ਪੀਐਚਡੀਸੀਸੀਆਈ ਨੇ ਕੀਤਾ ਟੈਕਨੀਕਲ ਟੈਕਸਟਾਈਲ ਸੰਮੇਲਨ ਦਾ ਆਯੋਜਨ
ਕੱਪੜਾ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਤਹਿਤ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਸਹਿਯੋਗ ਨਾਲ, ਨਵੀਨਤਾ, ਸਥਿਰਤਾ ਅਤੇ ਹੁਨਰ ਵਿਕਾਸ 'ਤੇ ਕੇਂਦ੍ਰਿਤ ਟੈਕਨੀਕਲ ਟੈਕਸਟਾਈਲ 'ਤੇ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਕੱਪੜਾ ਮੰਤਰਾਲੇ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਅਜੇ ਗੁਪਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਟੈਕਨੀਕਲ ਟੈਕਸਟਾਈਲ ਦਾ ਹੈ। ਇਸ ਖੇਤਰ ਵਿੱਚ ਭਾਰਤ ਦਾ ਪਿਛਲਾ ਐਕਸਪੋਰਟ 16 ਫੀਸਦੀ ਸੀ, ਜਿਸਨੂੰ ਵਧਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਇੱਕ ਤਕਨੀਕੀ-ਟੈਕਸਟਾਈਲ ਹੱਬ ਵਜੋਂ ਵਿਕਸਤ ਕਰਨ ਲਈ, ਇੱਥੇ ਕੱਪੜਾ ਉਦਯੋਗ ਨਾਲ ਜੁੜੇ ਉੱਦਮੀਆਂ ਨੂੰ ਆਧੁਨਿਕ ਤਕਨਾਲੋਜੀ ਅਪਣਾਉਣੀ ਪਵੇਗੀ। ਇਸ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਵਧੇਗਾ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਐਗਰੀਕਲਚਰ ਟੈਕਸਟਾਈਲ, ਮੈਡੀਕਲ ਟੈਕਸਟਾਈਲ, ਜੀਓ ਟੈਕਸਟਾਈਲ ਸਮੇਤ ਹੋਰ ਯੋਜਨਾਵਾਂ ਬਾਰੇ ਦੱਸਿਆ।
ਐਨਟੀਟੀਐਮ ਦੇ ਮਿਸ਼ਨ ਡਾਇਰੈਕਟਰ ਅਸ਼ੋਕ ਮਲਹੋਤਰਾ ਨੇ ਖੋਜ ਅਤੇ ਵਿਕਾਸ ਪ੍ਰਗਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਨੀਕੀ ਕੱਪੜਾ ਦੇ ਖੇਤਰ ਵਿੱਚ ਤਕਨਾਲੋਜੀ ਉਪਲੱਬਧ ਹੈ। ਇਸ 'ਤੇ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਅੱਜ ਜ਼ੀਰੋ ਵਾਟਰ ਵਰਤੋਂ, ਜ਼ੀਰੋ ਡਿਸਚਾਰਜ ਵਾਲੇ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਭਾਰਤ ਬ੍ਰਾਂਡ ਬਣਾਉਣ ਵਿੱਚ ਲੁਧਿਆਣਾ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਮੌਕੇ ’ਤੇ ਇਨੈਸਟ ਪੰਜਾਬ ਦੇ ਵਧੀਕ ਸੀਈਓ ਰਾਹੁਲ ਚਾਬਾ ਨੇ ਟੈਕਸਟਾਈਲ ਵਿਕਾਸ ਲਈ ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ ਅਤੇ ਬੁਨਿਆਦੀ ਢਾਂਚੇ 'ਤੇ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਤਕਨੀਕੀ ਟੈਕਸਟਾਈਲ ਮਾਹਰ ਸੁਨੀਲ ਕੁਮਾਰ ਪੁਰੀ, ਓਰਲਿਕਨ ਟੈਕਸਟਾਈਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉਪ ਪ੍ਰਧਾਨ ਦੇਬਬ੍ਰਤ ਘੋਸ਼, ਉਦਯੋਗ ਮਾਹਰ ਅਖਿਲ ਸੇਠ, ਡਾ. ਐਮ.ਐਸ. ਪਰਮਾਰ, ਡਾ. ਸਵਪਨਾ ਮਿਸ਼ਰਾ, ਸੋਮਜੀਤ ਅੰਮ੍ਰਿਤ, ਨਰੇਸ਼ ਕੁਮਾਰ ਨੇ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ ਆਧੁਨਿਕ ਤਕਨਾਲੋਜੀ 'ਤੇ ਚਰਚਾ ਕੀਤੀ। ਇਸ ਮੌਕੇ 'ਤੇ ਪੀ.ਐਚ.ਡੀ.ਸੀ.ਸੀ.ਆਈ ਦੇ ਡਾਇਰੈਕਟਰ ਰਾਕੇਸ਼ ਕੁਮਾਰ ਸੰਗਰਾਏ ਨੇ ਵੱਖ-ਵੱਖ ਸੈਸ਼ਨਾਂ ਦਾ ਸੰਚਾਲਨ ਕੀਤਾ।