ਡਾ. ਨਿਧੀ ਗੁਪਤਾ, ਮੈਡੀਕਲ ਅਫ਼ਸਰ (ਈਐਨਟੀ ਮਾਹਿਰ), ਸਿਵਲ ਹਸਪਤਾਲ, ਰੂਪਨਗਰ (ਰੋਪੜ) ਨੇ ਕਿਹਾ, “ਲੋਕ ਅਕਸਰ ਕੰਨ ਵਿੱਚੋਂ ਲਗਾਤਾਰ ਪਾਣੀ ਅ ਵਹਿਣ, ਸੁਣਨ ਦੀ ਸਮਰੱਥਾ ਘਟਣ, ਨੱਕ ਬੰਦ ਰਹਿਣ ਜਾਂ ਮੂੰਹ ਦੇ ਛਾਲਿਆਂ ਵਰਗੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਦੌਰ ਵਿੱਚ ਦਰਦ ਨਾ ਹੋਣ ਕਰਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਲਾਜ ਵਿੱਚ ਦੇਰੀ ਕਾਰਨ ਸਥਾਈ ਰੂਪ ਵਿੱਚ ਬਹਿਰਾਪਣ, ਕਰੋਨਿਕ ਸਾਇਨਸ ਜਾਂ ਗੰਭੀਰ ਮੂੰਹ ਦਾ ਕੈਂਸਰ ਹੋ ਸਕਦਾ ਹੈ।”
ਈਐਨਟੀ ਨਾਲ ਸੰਬੰਧਿਤ ਬੀਮਾਰੀਆਂ ਵਿੱਚ ਸਭ ਤੋਂ ਵੱਧ ਕੰਨਾਂ ਦੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਹਨ। ਕੰਨਾਂ ਦਾ ਪੁਰਾਣਾ ਇਨਫੈਕਸ਼ਨ ਅਤੇ ਸੁਣਨ ਸਮਰੱਥਾ ਵਿੱਚ ਕਮੀ, ਈਐਨਟੀ ਸਰਜਰੀ ਦੇ ਸਭ ਤੋਂ ਆਮ ਕਾਰਨ ਹਨ। ਮਰੀਜ਼ ਅਕਸਰ ਕੰਨ ਵਿੱਚੋਂ ਵਾਰ-ਵਾਰ ਪਾਣੀ ਵਹਿਣ, ਘੱਟ ਸੁਣਾਈ ਦੇਣ, ਕੰਨ ਵਿੱਚ ਆਵਾਜ਼ (ਘੰਟੀ ਜਾਂ ਭਨਭਨਾਹਟ) ਆਉਣਾ ਜਾਂ ਲੰਬੇ ਸਮੇਂ ਤੋਂ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਆਉਂਦੇ ਹਨ।
ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਸਾਢੇ ਪੰਜ ਮਹੀਨਿਆਂ ਦੌਰਾਨ ਲਗਭਗ 1,050 ਕੰਨਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ ਕਰੀਬ 2.9 ਕਰੋੜ ਰੁਪਏ ਖਰਚ ਹੋਏ। ਇਨ੍ਹਾਂ ਵਿੱਚ 897 ਟਾਇਮਪੈਨੋਪਲਾਸਟੀ, 88 ਰੈਡੀਕਲ ਮਾਸਟੋਇਡੈਕਟਮੀ ਅਤੇ ਕੰਨ ਦੀ ਸੱਟ ਅਤੇ ਪਿੰਨਾ (ਬਾਹਰੀ ਕੰਨ) ਦੇ ਟਿਊਮਰਾਂ ਦੀਆਂ ਸਰਜਰੀਆਂ ਸ਼ਾਮਲ ਹਨ।
ਡਾ. ਗੁਪਤਾ ਨੇ ਕਿਹਾ, “ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਰੇਸ਼ਨ ਫਟੇ ਹੋਏ ਕੰਨ ਦੇ ਪਰਦੇ ਦੀ ਮੁਰੰਮਤ ਕਰਨ ਜਾਂ ਕੰਨ ਦੇ ਵਿਚਕਾਰਲੇ ਹਿੱਸੇ ਵਿਚ ਲੰਬੇ ਸਮੇਂ ਤੋਂ ਮੌਜੂਦ ਇਨਫੈਕਸ਼ਨ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਹਨ। ਸਮੇਂ ਸਿਰ ਸਰਜਰੀ ਕਰਵਾਉਣ ਨਾਲ ਨਾ ਸਿਰਫ਼ ਸੁਣਨ ਦੀ ਸਮਰੱਥਾ ਮੁੜ ਬਹਾਲ ਹੁੰਦੀ ਹੈ, ਸਗੋਂ ਇਨਫੈਕਸ਼ਨ ਨੂੰ ਮਾਸਟੋਇਡ ਹੱਡੀ ਅਤੇ ਆਲੇ-ਦੁਆਲੇ ਦੇ ਮਹੱਤਵਪੂਰਨ ਅੰਗਾਂ ਤੱਕ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ।”’’
ਸਾਹ ਲੈਣ ਸਬੰਧੀ ਸਮੱਸਿਆਵਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ
ਲਗਾਤਾਰ ਨੱਕ ਬੰਦ ਰਹਿਣ ਦੀ ਸਮੱਸਿਆ ਨੂੰ ਲੋਕ ਆਮ ਗੱਲ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ, ਜਦਕਿ ਇਸ ਦਾ ਸਿੱਧਾ ਅਸਰ ਨੀਂਦ, ਕੰਮ ਕਰਨ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ’ਤੇ ਪੈਂਦਾ ਹੈ। ਮਾਹਿਰਾਂ ਅਨੁਸਾਰ, ਲੰਬੇ ਸਮੇਂ ਦਾ ਸਾਇਨਸ ਇਨਫੈਕਸ਼ਨ, ਨੱਕ ਦੀ ਟੇਢੀ ਹੱਡੀ (ਡੀ.ਐਨ.ਐੱਸ.), ਵਧੇ ਹੋਏ ਟਰਬੀਨੇਟਸ ਅਤੇ ਨੱਕ ਦੇ ਪੌਲਿਪਸ ਲੰਬੇ ਸਮੇਂ ਤੱਕ ਸਾਹ ਲੈਣ ਵਿੱਚ ਦਿੱਕਤ ਦੇ ਮੁੱਖ ਕਾਰਨ ਹਨ।
ਰਾਜ ਸਿਹਤ ਏਜੰਸੀ, ਪੰਜਾਬ ਦੇ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜ ਵਿੱਚ ਲਗਭਗ 900 ਨੱਕ ਅਤੇ ਸਾਇਨਸ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ 2.1 ਕਰੋੜ ਰੁਪਏ ਤੋਂ ਵੱਧ ਖਰਚ ਆਇਆ। ਇਨ੍ਹਾਂ ਵਿੱਚ 395 ਫੰਕਸ਼ਨਲ ਸੈਪਟੋ ਰਾਈਨੋਪਲਾਸਟੀ, 354 ਸੈਪਟੋਪਲਾਸਟੀ, 227 ਫੰਕਸ਼ਨਲ ਐਂਡੋਸਕੋਪਿਕ ਸਾਇਨਸ ਸਰਜਰੀ (ਐੱਫ.ਈ.ਐੱਸ.ਐੱਸ.) ਅਤੇ ਹੋਰ ਸੁਧਾਰਾਤਮਕ ਸਰਜਰੀਆਂ ਸ਼ਾਮਲ ਹਨ।
ਡਾ. ਗੁਪਤਾ ਨੇ ਕਿਹਾ, “ਕਈ ਮਰੀਜ਼ ਸਾਲਾਂ ਤੱਕ ਸਿਰਫ਼ ਨੱਕ ਵਾਲੇ ਸਪਰੇ ਦੀ ਵਰਤੋਂ ਕਰਦੇ ਰਹਿੰਦੇ ਹਨ, ਪਰ ਅਸਲ ਕਾਰਨ ਦਾ ਇਲਾਜ ਨਹੀਂ ਕਰਵਾਉਂਦੇ। ਐਂਡੋਸਕੋਪਿਕ ਸਰਜਰੀ ਲੰਬੇ ਸਮੇਂ ਲਈ ਰਾਹਤ ਦਿੰਦੀ ਹੈ, ਸਾਹ ਲੈਣ ਵਿੱਚ ਸੁਧਾਰ ਕਰਦੀ ਹੈ ਅਤੇ ਵਾਰ-ਵਾਰ ਹੋਣ ਵਾਲੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਘਟਾਉਂਦੀ ਹੈ।”
ਮੂੰਹ ਦਾ ਕੈਂਸਰ: ਮਾਮਲੇ ਘੱਟ, ਪਰ ਗੰਭੀਰਤਾ ਕਾਫ਼ੀ ਵੱਧ
ਭਾਵੇਂ ਮੂੰਹ ਅਤੇ ਜੀਭ ਸਬੰਧੀ ਸਰਜਰੀਆਂ ਦੀ ਗਿਣਤੀ ਮੁਕਾਬਲਤਨ ਘਟ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦੇਰ ਨਾਲ ਪਤਾ ਲੱਗਣ ਕਾਰਨ ਇਹ ਈਐਨਟੀ ਦੀਆਂ ਸਭ ਤੋਂ ਪੇਚੀਦੀਆਂ ਸਰਜਰੀਆਂ ਵਿੱਚੋਂ ਇੱਕ ਮੰਨੀਆਂ ਜਾਂਦੀਆਂ ਹਨ।
ਲਗਭਗ 80 ਮਰੀਜ਼ਾਂ ਦੇ ਮੂੰਹ ਅਤੇ ਜੀਭ ਸਬੰਧੀ ਆਪਰੇਸ਼ਨ ਕੀਤੇ ਗਏ, ਜਿਨ੍ਹਾਂ ’ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਵਿੱਚ ਸ਼ਾਮਲ ਹਨ—
* ਮੂੰਹ, ਸਾਇਨਸ ਅਤੇ ਗਲੇ ਦੇ ਟਿਊਮਰ ਕੱਢਣ ਦੀਆਂ 47 ਸਰਜਰੀਆਂ
* 13 ਜੀਭ ਦੇ ਟਿਊਮਰ ਦੀਆਂ ਸਰਜਰੀਆਂ, ਜਿਨ੍ਹਾਂ ਵਿੱਚ ਗਰਦਨ ਦੀਆਂ ਲਿੰਫ ਨੋਡਾਂ ਨੂੰ ਹਟਾਉਣਾ (ਨੈਕ ਡਿਸੈਕਸ਼ਨ) ਅਤੇ ਫ੍ਰੀ ਫਲੈਪ ਰੀਕੰਸਟ੍ਰਕਸ਼ਨ ਸ਼ਾਮਲ ਸੀ।
* 7 ਕੰਪੋਜ਼ਿਟ ਰੀਸੈਕਸ਼ਨ ਅਤੇ ਰੀਕੰਸਟ੍ਰਕਸ਼ਨ ਦੀਆਂ ਸਰਜਰੀਆਂ।
* ਹੈਮੀਗਲੋਸੈਕਟੋਮੀ ਸਮੇਤ ਹੋਰ ਵੱਡੇ ਆਪਰੇਸ਼ਨ।
ਡਾ. ਗੁਪਤਾ ਨੇ ਦੱਸਿਆ ਕਿ ਮੂੰਹ ਦਾ ਕੈਂਸਰ ਅਕਸਰ ਅਜਿਹੇ ਛਾਲੇ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦਾ, ਜਾਂ ਫਿਰ ਮੂੰਹ ਵਿੱਚ ਚਿੱਟੇ ਜਾਂ ਲਾਲ ਧੱਬੇ, ਜੀਭ ਵਿੱਚ ਦਰਦ ਜਾਂ ਨਿਗਲਣ ਵਿੱਚ ਮੁਸ਼ਕਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਤੰਬਾਕੂ, ਗੁਟਖਾ, ਸੁਪਾਰੀ ਅਤੇ ਸ਼ਰਾਬ ਇਸ ਦੇ ਮੁੱਖ ਕਾਰਕ ਹਨ।
ਡਾ. ਗੁਪਤਾ ਨੇ ਅੱਗੇ ਕਿਹਾ ਕਿ ਜੇ ਮੂੰਹ ਦਾ ਕੋਈ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹੇ ਤਾਂ ਉਸ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ। ‘ਦ ਲੈਂਸੇਟ’ ਸਮੇਤ ਅੰਤਰਰਾਸ਼ਟਰੀ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕੈਂਸਰ ਦੀ ਪਛਾਣ ਵਿੱਚ ਦੇਰੀ ਹੋਣ ਨਾਲ ਇਹ ਗੰਭੀਰ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਅਤੇ ਇਲਾਜ ਦੇ ਨਤੀਜੇ ਵੀ ਪ੍ਰਭਾਵਿਤ ਹੁੰਦੇ ਹਨ। ਡਾ. ਗੁਪਤਾ ਨੇ ਕਿਹਾ, “ਜੇ ਕੈਂਸਰ ਦੀ ਪਛਾਣ ਸ਼ੁਰੂ ਵਿੱਚ ਹੀ ਹੋ ਜਾਵੇ ਤਾਂ ਇਸ ਦਾ ਇਲਾਜ ਅਕਸਰ ਛੋਟੇ ਆਪਰੇਸ਼ਨ ਨਾਲ ਸੰਭਵ ਹੈ। ਪਰ ਦੇਰ ਨਾਲ ਪਤਾ ਲੱਗਣ ’ਤੇ ਵੱਡੇ ਆਪਰੇਸ਼ਨ, ਰੀਕੰਸਟ੍ਰਕਸ਼ਨ ਅਤੇ ਵਾਧੂ ਇਲਾਜ ਦੀ ਲੋੜ ਪੈਂਦੀ ਹੈ।”
ਗੰਭੀਰ ਮਾਮਲਿਆਂ ਵਿੱਚ ਗਰਦਨ ਦੀਆਂ ਲਿੰਫ ਨੋਡਾਂ ਨੂੰ ਹਟਾਉਣ ਦੀ ਸਰਜਰੀ ਅਤੇ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਟਿਸ਼ੂ ਲੈ ਕੇ ਮੂੰਹ ਦੀ ਬਣਤਰ ਨੂੰ ਦੁਬਾਰਾ ਤਿਆਰ ਕਰਨ (ਰੀਕੰਸਟ੍ਰਕਸ਼ਨ) ਦੀ ਲੋੜ ਪੈ ਸਕਦੀ ਹੈ, ਜਿਸ ਨਾਲ ਮਰੀਜ਼ ਦੀ ਬੋਲਣ ਅਤੇ ਨਿਗਲਣ ਦੀ ਸਮਰੱਥਾ ਨੂੰ ਮੁੜ ਬਹਾਲ ਕੀਤਾ ਜਾਂਦਾ ਹੈ।
ਜਾਗਰੂਕਤਾ ਨਾਲ ਗੰਭੀਰ ਬੀਮਾਰੀਆਂ ਤੋਂ ਬਚਾਅ ਸੰਭਵ
ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਈਐਨਟੀ ਨਾਲ ਸਬੰਧਿਤ ਪੇਚੀਦਗੀਆਂ ਨੂੰ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਰਾਹੀਂ ਰੋਕਿਆ ਜਾਂ ਸਫਲਤਾਪੂਰਵਕ ਠੀਕ ਕੀਤਾ ਜਾ ਸਕਦਾ ਹੈ।
ਜੇਕਰ, ਕੰਨ ਵਿੱਚੋਂ ਲਗਾਤਾਰ ਪਾਣੀ ਵਗਦਾ ਰਹੇ, ਸੁਣਨ ਦੀ ਸਮਰੱਥਾ ਘਟਣ ਲੱਗੇ, ਨੱਕ ਲੰਬੇ ਸਮੇਂ ਤੱਕ ਬੰਦ ਰਹੇ, ਵਾਰ-ਵਾਰ ਸਾਇਨਸ ਦਾ ਇਨਫੈਕਸ਼ਨ ਹੋਵੇ, ਆਵਾਜ਼ ਲਗਾਤਾਰ ਬੈਠੀ ਰਹੇ ਜਾਂ ਮੂੰਹ ਦਾ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਨਾ ਠੀਕ ਹੋਵੇ ਤਾਂ ਤੁਰੰਤ ਕਿਸੇ ਈਐਨਟੀ ਮਾਹਿਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਗੁਪਤਾ ਨੇ ਕਿਹਾ, “ਸਮੇਂ ਸਿਰ ਮਾਹਿਰ ਨਾਲ ਸਲਾਹ ਕਰਨ ਦਾ ਮਤਲਬ ਹੈ ਆਸਾਨ ਇਲਾਜ, ਜਲਦੀ ਸਿਹਤਯਾਬੀ ਅਤੇ ਲੰਬੇ ਸਮੇਂ ਤੱਕ ਬਿਹਤਰ ਨਤੀਜੇ।”
ਅੰਤ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਐਡਵਾਂਸਡ ਈਐਨਟੀ ਸਰਜਰੀਆਂ ਦੀ ਉਪਲਬਧਤਾ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ। ਪਰ, ਇਸ ਦਾ ਸਭ ਤੋਂ ਵੱਡਾ ਲਾਭ ਉਦੋਂ ਹੀ ਮਿਲੇਗਾ ਜਦੋਂ ਲੋਕ ਜਾਗਰੂਕ ਹੋਣਗੇ, ਸਮੇਂ ਸਿਰ ਜਾਂਚ ਕਰਵਾਉਣਗੇ ਅਤੇ ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਇਲਾਜ ਸ਼ੁਰੂ ਕਰਵਾਉਣਗੇ। ਇਸ ਨਾਲ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਵੱਡੇ ਆਪਰੇਸ਼ਨਾਂ ਦੀ ਲੋੜ ਵੀ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ।
-from-restoring-hearing-to-saving-lives-why-early-ent-care-matters-more-than-ever
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB