ਡਾ. ਬਲਬੀਰ ਸਿੰਘ ਨੇ ਆਜ਼ਾਦ ਨਗਰ ਤੇ ਨਰੋਤਮ ਨਗਰ ਵਿੱਚ ਡੇਂਗੂ ਲਾਰਵਾ ਕਰਵਾਇਆ ਨਸ਼ਟ
881 ਆਮ ਆਦਮੀ ਕਲੀਨਿਕਾਂ ਵਿੱਚ ਡੇਂਗੂ ਟੈਸਟ ਅਤੇ ਵਧੀਆਂ ਸਿਹਤ ਸਹੂਲਤਾਂ ਉਪਲਬਧ
ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵੀ ਡੇਂਗੂ ਜਾਗਰੂਕਤਾ ਟ੍ਰੇਨਿੰਗ ਸ਼ੁਰੂ
ਲਾਰਵਾ ਚੈਕਿੰਗ ਲਈ ਮੁਹੱਲਾ ਵਾਈਜ਼ ਸਿਹਤ ਕਮੇਟੀਆਂ ਬਣਾਉਣ ਦੇ ਹੁਕਮ
ਡੇਂਗੂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਖੰਨਾ ਦੇ ਆਜ਼ਾਦ ਨਗਰ ਅਤੇ ਨਰੋਤਮ ਨਗਰ ਵਿਖੇ ਸਿਹਤ ਵਿਭਾਗ ਦੀ ਟੀਮ ਨਾਲ ਲੋਕਾਂ ਦੇ ਘਰਾਂ ਵਿੱਚ ਮੱਛਰ ਦਾ ਲਾਰਵਾ ਚੈਕ ਕਰਨ ਪਹੁੰਚੇ। ਇਸ ਮੌਕੇ ਸਿਹਤ ਮੰਤਰੀ ਨੇ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਸਮੇਤ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਡੇਂਗੂ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਕੀਤੀ ਅਤੇ ਮੌਕੇ ‘ਤੇ ਲਾਰਵੇ ਨੂੰ ਨਸ਼ਟ ਕਰਵਾਇਆ।
ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕ ਸੇਵਾ ਅਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਜਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਰੰਗਲਾ ਪੰਜਾਬ ਬਨਾਉਣ ਦਾ ਸੁਪਨਾ ਸਾਕਾਰ ਕਰਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ, ਡੇਂਗੂ ਮੁਕਤ ਅਤੇ ਹੋਰ ਬਿਮਾਰੀਆਂ ਤੋਂ ਮੁਕਤ ਕਰਕੇ ਤੰਦਰੁਸਤ ਤੇ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ। ਜਿਹਨਾਂ ਘਰਾਂ ਅਤੇ ਥਾਵਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਕਬਾੜ ਆਦਿ ਸਮਾਨ ਵਿੱਚ ਪਾਣੀ ਜਮਾਂ ਨਾ ਹੋਣ ਦੇਣ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ।
ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਸਾਡਾ ਤਜਰਬਾ ਬਹੁਤ ਵਧੀਆ ਰਿਹਾ। ਪਿਛਲੀ ਵਾਰੀ ਡੇਂਗੂ ਦੇ 50 ਪ੍ਰਤੀਸ਼ਤ ਕੇਸ ਘੱਟ ਹੋਏ ਸਨ। 1200 ਸਾਡੇ ਕੋਲ ਬ੍ਰੀਡਿੰਗ ਚੈਕਰ ਹੁੰਦੇ ਸਨ। ਹੁਣ 20 ਹਜ਼ਾਰ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ 31000 ਨਰਸਿੰਗ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਹ ਬੱਚੇ ਆਪਣਾ-ਆਪਣਾ ਘਰ ਵੀ ਦੇਖਦੇ ਹਨ ਅਤੇ ਸਾਡੀ ਮੁਹਿੰਮ ਦਾ ਹਿੱਸਾ ਵੀ ਬਣਦੇ ਹਨ। ਇਹ ਉਨ੍ਹਾਂ ਦੀ ਟ੍ਰੇਨਿੰਗ ਦਾ ਹਿੱਸਾ ਹੈ। ਪੰਜਾਬ ਦੇ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਡੇਂਗੂ ਦਾ ਲਾਰਵਾ ਖਤਮ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅਧਿਆਪਕ ਅੱਗੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ। ਬੱਚੇ ਆਪਣਾ-ਆਪਣਾ ਘਰ ਦੇਖਣਗੇ। ਇਸਦੇ ਬੱਚਿਆਂ ਨੂੰ ਇੰਟਰਨਲ ਅਸੈਸਮੈਟ ਦੇ ਨੰਬਰ ਦਿੱਤੇ ਜਾਣਗੇ।
ਡਾ. ਬਲਵੀਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਰਡ ਵਾਈਜ਼ ਜਾਂ ਮੁਹੱਲਾ ਵਾਈਜ਼ ਸਿਹਤ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ 881 ਆਮ ਆਦਮੀ ਕਲੀਨਿਕਾਂ ਵਿੱਚ ਹਲਕਾਅ ਦਾ ਟੀਕਾ ਵੀ ਉਪਲਬਧ ਕਰਵਾ ਦਿੱਤਾ ਗਿਆ ਹੈ। ਉੱਥੇ ਡੇਂਗੂ ਦਾ ਟੈਸਟ ਵੀ ਹੋਣ ਲੱਗ ਪਿਆ ਹੈ। ਟੈਸਟ ਵਧਾ ਕੇ 38 ਤੋਂ 47 ਕਰ ਦਿੱਤੇ ਗਏ ਹਨ। ਪ੍ਰੈਗਨੈਂਸੀ ਅਤੇ ਕਾਲਾ ਪੀਲੀਏ ਦਾ ਟੈਸਟ ਵੀ ਕੀਤਾ ਜਾਂਦਾ ਹੈ। ਦਵਾਈਆਂ ਦੀ ਗਿਣਤੀ 80 ਤੋਂ ਵਧਾ ਕੇ 160 ਕਰ ਦਿੱਤੀ ਗਈ ਹੈ। ਸਾਨੂੰ ਜਿਵੇਂ -ਜਿਵੇ ਫੀਡਬੈਕ ਮਿਲਦੀ ਹੈ ਅਸੀਂ ਉਸ ਹਿਸਾਬ ਨਾਲ ਕੰਮ ਕਰ ਰਹੇ ਹਾਂ। ਸਰਕਾਰ ਚਾਹੁੰਦੀ ਹੈ ਕਿ ਦਵਾਈ ਹਰ ਘਰ ਤੱਕ ਪਹੁੰਚੇ। ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ 3 ਕਰੋੜ 70 ਲੱਖ ਲੋਕਾਂ ਵਿੱਚੋਂ 1 ਕਰੋੜ 30 ਲੱਖ ਲੋਕਾਂ ਨੇ ਦਵਾਈ ਲਈ ਹੈ।
ਸਿਹਤ ਮੰਤਰੀ ਨੇ ਸੜਕਾਂ ਤੇ ਖੜੇ ਪਾਣੀ ਬਾਰੇ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਲੋਨੀਆਂ ਬਣਾਈਆਂ ਪਰ ਉਨ੍ਹਾਂ ਵਿੱਚ ਸੜਕਾਂ ਦੀ ਸਹੀ-ਸਹੀ ਪਲੈਨਿੰਗ ਨਹੀਂ ਕੀਤੀ ਗਈ ਉਨ੍ਹਾਂ ਵਿੱਚ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਅਣਦੇਖਿਆਂ ਕੀਤਾ ਗਿਆ ਹੈ। ਸੁਵਿਧਾਵਾਂ ਤੋਂ ਬਿਨਾਂ ਬਣੀਆਂ ਕਲੋਨੀਆਂ 'ਤੇ ਐਕਸ਼ਨ ਵੀ ਲਏ ਹਨ ਅਤੇ ਬਹੁਤ ਜਗ੍ਹਾ ਤੇ ਕਾਲੋਨਾਈਜ਼ਰਾਂ ਤੇ ਐਕਸ਼ਨ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਪਲਾਂਟ ਖ਼ਰੀਦਣ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਕਿ ਜਦੋਂ ਉਹ ਕਲੋਨੀ ਵਿੱਚ ਪਲਾਂਟ ਖ਼ਰੀਦਣ ਤਾਂ ਦੇਖ ਲੈਣਾ ਚਾਹੀਦਾ ਹੈ ਕਿ ਕਲੋਨੀ ਮਨਜ਼ੂਰ ਸ਼ੁਦਾ ਹੈ ਜਾਂ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਨੂੰ ਵੀ ਠੀਕ ਕਰ ਰਹੀ ਹੈ। ਉਸ ਵਿੱਚ ਸਰਕਾਰ ਦੇ ਨਿਯਮ ਲਾਗੂ ਹੁੰਦੇ ਹਨ। ਅੱਗੇ ਤੋਂ ਗੈਰ ਕਾਨੂੰਨੀ ਕਲੋਨੀਆਂ ਨਾ ਹੋਣ ਇਸ ਵਾਸਤੇ ਕਾਨੂੰਨ ਵੀ ਲੈ ਕੇ ਆਏ ਹਾਂ ਅਤੇ ਇਸ ਕਾਨੂੰਨ ਨੂੰ ਲਾਗੂ ਵੀ ਕਰ ਰਹੇ ਹਾਂ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਡਾ. ਬਲਜਿੰਦਰ ਸਿੰਘ ਢਿੱਲੋਂ, ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ, ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਅਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
health-minister-leads-house-to-house-dengue-larvae-checking-in-khanna
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)