ਭਵਨ ਦੇ ਨਵੀਨੀਕਰਨ ਕੀਤੇ ਹਾਲ, ਪਬਲੀਕੇਸ਼ਨ ਵਿਭਾਗ ਦੇ ਦਫ਼ਤਰ, ਲਿਟਰੇਚਰ ਘਰ ਅਤੇ ਪੰਜੀਕਰਨ ਵਾਲੀ ਪ੍ਰੈੱਸ ਦਾ ਕੀਤਾ ਉਦਘਾਟਨ
ਸੰਗਤ ਦੀ ਸੇਵਾ ਲਈ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫ਼ਰਜ਼- ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਨਵੀਨੀਕਰਨ ਕੀਤੇ ਅਸਥਾਨ, ਪਬਲੀਕੇਸ਼ਨ ਵਿਭਾਗ ਦੇ ਦਫ਼ਤਰ ਤੇ ਗੁਰਮਤਿ ਲਿਟਰੇਚਰ ਹਾਊਸ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਵਾਲੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਹਰਜਾਪ ਸਿੰਘ ਸੁਲਤਾਨਵਿੰਡ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਸ. ਗੁਰਮੀਤ ਸਿੰਘ ਬੂਹ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪਾਂ ਦੇ ਪ੍ਰਕਾਸ਼ਨ, ਸੇਵਾ ਸੰਭਾਲ ਤੇ ਰੱਖ-ਰਖਾਵ ਲਈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਚਾਰ ਨੰਬਰ ਹਾਲ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲਿਆਂ ਵੱਲੋਂ ਕਰਵਾਈ ਗਈ ਹੈ। ਇਸੇ ਤਰ੍ਹਾਂ ਪਬਲੀਕੇਸ਼ਨ ਵਿਭਾਗ ਦੇ ਦਫ਼ਤਰ ਅਤੇ ਲਿਟਰੇਚਰ ਹਾਊਸ ਨੂੰ ਵੀ ਨਵੇਂ ਸਿਰਿਉਂ ਤਿਆਰ ਕੀਤਾ ਗਿਆ ਹੈ। ਇਸ ਇਮਾਰਤ ਦੀ ਸੇਵਾ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੂੰ ਸੌਂਪੀ ਸੀ।
ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੀ ਆਸਥਾ ਦਾ ਧੁਰਾ ਹਨ, ਜਿਸ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਸਿੱਖ ਸੰਸਥਾ ਦੀ ਵੱਡੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ਨ ਕੇਵਲ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ, ਜਿਥੋਂ ਪਾਵਨ ਸਰੂਪ ਮਰਯਾਦਾ ਅਨੁਸਾਰ ਸੰਗਤਾਂ ਤੱਕ ਪਹੁੰਚਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਨਵੀਨੀਕਰਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਅਤੇ ਸੰਭਾਲ ਦੀ ਪ੍ਰਕਿਰਿਆ ਨੂੰ ਹੋਰ ਸੰਚਾਰੂ ਅਤੇ ਮਰਯਾਦਾ ਪੂਰਨ ਬਣਾਉਣਾ ਹੈ। ਨਵੇਂ ਢਾਂਚੇ ਵਿਚ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਵਿਚ ਪੂਰਨ ਸੁਰੱਖਿਆ ਅਤੇ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਇਸੇ ਤਰ੍ਹਾਂ ਪਬਲੀਕੇਸ਼ਨ ਵਿਭਾਗ ਦਾ ਨਵਾਂ ਦਫ਼ਤਰ ਅਤੇ ਲਿਟਰੇਚਰ ਹਾਊਸ ਸਿੱਖ ਸਾਹਿਤ ਨੂੰ ਸੰਗਤ ਤੱਕ ਪਹੁੰਚਾਉਣ ਦਾ ਜ਼ਰੀਆ ਬਣੇਗਾ। ਇਥੋਂ ਸੰਗਤਾਂ ਗੁਰਬਾਣੀ ਦੀਆਂ ਪਾਵਨ ਪੌਥੀਆਂ ਅਤੇ ਗੁਰਮਤਿ ਲਿਟਰੇਚਰ ਪ੍ਰਾਪਤ ਕਰ ਸਕਣਗੀਆਂ।
ਐਡਵੋਕੇਟ ਧਾਮੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮਸ਼ੀਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵੇਲੇ ਇਕ ‘ਸੇਵਾ ਪਛਾਣ ਅੰਕ’ ਕੋਡ ਦੇ ਰੂਪ ਵਿਚ ਅੰਕਿਤ ਕੀਤਾ ਜਾਵੇਗਾ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਬੰਧੀ ਜਾਣਕਾਰੀ ਨੂੰ ਸੰਭਾਲਿਆ ਜਾ ਸਕੇਗਾ, ਤਾਂ ਜੋ ਛਪਣ ਵਾਲੇ ਹਰ ਪਾਵਨ ਸਰੂਪ ਦੀ ਮੁਕੰਮਲ ਜਾਣਕਾਰੀ ਰੱਖੀ ਜਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਸੇਵਾ ਵਾਲੇ ਮਹਾਂਪੁਰਖਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ. ਮਨਜੀਤ ਸਿੰਘ, ਐਕਸੀਅਨ ਸ. ਜਤਿੰਦਰਪਾਲ ਸਿੰਘ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਸ. ਜਤਿੰਦਰਪਾਲ ਸਿੰਘ, ਸ. ਜਸਵਿੰਦਰ ਸਿੰਘ ਆਸਟ੍ਰੇਲੀਆ, ਇੰਚਾਰਜ ਸ. ਸੁਖਦੀਪ ਸਿੰਘ, ਐਸਡੀਓ ਸ. ਸੁਖਬੀਰ ਸਿੰਘ, ਗੋਲਡਨ ਆਫ਼ਸੈਟ ਪ੍ਰੈਸ ਦੇ ਮੈਨੇਜਰ ਸ. ਸੰਦੀਪ ਸਿੰਘ ਤੇ ਹੋਰ ਮੌਜੂਦ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)