government-working-continuously-for-development-of-border-areas-and-providing-better-basic-amenities-lal-chand-kataruchak

ਸਰਹੱਦੀ ਖੇਤਰਾਂ ਦੇ ਵਿਕਾਸ ਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੰਮ ਜਾਰੀ: ਲਾਲ ਚੰਦ ਕਟਾਰੂਚੱਕ

Sep22,2026 | Narinder Kumar | Chandigarh

-- ਕੈਬਨਿਟ ਮੰਤਰੀ ਨੇ ਸਰਹੱਦੀ ਖੇਤਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਤਾਸ਼ ਅਤੇ ਮਾਖਨਪੁਰ ਦਾ ਕੀਤਾ ਵਿਸ਼ੇਸ਼ ਦੌਰਾ

----ਤਾਸ਼-ਮਾਖਣਪੁਰ-ਕੋਹਲਿਆ ਮੁੱਖ ਮਾਰਗ ਦੀ ਚੌੜਾਈ 10 ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ : ਲਾਲ ਚੰਦ ਕਟਾਰੂਚੱਕ

-----ਸੜਕ ਦਾ ਨਿਰਮਾਣ ਮਿਆਰੀ ਸਮੱਗਰੀ ਨਾਲ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ

 
ਹਿੰਦ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਚੱਲ ਰਹੇ ਵਿਸ਼ੇਸ਼ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਮਾਖਣਪੁਰ ਅਤੇ ਤਾਸ਼ ਖੇਤਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੌਕੇ ’ਤੇ ਪਹੁੰਚ ਕੇ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੇ ਸਬੰਧਤ ਠੇਕੇਦਾਰ ਤੋਂ ਕੰਮ ਦੀ ਪ੍ਰਗਤੀ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਭੋਆ ਵਿੱਚ ਸੜਕਾਂ ਦੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੀ ਚੌੜਾਈ ਪਹਿਲਾਂ ਕਰੀਬ 10 ਫੁੱਟ ਸੀ, ਜਿਸ ਨੂੰ ਹੁਣ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਦੀ ਘੱਟ ਚੌੜਾਈ ਕਾਰਨ ਪਹਿਲਾਂ ਕਿਸਾਨਾਂ ਨੂੰ ਆਪਣੀ ਫ਼ਸਲ, ਖ਼ਾਸ ਕਰਕੇ ਗੰਨਾ ਅਤੇ ਹੋਰ ਖੇਤੀਬਾੜੀ ਉਤਪਾਦ, ਮੰਡੀਆਂ ਤੱਕ ਲਿਜਾਣ ਸਮੇਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੜਕ ਦੀ ਚੌੜਾਈ ਵਧਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਆਸਾਨੀ ਹੋਵੇਗੀ।
ਉਨ੍ਹਾਂ ਨੇ ਨਿਰਮਾਣ ਕਾਰਜ ਕਰ ਰਹੇ ਠੇਕੇਦਾਰ ਨੂੰ ਹਿਦਾਇਤ ਕੀਤੀ ਕਿ ਸੜਕ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਨਿਰਮਾਣ ਦੌਰਾਨ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਉੱਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੱਕ ਇਸ ਦਾ ਲਾਭ ਮਿਲ ਸਕੇ।
ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੜਕ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਕੇ ਇਸ ਨੂੰ ਲੋਕਾਂ ਦੀ ਆਵਾਜਾਈ ਲਈ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਰਪੰਚ ਮਾਖਣਪੁਰ ਮੰਗਾ, ਸਰਪੰਚ ਡੇਰਾ ਬਸਤੀ ਮਾਖਣਪੁਰ ਗੁਰਮੇਜ ਸਿੰਘ, ਸੂਬੇਦਾਰ ਸੋਹਣ ਮਾਖਣਪੁਰ, ਅਮਰੀਕ ਸਿੰਘ, ਲਵਲੀ ਮੰਜ਼ੀਰੀ ਤੋਂ ਇਲਾਵਾ ਸਥਾਨਕ ਵਸਨੀਕ ਵੀ ਹਾਜ਼ਰ ਸਨ।
-----------

government-working-continuously-for-development-of-border-areas-and-providing-better-basic-amenities-lal-chand-kataruchak


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com