ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਰੀ ਕੀਤੇ ਇਸ਼ਤਿਹਾਰ ਵਿਚ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਲਿਖਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਜਿਥੇ ਸਿੱਖ ਸਿਧਾਂਤਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਸ਼ਹਾਦਤ ਦਾ ਅਪਮਾਨ ਹੈ, ਉਥੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਵੀ ਗਹਿਰੀ ਸੱਟ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਮੁਗਲ ਸਾਮਰਾਜ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਵਿਚ ਸਿੱਖਾਂ ਨੇ ਜ਼ੁਲਮੀ ਹਕੂਮਤ ਦੀਆਂ ਜੜ੍ਹਾਂ ਪੁਟਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਜਗੀਰਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ, ਜੋ ਸਮਾਜਿਕ ਬਰਾਬਰੀ ਦੀ ਇਕ ਵੱਡੀ ਮਿਸਾਲ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਬਾਣਾ ਤਿਆਗ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੇ ਸਨ ਅਤੇ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਕਹਿਣਾ ਇਤਿਹਾਸਕ ਸਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਅਜਿਹਾ ਸਾਜ਼ਿਸ਼ ਤਹਿਤ ਸਿੱਖਾਂ ਦੀ ਮੌਲਿਕਤਾ ਅਤੇ ਅੱਡਰੀ ਪਛਾਣ ਨੂੰ ਖੰਡਤ ਕਰਨ ਲਈ ਜਾਣਬੁਝ ਕੇ ਕੀਤਾ ਜਾ ਰਿਹਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਇਹ ਹਰਕਤ ਸਿੱਖ ਇਤਿਹਾਸ ਦੀ ਗਲਤ ਵਿਆਖਿਆ ਕਰਨ ਵਾਲੀ ਅਤੇ ਸਿੱਖ ਸ਼ਹੀਦਾਂ ਦਾ ਵੱਡਾ ਅਪਮਾਨ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)