ਕਾਂਗਰਸ ਨੇ ਸੱਜਣ ਕੁਮਾਰ ਅਤੇ ਕਮਲ ਨਾਥ ਵਰਗੇ ਆਗੂਆਂ ਨੂੰ ਸਿਆਸੀ ਸਰਪ੍ਰਸਤੀ ਕਿਉਂ ਦਿੱਤੀ? ਬਲਤੇਜ ਪੰਨੂ
Sep15,2026
| Narinder Kumar | Chandigarh
*ਪੰਜਾਬ 1984 ਨੂੰ ਕਦੇ ਨਹੀਂ ਭੁੱਲ ਸਕਦਾ, ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜ਼ਿੰਮੇਵਾਰਾਂ ਨੂੰ ਅੱਜ ਤੱਕ ਕਿਉਂ ਬਚਾਇਆ ਗਿਆ: ਬਲਤੇਜ ਪੰਨੂ*
*ਕਾਂਗਰਸ ਅਜੇ ਵੀ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਆਗੂਆਂ ਦਾ ਬਚਾਅ ਅਤੇ ਉਨ੍ਹਾਂ ਦਾ ਆਦਰ-ਮਾਣ ਕਿਉਂ ਕਰਦੀ ਹੈ? ਬਲਤੇਜ ਪੰਨੂ*
*ਪੰਜਾਬ ਵਿੱਚ ਵੋਟਾਂ ਮੰਗਣ ਤੋਂ ਪਹਿਲਾਂ, ਸਚਿਨ ਪਾਇਲਟ ਨੂੰ ਪੰਜਾਬੀਆਂ ਵਿਰੁੱਧ ਕਾਂਗਰਸ ਦੇ ਅੱਤਿਆਚਾਰਾਂ ਦਾ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂ*
*ਕਾਂਗਰਸ ਨੇ ਆਪਣੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਪੰਜਾਬ 'ਚ 'ਪਾਇਲਟ' ਭੇਜਿਆ ਹੈ: ਬਲਤੇਜ ਪੰਨੂ*
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਕਾਂਗਰਸੀ ਨੇਤਾ ਖੁਦ ਨੂੰ ਮਲਾਹ ਦੱਸ ਕੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖਦੇ ਸਨ, ਉਹਨਾਂ ਨੇ ਕਾਂਗਰਸ ਦੀ ਬੇੜੀ ਪੂਰੀ ਤਰ੍ਹਾਂ ਡੋਬ ਦਿੱਤੀ ਹੈ। ਹੁਣ ਉਸ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਲਈ ਹਵਾਈ ਜਹਾਜ਼ ਦਾ 'ਪਾਇਲਟ' ਉਤਾਰਿਆ ਗਿਆ ਹੈ। ਪੰਨੂ ਨੇ ਕਿਹਾ ਕਿ ਸਚਿਨ ਪਾਇਲਟ ਦਾ ਪੰਜਾਬ ਆਉਣ 'ਤੇ ਜੀ ਆਇਆਂ ਨੂੰ, ਪਰ ਪੰਜਾਬ ਦੇ ਲੋਕਾਂ ਨੂੰ ਵੋਟਾਂ ਦਾ ਵਾਸਤਾ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦੇ ਗੁਨਾਹਾਂ ਦੇ ਜਵਾਬ ਦੇਣੇ ਪੈਣਗੇ।
ਬਲਤੇਜ ਪੰਨੂ ਨੇ ਸਚਿਨ ਪਾਇਲਟ ਨੂੰ ਸਿੱਧੇ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕਾ ਕਿਉਂ ਕੀਤਾ ਅਤੇ 1984 ਦੇ ਸ਼ਰੇਆਮ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਆਪਣੀ ਹਿੱਕ ਨਾਲ ਲਾ ਕੇ ਕਿਉਂ ਰੱਖਿਆ? ਉਹਨਾਂ ਕਿਹਾ ਕਿ 1984 ਦੇ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਕਮਲਨਾਥ ਵਰਗੇ ਨੇਤਾਵਾਂ ਨੂੰ ਕਾਂਗਰਸ ਨੇ ਹਮੇਸ਼ਾ ਪੂਰੀ ਸੁਰੱਖਿਆ ਅਤੇ ਸਰਪ੍ਰਸਤੀ ਦਿੱਤੀ। ਅੱਜ ਵੀ ਕਾਂਗਰਸੀ ਆਗੂ ਇਹਨਾਂ ਕਾਤਲਾਂ ਨੂੰ ਆਪਣੇ ਆਦਰਸ਼ ਨੇਤਾ ਕਿਉਂ ਮੰਨਦੇ ਹਨ?
ਪੰਨੂ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਲਹੂ ਵਹਾਉਣ ਵਾਲੀ ਕਾਂਗਰਸ ਪਾਰਟੀ ਕਿਸ ਨੈਤਿਕਤਾ ਨਾਲ ਅੱਜ ਪੰਜਾਬੀਆਂ ਤੋਂ ਵੋਟਾਂ ਮੰਗ ਰਹੀ ਹੈ? 1984 ਵਿੱਚ ਜੋ ਹਸ਼ਰ ਕਾਂਗਰਸ ਨੇ ਸਿੱਖਾਂ ਦਾ ਕੀਤਾ, ਉਸ ਦਾ ਦਾਗ ਕਦੇ ਧੋਤਾ ਨਹੀਂ ਜਾ ਸਕਦਾ। ਸਚਿਨ ਪਾਇਲਟ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਦੇਸ਼ ਨੂੰ ਇਹ ਸਪੱਸ਼ਟ ਕਰਨ ਕਿ 1984 ਦੇ ਕਤਲੇਆਮ ਦੇ ਪਿੱਛੇ ਕਿਹੜੇ-ਕਿਹੜੇ ਕਾਂਗਰਸੀ ਨੇਤਾ ਸ਼ਾਮਲ ਸਨ, ਉਹਨਾਂ ਨੂੰ ਅੱਜ ਤੱਕ ਬਚਾਇਆ ਕਿਉਂ ਗਿਆ, ਅਤੇ ਕਾਂਗਰਸ ਉਹਨਾਂ ਨੂੰ ਆਪਣੇ ਆਈਡੀਅਲ ਨੇਤਾ ਮੰਨਣਾ ਕਦੋਂ ਬੰਦ ਕਰੇਗੀ?
———-
why-did-congress-give-political-patronage-to-leaders-like-sajjan-kumar-kamal-nath-baltej-pannu