ਡੀ ਐਮ ਸੀ ਮੈਡੀਕਲ ਕਾਲਜ ਅਤੇ ਹਸਪਤਾਲ (DMC&H) ਨੇ ਕੈਂਸਰ ਇਲਾਜ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਡੀਐਮਸੀਐਚ ਕੈਂਸਰ ਕੇਅਰ ਸੈਂਟਰ ਵਿੱਚ ਪੰਜਾਬ ਦੀ ਪਹਿਲੀ "ਕਾਈਮੇਰਿਕ ਐਂਟੀਜਨ ਰਿਸੈਪਟਰ ਟੀ-ਸੈੱਲ" (CAR-T) ਥੈਰੇਪੀ ਸਫਲਤਾਪੂਰਵਕ ਕੀਤੀ ਗਈ। ਇਹ ਇਲਾਜ ਡਾ. ਸੁਵੀਰ ਸਿੰਘ – ਜੋ ਕਿ ਕਲੀਨੀਕਲ ਹੀਮੈਟੋਲੋਜੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਹਨ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਵੀਰ ਸਿੰਘ ਨੇ ਕਿਹਾ ਕਿ CAR-T ਥੈਰੇਪੀ ਇਕ ਕ੍ਰਾਂਤੀਕਾਰੀ ਇਮਿਊਨੋਥੈਰੇਪੀ ਤਰੀਕਾ ਹੈ ਜਿਸ ਵਿੱਚ ਮਰੀਜ਼ ਦੇ ਆਪਣੇ ਰੋਗ-ਪ੍ਰਤੀਰੋਧਕ ਸੈੱਲਾਂ ਨੂੰ ਜੈਨੇਟਿਕ ਤਰੀਕੇ ਨਾਲ ਬਦਲ ਕੇ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਸਧਾਰਣ ਭਾਸ਼ਾ ਵਿੱਚ, ਇਹ ਇਲਾਜ ਮਰੀਜ਼ ਦੇ ਆਪਣੇ ਸਰੀਰ ਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਕੈਂਸਰ ਨਾਲ ਲੜਨਾ ਹੈ, ਜੋ ਕਿ ਉਨ੍ਹਾਂ ਮਰੀਜ਼ਾਂ ਲਈ ਨਵੀਂ ਉਮੀਦ ਹੈ ਜਿਨ੍ਹਾਂ ਉੱਤੇ ਹੋਰ ਇਲਾਜ ਕਾਰਗਰ ਨਹੀਂ ਹੋਏ। ਇਹ ਇਲਾਜ ਇੰਮਿਊਨੋਐਕਟ (ImmunoACT) ਦੇ ਵਿਗਿਆਨਕ ਸਹਿਯੋਗ ਅਤੇ CAR-T ਸੈੱਲ ਬਣਾਉਣ ਦੀ ਸਹਾਇਤਾ ਨਾਲ ਸੰਭਵ ਹੋਇਆ।
ਇਹ ਉਪਲਬਧੀ ਪੰਜਾਬ ਵਿਚ ਆਪਣੀ ਕਿਸਮ ਦੀ ਪਹਿਲੀ ਹੈ, ਜਿਸ ਕਾਰਨ ਹੁਣ ਇਲਾਜ ਦੀ ਇਹ ਉੱਨਤ ਥੈਰੇਪੀ ਇਥੇ ਦੇ ਮਰੀਜ਼ਾਂ ਲਈ ਉਪਲਬਧ ਹੋ ਗਈ ਹੈ। ਪਹਿਲਾਂ, ਬੀ ਲਿੰਫੋਬਲਾਸਟਿਕ ਲੀਕੀਮੀਆ ਅਤੇ ਡਿਫਿਊਜ਼ ਲਾਰਜ ਬੀ ਸੈੱਲ ਲਿੰਫੋਮਾ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਹੋਰ ਰਾਜਾਂ ਜਾਂ ਵਿਦੇਸ਼ ਜਾਣਾ ਪੈਂਦਾ ਸੀ। ਹੁਣ ਤੱਕ ਭਾਰਤ ਵਿੱਚ ਲਗਭਗ 120 ਇਲਾਜ ਹੋਏ ਹਨ, ਅਤੇ ਡੀ ਐਮ ਸੀ ਐਚ ਪੰਜਾਬ ਵਿੱਚ ਇਹ ਥੈਰੇਪੀ ਕਰਨ ਵਾਲਾ ਪਹਿਲਾ ਹਸਪਤਾਲ ਬਣ ਗਿਆ ਹੈ।
ਡੀ ਐਮ ਸੀ ਐਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਸ਼੍ਰੀ ਬਿਪਿਨ ਗੁਪਤਾ ਨੇ ਦੱਸਿਆ ਕਿ ਡੀ ਐਮ ਸੀ ਅਤੇ ਐਚ ਕੈਂਸਰ ਕੇਅਰ ਸੈਂਟਰ ਦਾ ਕਲੀਨੀਕਲ ਹੀਮੈਟੋਲੋਜੀ ਅਤੇ ਬੀ ਐਮ ਟੀ ਵਿਭਾਗ ਪਹਿਲਾਂ ਤੋਂ ਹੀ ਬਾਲਗਾਂ ਅਤੇ ਬੱਚਿਆਂ ਲਈ ਬੋਨ ਮੈਰੋ ਟ੍ਰਾਂਸਪਲਾਂਟ ਕਰਨ ਵਾਲਾ ਇੱਕ ਮਸ਼ਹੂਰ ਕੇਂਦਰ ਹੈ। ਇੱਥੇ ਤਕਰੀਬਨ 100 ਸਟੈਮ ਸੈੱਲ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਆਟੋਲੋਜਨਸ (ਮਰੀਜ਼ ਦੇ ਆਪਣੇ ਸੈੱਲ), ਅਲੋਜਨਿਕ (ਰਿਸ਼ਤੇਦਾਰ ਦੇ ਸੈੱਲ), ਅਤੇ ਮੈਚਡ ਅਨਰੀਲੇਟਡ ਡੋਨਰ (MUD) ਟ੍ਰਾਂਸਪਲਾਂਟ ਸ਼ਾਮਿਲ ਹਨ। CAR-T ਥੈਰੇਪੀ ਦੀ ਸਫਲਤਾ ਨਾਲ ਡੀ ਐਮ ਸੀ ਐਚ ਹੁਣ ਔਖੇ, ਦੁਬਾਰਾ ਆਉਣ ਵਾਲੇ ਜਾਂ ਇਲਾਜ-ਰੋਧੀ ਖੂਨ ਦੇ ਕੈਂਸਰ ਲਈ ਇੱਕ ਕੇਂਦਰ ਵਜੋਂ ਸਥਾਪਿਤ ਹੋ ਗਿਆ ਹੈ।
ਡਾ. ਜੀ.ਐਸ. ਵਾਂਡਰ, ਪ੍ਰਿੰਸੀਪਲ, ਡੀ ਐਮ ਸੀ ਅਤੇ ਐਚ ਨੇ ਵੀ ਇਸ ਪ੍ਰਾਪਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਡੀਐਮਸੀਐਚ ਵਿੱਚ ਕਾਰ-ਟੀ ਥੈਰੇਪੀ ਕਰਨਾ ਪੰਜਾਬ ਦੇ ਕੈਂਸਰ ਮਰੀਜ਼ਾਂ ਲਈ ਇੱਕ ਵੱਡੀ ਉਪਲਬਧੀ ਹੈ। ਇਹ ਸਾਡੇ ਮੈਡੀਕਲ ਸੇਵਾ ਦੇ ਪੱਧਰ ਨੂੰ ਦਰਸਾਉਂਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਅਸੀਂ ਆਪਣੇ ਮਰੀਜ਼ਾਂ ਨੂੰ ਦੁਨੀਆਂ ਦੀ ਸਭ ਤੋਂ ਅੱਗੇ ਵਾਲੀ ਇਲਾਜ ਸੇਵਾ ਦੇਣ ਲਈ ਵਚਨਬੱਧ ਹਾਂ। ਡੀ ਐਮ ਸੀ ਅਤੇ ਐਚ ਹੁਣ ਉੱਚ ਪੱਧਰੀ ਕੈਂਸਰ ਇਲਾਜ ਲਈ ਦੇਸ਼ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕਾ ਹੈ।
ਡਾ. ਜੀ. ਐੱਸ. ਬ੍ਰਾਰ, ਸਰਜੀਕਲ ਓਂਕੋਲੋਜਿਸਟ, ਡੀ ਐਮ ਸੀ ਅਤੇ ਐਚ ਨੇ ਕਿਹਾ ਕਿ CAR-T ਥੈਰੇਪੀ ਉਹਨਾਂ ਲੋਕਾਂ ਲਈ ਨਵੀਂ ਉਮੀਦ ਲੈ ਕੇ ਆਈ ਹੈ ਜਿਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਰਹਿੰਦੇ।
ਮੈਂ ਇਸ ਟੀਮ ਦਾ ਹਿੱਸਾ ਹੋਣ ’ਤੇ ਮਾਣ ਮਹਿਸੂਸ ਕਰਦਾ ਹਾਂ ਜੋ ਸਾਡੇ ਖੇਤਰ ਵਿੱਚ ਨਵੇਂ ਤੇ ਅਧੁਨਿਕ ਕੈਂਸਰ ਇਲਾਜ ਲੈ ਕੇ ਆ ਰਹੀ ਹੈ। ਡੀ ਐਮ ਸੀ ਅਤੇ ਐਚ ਕੈਂਸਰ ਕੇਅਰ ਸੈਂਟਰ ਵਿੱਚ ਅਸੀਂ ਉਹਨਾਂ ਮਰੀਜ਼ਾਂ ਨੂੰ ਸਭ ਤੋਂ ਅੱਗੇਲੇ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ ਜਿਨ੍ਹਾਂ ਨੂੰ ਇਸ ਦੀ ਲੋੜ ਹੈ।
ਸ਼੍ਰੀ ਹਰਪਾਲ ਸਿੰਘ, ਮਰੀਜ਼ ਦੇ ਪਿਤਾ ਨੇ ਇਸ ਮੁਸ਼ਕਲ ਸਮੇਂ ਦੌਰਾਨ ਦਿੱਤੀ ਗਈ ਵਿਸ਼ੇਸ਼ ਦੇਖਭਾਲ ਅਤੇ ਸਮਰਥਨ ਲਈ ਡੀਐਮਸੀਐਂਡਐਚ ਦਾ ਦਿਲੋਂ ਧੰਨਵਾਦ ਕੀਤਾ।
dmc-h-achieves-landmark-with-region-s-first-car-t-cell-therapy
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)