*ਝੋਨੇ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਪੰਜਾਬ ਤੋਂ 6 ਲ" />

cm-bhagwant-singh-mann-writes-to-union-food-public-distribution-minister-says-farmers-must-not-face-trouble-in-mandis-due-to-lack-of-storage-space

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਨੂੰ ਪੱਤਰ, ਸਟੋਰੇਜ ਲਈ ਜਗ੍ਹਾ ਦੀ ਘਾਟ ਕਾਰਨ ਮੰਡੀਆਂ ਵਿੱਚ ਕਿਸਾਨ ਖੱਜਲ-ਖੁਆਰ ਨਾ ਹੋਣ

Oct2,2026 | Narinder Kumar | Chandigarh

 
*ਝੋਨੇ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਪੰਜਾਬ ਤੋਂ 6 ਲੱਖ ਮੀਟ੍ਰਿਕ ਟਨ ਚੌਲ ਅਤੇ 15 ਲੱਖ ਮੀਟ੍ਰਿਕ ਟਨ ਕਣਕ ਤੁਰੰਤ ਚੁੱਕੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਲਗਭਗ 40 ਲੱਖ ਮੀਟ੍ਰਿਕ ਟਨ ਕਣਕ ਦੇ ਸਟਾਕ ਨੇ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਭੰਡਾਰਨ ਦੀ ਜਗ੍ਹਾ ਘੇਰੀ ਹੋਈ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਝੋਨੇ ਦੀ ਆਮਦ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਰਾਈਸ ਮਿੱਲਾਂ ਅਤੇ ਮੰਡੀਆਂ ਤੋਂ ਕਣਕ ਦਾ ਸਟਾਕ ਖਾਲੀ ਕੀਤਾ ਜਾਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਕੇਂਦਰ ਸਰਕਾਰ ਇਕ ਤੋਂ 10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਅਤੇ ਅਕਤੂਬਰ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੇ ਤੁਰੰਤ ਨਿਰਦੇਸ਼ ਜਾਰੀ ਕਰੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਸਤੰਬਰ ਮਹੀਨੇ ਵਿੱਚ ਪੰਜਾਬ ਤੋਂ ਸਿਰਫ਼ 8.30 ਲੱਖ ਮੀਟ੍ਰਿਕ ਟਨ ਚੌਲ ਅਤੇ 4.30 ਲੱਖ ਮੀਟ੍ਰਿਕ ਟਨ ਕਣਕ ਹੀ ਚੁੱਕੀ ਗਈ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਜਗ੍ਹਾ ਦੀ ਘਾਟ ਕਾਰਨ ਝੋਨੇ ਦੀ ਖਰੀਦ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਅਤੇ ਨਾ ਹੀ ਕਿਸਾਨਾਂ ਨੂੰ ਪ੍ਰੇਸ਼ਾਨੀ ਹੋਣੀ ਚਾਹੀਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਸਾਉਣੀ ਮੰਡੀਕਰਨ ਸੀਜ਼ਨ-2026-27 ਦੀ ਖਰੀਦ ਵਿੱਚ ਰੁਕਾਵਟ ਤੋਂ ਬਚਣ ਲਈ ਅਨਾਜ ਦੀ ਸਮੇਂ ਸਿਰ ਲਿਫਟਿੰਗ ਜ਼ਰੂਰੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚੋਂ ਅਨਾਜ ਦਾ ਸਟਾਕ ਤੁਰੰਤ ਖਾਲੀ ਕੀਤਾ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਚੱਜੀ ਖਰੀਦ ਨੂੰ ਯਕੀਨੀ ਬਣਾਉਣ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਭੰਡਾਰਨ ਲਈ ਢੁਕਵੀਂ ਜਗ੍ਹਾ ਯਕੀਨੀ ਬਣਾਉਣੀ ਲਾਜ਼ਮੀ ਹੈ।
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ 10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਦੀ ਤੁਰੰਤ ਲਿਫਟਿੰਗ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਲਗਭਗ 40 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਰਾਈਸ ਮਿੱਲਾਂ ਅਤੇ ਮੰਡੀਆਂ ਦੇ ਫੜ੍ਹਾਂ (ਯਾਰਡ) ਵਿੱਚ ਜਗ੍ਹਾ ਘੇਰੀ ਬੈਠਾ ਹੈ, ਜਿਸ ਵਿੱਚੋਂ ਲਗਭਗ 17 ਲੱਖ ਮੀਟ੍ਰਿਕ ਟਨ ਅਜੇ ਵੀ ਉੱਥੇ ਹੀ ਪਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਨਵੇਂ ਆਉਣ ਵਾਲੇ ਝੋਨੇ ਲਈ ਪੂਰੀ ਜਗ੍ਹਾ ਬਣਾਉਣ ਲਈ ਇਸ ਸਟਾਕ ਨੂੰ ਖਾਲੀ ਕਰਨਾ ਜ਼ਰੂਰੀ ਹੈ ਤਾਂ ਜੋ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਬਿਨਾਂ ਕਿਸੇ ਸਟੋਰੇਜ ਸਮੱਸਿਆ ਦੇ ਲਿਆ ਸਕਣ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖੇ ਪੱਤਰ ਵਿੱਚ ਯਾਦ ਦਿਵਾਇਆ ਕਿ ਪੰਜਾਬ ਨੇ ਸਤੰਬਰ, 2026 ਦੌਰਾਨ ਸਾਉਣੀ ਮੰਡੀਕਰਨ ਸੀਜ਼ਨ, 2025-26 ਦੇ ਚੌਲ ਦੇਣ ਦੀ ਪ੍ਰਕਿਰਿਆ ਪੂਰੀ ਕਰਨ ਅਤੇ ਸਾਉਣੀ ਮੰਡੀਕਰਨ ਸੀਜ਼ਨ, 2026-27 ਸ਼ੁਰੂ ਹੋਣ ਤੋਂ ਪਹਿਲਾਂ ਰਾਈਸ ਮਿੱਲਾਂ ਤੇ ਮੰਡੀ ਯਾਰਡਾਂ ਵਿੱਚ ਸਟੋਰ ਕੀਤੀ ਕਣਕ ਨੂੰ ਖਾਲੀ ਕਰਨ ਲਈ 15 ਲੱਖ ਮੀਟ੍ਰਿਕ ਟਨ ਚੌਲ ਅਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਬੇਨਤੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ, "ਹਾਲਾਂਕਿ, 1 ਤੋਂ 29 ਸਤੰਬਰ, 2026 ਤੱਕ ਸੂਬੇ ਤੋਂ ਸਿਰਫ਼ 8.3 ਲੱਖ ਮੀਟ੍ਰਿਕ ਟਨ ਚੌਲ ਅਤੇ 4.3 ਲੱਖ ਮੀਟ੍ਰਿਕ ਟਨ ਕਣਕ ਹੀ ਬਾਹਰ ਭੇਜੀ ਗਈ ਹੈ।"
ਉਨ੍ਹਾਂ ਅੱਗੇ ਦੱਸਿਆ, "ਇਸ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਕੋਲ ਸਟੋਰੇਜ ਦੀ ਲਗਾਤਾਰ ਘਾਟ ਕਾਰਨ  ਸਾਉਣੀ ਮੰਡੀਕਰਨ ਸੀਜ਼ਨ 2025-26 ਦੇ ਤੈਅਸ਼ੁਦਾ 105.64 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ ਅੱਜ (29 ਸਤੰਬਰ, 2026) ਤੱਕ ਸਿਰਫ਼ 99.50 ਲੱਖ ਮੀਟ੍ਰਿਕ ਟਨ (94%) ਕਸਟਮ ਮਿਲਡ ਰਾਈਸ  ਹੀ ਡਿਲੀਵਰ ਕੀਤਾ ਜਾ ਸਕਿਆ ਹੈ ਅਤੇ ਲਗਭਗ 6 ਲੱਖ ਮੀਟ੍ਰਿਕ ਟਨ ਚੌਲ ਅਜੇ ਵੀ ਡਿਲੀਵਰ ਹੋਣਾ ਬਾਕੀ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਸਾਉਣੀ ਮੰਡੀਕਰਨ ਸੀਜ਼ਨ (ਕੇ.ਐਮ.ਐਸ.) ਦੀ ਸ਼ੁਰੂਆਤ ਭਲਕੇ ਭਾਵ 1 ਅਕਤੂਬਰ 2026 ਤੋਂ ਹੋਣ ਜਾ ਰਹੀ ਹੈ ਅਤੇ 10 ਅਕਤੂਬਰ 2026 ਦੇ ਕਰੀਬ ਝੋਨੇ ਦੀ ਆਮਦ ਸਿਖਰਾਂ 'ਤੇ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਇਸ ਸਾਉਣੀ ਸੀਜ਼ਨ ਦੌਰਾਨ ਬਕਾਇਆ ਝੋਨੇ ਦੇ ਸਟਾਕ ਨੂੰ ਕਲੀਅਰ ਕਰਨ ਅਤੇ ਸਟਾਕ ਦੇ ਹਿਸਾਬ-ਕਿਤਾਬ ਤੇ ਝੋਨੇ/ਚੌਲਾਂ ਦੀ ਰੀਸਾਈਕਲਿੰਗ ਵਿੱਚ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਤੋਂ ਬਚਣ ਲਈ ਐੱਫ.ਸੀ.ਆਈ. ਨੂੰ ਸਾਰੇ ਬਕਾਇਆ ਚੌਲਾਂ ਦੀ ਡਿਲੀਵਰੀ ਤੁਰੰਤ ਮੁਕੰਮਲ ਕੀਤੀ ਜਾਣੀ ਬਹੁਤ ਅਹਿਮ ਹੈ।”
ਮੁੱਖ ਮੰਤਰੀ ਨੇ ਕਿਹਾ, “ਮਿਲਿੰਗ ਵਿੱਚ ਹੋ ਰਹੀ ਦੇਰੀ ਕਾਰਨ ਸ਼ੈਲਰ ਮਾਲਕਾਂ ਵਿੱਚ ਪਹਿਲਾਂ ਹੀ ਬੇਚੈਨੀ ਪਾਈ ਜਾ ਰਹੀ ਹੈ। ਜੇਕਰ ਚੌਲਾਂ ਦੀ ਡਿਲੀਵਰੀ ਮੱਧ ਅਕਤੂਬਰ ਤੋਂ ਬਾਅਦ ਤੱਕ ਲਟਕਦੀ ਹੈ, ਤਾਂ ਰਾਈਸ ਮਿੱਲਰ ਝੋਨੇ ਦੇ ਭੰਡਾਰਨ ਅਤੇ ਮਿਲਿੰਗ ਲਈ ਅੱਗੇ ਨਹੀਂ ਆਉਣਗੇ। ਅਜਿਹੀ ਸਥਿਤੀ ਹੋਰਨਾਂ ਹਿੱਸੇਦਾਰਾਂ, ਖਾਸ ਕਰਕੇ ਕਿਸਾਨਾਂ ਵਿੱਚ ਵੀ ਬੇਚੈਨੀ ਦਾ ਕਾਰਨ ਬਣ ਸਕਦੀ ਹੈ।”
ਉਨ੍ਹਾਂ ਕਿਹਾ, “ਹਾਲਾਂਕਿ ਸੂਬਾ ਸਰਕਾਰ ਚੌਲਾਂ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ, ਪਰ ਫਿਰ ਵੀ ਇਸ ਉਦੇਸ਼ ਦੀ ਪੂਰਤੀ ਲਈ 1 ਅਕਤੂਬਰ ਤੋਂ 10 ਅਕਤੂਬਰ ਦਰਮਿਆਨ 6 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਚੌਲਾਂ ਦੇ ਸਟਾਕ ਦੀ ਤੁਰੰਤ ਚੁਕਾਈ ਕਰਨਾ ਬੇਹੱਦ ਜ਼ਰੂਰੀ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਣਕ ਦੇ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਦਾ ਜ਼ਿਕਰ ਕਰਦਿਆਂ ਕਿਹਾ, “ਇੱਥੇ ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਸੂਬੇ ਵਿੱਚ ਕਣਕ ਦੇ ਭੰਡਾਰਨ ਲਈ ਥਾਂ ਦੀ ਘਾਟ ਕਾਰਨ, ਹਾੜ੍ਹੀ ਮੰਡੀਕਰਨ ਸੀਜ਼ਨ (ਆਰ.ਐਮ.ਐਸ.) 2026-27 ਦੌਰਾਨ ਖਰੀਦੀ ਗਈ ਲਗਭਗ 40 ਲੱਖ ਮੀਟ੍ਰਿਕ ਟਨ ਕਣਕ ਇਸ ਸ਼ਰਤ 'ਤੇ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਰੱਖੀ ਗਈ ਸੀ ਕਿ ਇਸ ਸਟਾਕ ਨੂੰ ਸਤੰਬਰ ਜਾਂ ਮੱਧ ਅਕਤੂਬਰ 2026 ਤੱਕ ਚੁੱਕ ਲਿਆ ਜਾਵੇਗਾ।”
ਮੁੱਖ ਮੰਤਰੀ ਨੇ ਕਿਹਾ, “ਪਰ ਜੂਨ ਤੋਂ ਸਤੰਬਰ 2026 ਦਰਮਿਆਨ ਸੂਬੇ ਵਿੱਚੋਂ ਕਣਕ ਦੀ ਚੁਕਾਈ ਦੀ ਰਫ਼ਤਾਰ ਕਾਫ਼ੀ ਸੁਸਤ ਰਹਿਣ ਕਾਰਨ, ਅੱਜ ਦੀ ਤਰੀਕ ਤੱਕ ਆਰ.ਐੱਮ.ਐੱਸ. 2026-27 ਦੀ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਅਜੇ ਵੀ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਈ ਹੈ।”
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, “ਜੇਕਰ ਇਸ ਕਣਕ ਦੀ ਚੁਕਾਈ ਨਾ ਕੀਤੀ ਗਈ, ਤਾਂ ਸੁਭਾਵਿਕ ਤੌਰ 'ਤੇ ਕਿਸਾਨ ਮੰਡੀਆਂ ਵਿੱਚ ਆਪਣੀ ਫ਼ਸਲ ਉਤਾਰ ਨਹੀਂ ਸਕਣਗੇ ਅਤੇ ਨਾਲ ਹੀ ਰਾਈਸ ਮਿੱਲਾਂ ਵਿੱਚ ਵੀ ਝੋਨੇ ਦੇ ਭੰਡਾਰਨ ਲਈ ਢੁਕਵੀਂ ਥਾਂ ਨਹੀਂ ਬਚੇਗੀ, ਜਿਸ ਨਾਲ ਖਰੀਦ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।”
ਉਨ੍ਹਾਂ ਅੱਗੇ ਕਿਹਾ, “ਅਜਿਹੀ ਸਥਿਤੀ ਕੇ.ਐੱਮ.ਐੱਸ. 2026-27 ਦੌਰਾਨ ਝੋਨੇ ਦੀ ਭਾਰੀ ਆਮਦ ਵੇਲੇ ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵੀ ਖੜ੍ਹੀ ਕਰ ਸਕਦੀ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਅਨਾਜ ਦੀ ਲੋੜੀਂਦੀ ਮਹੀਨਾਵਾਰ ਚੁਕਾਈ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, “ਇਹ ਦੱਸਣਾ ਜ਼ਰੂਰੀ ਹੈ ਕਿ ਸੂਬਾ ਸਰਕਾਰ ਜੂਨ 2026 ਤੋਂ ਹਰ ਮਹੀਨੇ ਘੱਟੋ-ਘੱਟ 10 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਦੀ ਚੁਕਾਈ ਦੀ ਲਗਾਤਾਰ ਮੰਗ ਕਰਦੀ ਆ ਰਹੀ ਹੈ, ਪਰ ਜੂਨ ਤੋਂ ਸਤੰਬਰ 2026 ਦੌਰਾਨ ਕਣਕ ਅਤੇ ਚੌਲਾਂ ਦੀ ਅਸਲ ਚੁਕਾਈ ਉਮੀਦ ਤੋਂ ਬਹੁਤ ਘੱਟ ਰਹੀ ਹੈ।”
ਮੁੱਖ ਮੰਤਰੀ ਦੇ ਪੱਤਰ ਵਿੱਚ ਦਰਜ ਅੰਕੜਿਆਂ ਅਨੁਸਾਰ, ਜੂਨ 2026 ਦੌਰਾਨ ਕੁੱਲ ਚੁਕਾਈ 11.91 ਲੱਖ ਮੀਟ੍ਰਿਕ ਟਨ ਰਹੀ, ਜਿਸ ਵਿੱਚ 6.55 ਲੱਖ ਮੀਟ੍ਰਿਕ ਟਨ ਚੌਲ ਅਤੇ 5.36 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਸੀ। ਜੁਲਾਈ ਦੌਰਾਨ ਕੁੱਲ ਚੁਕਾਈ 11.60 ਲੱਖ ਮੀਟ੍ਰਿਕ ਟਨ ਰਹੀ, ਜਿਸ ਵਿੱਚ 6.70 ਲੱਖ ਮੀਟ੍ਰਿਕ ਟਨ ਚੌਲ ਅਤੇ 4.90 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਸੀ। ਅਗਸਤ ਮਹੀਨੇ ਵਿੱਚ 12.72 ਲੱਖ ਮੀਟ੍ਰਿਕ ਟਨ ਅਨਾਜ ਬਾਹਰ ਭੇਜਿਆ ਗਿਆ, ਜਿਸ ਵਿੱਚ 7.70 ਲੱਖ ਮੀਟ੍ਰਿਕ ਟਨ ਚੌਲ ਅਤੇ 5.02 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਸੀ, ਜਦਕਿ ਸਤੰਬਰ ਮਹੀਨੇ (29 ਸਤੰਬਰ ਤੱਕ) 12.60 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ ਹੋਈ, ਜਿਸ ਵਿੱਚ 8.30 ਲੱਖ ਮੀਟ੍ਰਿਕ ਟਨ ਚੌਲ ਅਤੇ 4.30 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਲਈ ਕੇ.ਐੱਮ.ਐੱਸ. 2026-27 ਦੌਰਾਨ ਝੋਨੇ ਦੀ ਖਰੀਦ ਅਤੇ ਭੰਡਾਰਨ ਵਾਸਤੇ ਥਾਂ ਬਣਾਉਣ ਲਈ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਈ ਕਣਕ ਨੂੰ ਅਕਤੂਬਰ 2026 ਦੌਰਾਨ ਤੁਰੰਤ ਚੁੱਕਿਆ ਜਾਣਾ ਜ਼ਰੂਰੀ ਹੈ।”
ਉਨ੍ਹਾਂ ਅੱਗੇ ਕਿਹਾ, “ਆਪਣੇ ਅਹਾਤਿਆਂ ਵਿੱਚ ਜਗ੍ਹਾ ਦੀ ਤੰਗੀ ਦਾ ਹਵਾਲਾ ਦੇ ਕੇ ਰਾਈਸ ਮਿੱਲਰ ਕੇ.ਐੱਮ.ਐੱਸ. 2026-27 ਦੇ ਝੋਨੇ ਦੀ ਅਲਾਟਮੈਂਟ/ਭੰਡਾਰਨ ਅਤੇ ਮਿਲਿੰਗ ਲਈ ਹੱਥ ਪਿੱਛੇ ਖਿੱਚ ਸਕਦੇ ਹਨ।”
ਇਸ ਲਈ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ, “ਮੈਂ ਤੁਹਾਨੂੰ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇਣ ਦੀ ਬੇਨਤੀ ਕਰਦਾ ਹਾਂ ਕਿ ਖ਼ੁਰਾਕ ਤੇ ਜਨਤਕ ਵੰਡ ਵਿਭਾਗ ਅਤੇ ਐੱਫ.ਸੀ.ਆਈ. ਹੈੱਡਕੁਆਰਟਰ ਦੇ ਸਬੰਧਤ ਅਧਿਕਾਰੀਆਂ ਨੂੰ 1 ਅਕਤੂਬਰ ਤੋਂ 10 ਅਕਤੂਬਰ ਦਰਮਿਆਨ ਪੰਜਾਬ ਵਿੱਚੋਂ 6 ਲੱਖ ਮੀਟ੍ਰਿਕ ਟਨ ਚੌਲਾਂ ਅਤੇ ਅਕਤੂਬਰ 2026 ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਯਕੀਨੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇ.ਐੱਮ.ਐੱਸ. 2026-27 ਦੌਰਾਨ ਸੁਚਾਰੂ ਖਰੀਦ ਪ੍ਰਕਿਰਿਆ ਨੂੰ ਚਲਾਉਣ ਅਤੇ ਸੰਵੇਦਨਸ਼ੀਲ ਸਰਹੱਦੀ ਸੂਬੇ ਵਿੱਚ ਕਿਸੇ ਵੀ ਅਣਸੁਖਾਵੀਂ ਜਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਣ ਲਈ ਇਹ ਚੁਕਾਈ ਬੇਹੱਦ ਜ਼ਰੂਰੀ ਹੈ।”
----------

cm-bhagwant-singh-mann-writes-to-union-food-public-distribution-minister-says-farmers-must-not-face-trouble-in-mandis-due-to-lack-of-storage-space


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com