ਮੀਂਹਾਂ ਦੀ ਰੁੱਤ ਜਿਥੇ ਠੰਢਕ ਅਤੇ ਹਰੇਭਰੇ ਪਲ ਲਿਆਉਂਦੀ ਹੈ, ਉਥੇ ਹੀ ਇਹ ਮੌਸਮ ਪਾਣੀ ਰਾਹੀਂ ਫੈਲਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਲਈ ਵੀ ਮਾਹੌਲ ਤਿਆਰ ਕਰ ਦਿੰਦਾ ਹੈ। ਇਸ ਮੌਸਮ ਵਿੱਚ ਹਾਈਜੀਨ ਅਤੇ ਸਾਵਧਾਨੀ ਦੀ ਥੋੜੀ ਜਿਹੀ ਲਾਪਰਵਾਹੀ ਵੀ ਸਿਹਤ ਲਈ ਗੰਭੀਰ ਨਤੀਜੇ ਲਿਆ ਸਕਦੀ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਲੁਧਿਆਣਾ ਵੱਲੋਂ ਲੋਕਾਂ ਨੂੰ ਜਲ ਜਨਿਤ ਬਿਮਾਰੀਆਂ ਵਾਂਗੂ ਡਾਇਰੀਆ, ਪੀਲੀਆ, ਗੈਸਟ੍ਰੋਐਂਟਰਾਈਟਿਸ, ਟਾਇਫਾਇਡ ਅਤੇ ਹੈਜ਼ਾ ਤੋਂ ਬਚਾਅ ਲਈ ਵਧ ਤੋਂ ਵਧ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਮੀਂਹਾਂ ਦੌਰਾਨ ਪੀਣ ਵਾਲੇ ਪਾਣੀ ਦੀ ਗੁਣਵੱਤਾ ਵਿਅਕਤੀ ਦੀ ਸਿਹਤ 'ਤੇ ਸਿੱਧਾ ਅਸਰ ਪਾਉਂਦੀ ਹੈ। ਜਿੱਥੇ ਵੀ ਪਾਣੀ ਦੇ ਸਰੋਤ ਖੁੱਲ੍ਹੇ ਹੋਣ, ਜਾਂ ਜਿਥੇ ਲੀਕੇਜ ਹੋਵੇ, ਉੱਥੇ ਗੰਦੇ ਪਾਣੀ ਦੇ ਮਿਕਸ ਹੋਣ ਦੇ ਚਾਂਸ ਵਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਬਲਿਆ ਹੋਇਆ ਜਾਂ ਫਿਲਟਰ ਕੀਤਾ ਪਾਣੀ ਹੀ ਵਰਤਣਾ ਚਾਹੀਦਾ ਹੈ, ਖਾਣਾ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਅਤੇ ਹੱਥ ਧੋਣ ਦੀ ਆਦਤ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਸਰਕਾਰੀ ਹਸਪਤਾਲਾਂ, ਸਿਵਲ ਦਫ਼ਤਰ, ਬਲਾਕ ਪੱਧਰੀ ਸਿਹਤ ਕੇਂਦਰ ਅਤੇ ਸਬ ਸੈਂਟਰਾਂ ਵਿਚ ORS, IV ਫਲੂਇਡ, ਐਂਟੀਬਾਇਓਟਿਕਸ ਤੇ ਹੋਰ ਜ਼ਰੂਰੀ ਦਵਾਈਆਂ ਦੀ ਉਚਿਤ ਵਿਆਸਥਾ ਕੀਤੀ ਗਈ ਹੈ। ਸਿਹਤ ਟੀਮਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਕਿਸੇ ਵੀ ਹਾਦਸੇ ਜਾਂ ਸੰਕਟ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਡਾ. ਕਟਾਰੀਆ ਨੇ ਇਹ ਵੀ ਦੱਸਿਆ ਕਿ ਗਰਭਵਤੀ ਔਰਤਾਂ, ਬੱਚੇ ਅਤੇ ਬਜ਼ੁਰਗ ਇਨ੍ਹਾਂ ਬਿਮਾਰੀਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਛੋਟੀ ਲਗਣ ਵਾਲੀ ਉਲਟੀ, ਬੁਖਾਰ ਜਾਂ ਦਸਤ ਦੀ ਅਣਦੇਖੀ ਨਾ ਕੀਤੀ ਜਾਵੇ ਅਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ 'ਤੇ ਜਾ ਕੇ ਜਾਂਚ ਕਰਵਾਈ ਜਾਵੇ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਨੇ ਕਿਹਾ ਕਿ ਮੀਂਹਾਂ ਦੇ ਮੌਸਮ ਵਿੱਚ ਮੀਡੀਆ ਅਤੇ ਜਨ ਸੰਚਾਰ ਸਾਧਨਾਂ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਲੁਧਿਆਣਾ ਵੱਲੋਂ ਸ਼ੋਸ਼ਲ ਮੀਡੀਆ, ਸਕੂਲ ਸਮਾਗਮ, ਪੰਫਲਟ ਵੰਡ ਅਤੇ ਆਸ਼ਾ ਵਰਕਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਜਿੰਨੇ ਜਾਗਰੂਕ ਹੋਣਗੇ, ਉਨ੍ਹਾਂ ਹੀ ਬਿਮਾਰੀ ਤੋਂ ਬਚਾਅ ਹੋਵੇਗਾ। ਉਨਾਂ ਕਿਹਾ ਕਿ “ਜਾਗਰੂਕਤਾ ਹੀ ਬਚਾਅ ਹੈ। ਅਸੀਂ ਜੇ ਸਮੇਂ ਸਿਰ ਸਾਵਧਾਨ ਹੋ ਜਾਈਏ, ਤਾਂ ਇਨ੍ਹਾਂ ਬਿਮਾਰੀਆਂ ਨੂੰ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਸਕਦੇ ਹਾਂ।”
precaution-is-the-key-to-preventing-waterborne-diseases-during-the-rainy-season-dr-vivek-kataria
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)