ਸਿਹਤ ਵਿਭਾਗ ਨੇ ਮਨਾਇਆ ਡੀ-ਵਰਮਿੰਗ ਦਿਵਸ
ਭਾਰਤ ਵਿੱਚ ਲੱਖਾਂ ਬੱਚੇ ਮਿੱਟੀ ਰਾਹੀਂ ਫੈਲਣ ਵਾਲੀਆਂ ਕੀੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ, ਜੋ ਕਿ ਉਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਕਮੀ, ਕਮਜ਼ੋਰੀ, ਪੇਟ ਦਰਦ, ਭੁੱਖ ਦੀ ਕਮੀ ਅਤੇ ਪੜ੍ਹਾਈ ਵਿੱਚ ਘੱਟ ਧਿਆਨ ਵਰਗੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਇਹ ਬਿਮਾਰੀ ਮੁੱਖ ਤੌਰ ’ਤੇ ਗੰਦੀ ਮਿੱਟੀ, ਗੰਦਗੀ, ਅਸ਼ੁੱਧ ਪਾਣੀ ਅਤੇ ਹੱਥ ਨਾ ਧੋਣ ਦੀ ਆਦਤ ਕਾਰਨ ਫੈਲਦੀ ਹੈ।
ਸਿਹਤ ਵਿਭਾਗ ਲੁਧਿਆਣਾ ਵੱਲੋਂ ਅੱਜ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਇੱਕ ਵੱਡੀ ਮੁਹਿੰਮ ਚਲਾਈ ਹੈ ਜਿਸ ਤਹਿਤ ਅੱਜ ਜ਼ਿਲ੍ਹੇ ਭਰ ਵਿੱਚ 1 ਤੋਂ 19 ਸਾਲ ਤੱਕ ਦੀ ਉਮਰ ਦੇ 913322 ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ।
2457 ਆਂਗਨਵਾੜੀ ਕੇਂਦਰਾਂ ਵਿੱਚ ਦਾਖਲ 158758 ਬੱਚੇ ,1581 ਸਰਕਾਰੀ ਸਕੂਲਾਂ ਅਤੇ 1075 ਪ੍ਰਾਈਵੇਟ ਸਕੂਲਾਂ ਵਿੱਚ ਪੜਦੇ 754564 ਬੱਚੇ ਇਸ ਮੁਹਿੰਮ ਤਹਿਤ ਕਵਰ ਕੀਤੇ ਜਾਣਗੇ ।
ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਲੁਧਿਆਣਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾ ਕੇ ਕੀਤੀ ।ਇਸ ਮੌਕੇ ਤੇ ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਰਵਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਅਮਿਤਾ ਅਰੋੜਾ ਵੀ ਮੌਜੂਦ ਸਨ।ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦਿਆਂ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਜ਼ਾਰਾਂ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਰਾਹੀਂ ਇਹ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚੇ ਸ਼ਾਮਲ ਹਨ। ਜਿਨ੍ਹਾਂ ਬੱਚਿਆਂ ਨੂੰ ਅੱਜ ਇਹ ਦਵਾਈ ਨਹੀਂ ਮਿਲ ਸਕੀ, ਉਨ੍ਹਾਂ ਲਈ 14 ਅਗਸਤ ਨੂੰ “ਮੋਪ-ਅੱਪ ਡੇ” ਰੱਖਿਆ ਗਿਆ ਹੈ।
ਡਾ. ਕੌਰ ਨੇ ਇਹ ਵੀ ਕਿਹਾ ਕਿ ਮਾਪਿਆਂ, ਅਧਿਆਪਕਾਂ ਅਤੇ ਸੰਗਠਨਾਂ ਦੀ ਭੂਮਿਕਾ ਇਸ ਮੁਹਿੰਮ ਵਿੱਚ ਬਹੁਤ ਮਹੱਤਵਪੂਰਨ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਿਯਮਤ ਤੌਰ ’ਤੇ ਡੀਵਰਮਿੰਗ ਕਰਵਾਉਣ, ਸਾਫ਼ ਸੁਥਰੇ ਹੱਥ ਧੋਣ, ਅਤੇ ਸਿਹਤਮੰਦ ਆਦਤਾਂ ਨੂੰ ਆਪਣਾਉਣ ਲਈ ਪ੍ਰੇਰਿਤ ਕਰਨ।
ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਲਈ ਇਹ ਚਲਾਈ ਜਾ ਰਹੀ ਮੁਹਿੰਮ ਬਹੁਤ ਸ਼ਲਾਘਾ ਯੋਗ ਹੈ। ਸਿੱਖਿਆ ਵਿਭਾਗ ਇਸ ਮੁਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਵੇਗਾ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਮਿਤਾ ਅਰੋੜਾ ਨੇ ਦੱਸਿਆ ਕਿ ਐਲਬੈਂਡਾਜ਼ੋਲ ਦੀਆਂ ਗੋਲੀਆਂ ਬੱਚਿਆਂ ਨੂੰ ਕੀੜਿਆਂ ਤੋਂ ਮੁਕਤ ਕਰਕੇ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਇਸ ਮੌਕੇ ਤੇ ਐਸ.ਐਮ.ਓ. ਡਾ.ਸਵਿਤਾ ਸ਼ੁਕਲਾ,ਸਕੂਲ ਹੈਲਥ ਮੈਡੀਕਲ ਅਫ਼ਸਰ ਡਾ. ਹਰਬੀਰ ਸਿੰਘ,ਡਾ.ਅਮਨਦੀਪ ਕੌਰ,ਡਾ. ਗੁਰਪ੍ਰੀਤ ਸਿੰਘ, ਸਕੂਲ ਦੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ,ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ,ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ,ਮਿਉਂਸਪਲ ਨਗਰ ਨਿਗਮ ਦੇ ਸਿਹਤ ਵਿੰਗ ਦੇ ਕਮਿਊਨਿਟੀ ਵਿਕਾਸ ਅਫ਼ਸਰ ਮਹੇਸ਼ਵਰ ਸਿੰਘ ਅਤੇ ਕੁਲਜੀਤ ਕੌਰ,ਫਾਰਮੇਸੀ ਅਫ਼ਸਰ ਮਨਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ ਵੀ ਹਾਜ਼ਰ ਸੀ ।
913322-children-will-be-given-albendazole-tablets-dr-ramandeep-kaur
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)