾਵੇ। ਇਸ ਮੌਕੇ ਗੁਰਪ੍ਰੀਤ ਕੌਰ ਨੇ ਮਿਲੇ ਸਹਿਯੋਗ ਅਤੇ ਸਨਮਾਨ ਲਈ ਸਿੱਖ ਸੰਸਥਾ ਦਾ ਧੰਨਵਾਦ ਕੀਤਾ।
ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਮੈਂਬਰ ਸ. ਸੁਖਹਰਪ੍ਰੀਤ ਸਿੰਘ ਰੋਡੇ, ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਗੁਰਨਾਮ ਸਿੰਘ ਜੱਸਲ, ਸ. ਮੋਹਨ ਸਿੰਘ ਬੰਗੀ, ਜਥੇਦਾਰ ਕੌਰ ਸਿੰਘ, ਬੀਬੀ ਹਰਜਿੰਦਰ ਕੌਰ, ਬੀਬੀ ਜੋਗਿੰਦਰ ਕੌਰ, ਸ. ਚਰਨ ਸਿੰਘ ਆਲਮਗੀਰ, ਸਕੱਤਰ ਸ. ਪ੍ਰਤਾਪ ਸਿੰਘ ਅਤੇ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)