ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ “ਬਰਗਾੜੀ ਮਾਡਲ”ਅਪਨਾਉਣ ਦੀ
Aug1,2026
| Narinder Kumar | Chandigarh
ਸਖ਼ਤ ਲੋੜ— ਪ੍ਰੋ. ਗੁਰਭਜਨ ਸਿੰਘ ਗਿੱਲ
ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ ਪੀਪਲਜ਼ ਫੋਰਮ ਬਰਗਾੜੀ ਮਾਡਲ ਅਪਨਾਉਣ ਦੀ
ਸਖ਼ਤ ਲੋੜ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਚਰਚਿਤ ਪਿੰਡ ਬਰਗਾੜੀ ਤੇ ਇਲਾਕੇ ਦੈ 23 ਨੌਜਵਾਨਾਂ ਨੇ ਸਾਲ 2000 ਵਿੱਚ ਪੁਸਤਕ ਸੱਭਿਆਚਾਰ ਅਤੇ ਸਾਹਿੱਤ, ਸਿਹਤ ਅਤੇ ਸੱਫਿਆਚਾਰ ਦੀ ਉਸਾਰੀ ਲਈ ਕਮਰਕੱਸਾ ਕੀਤਾ ਤੇ ਲਗਾਤਾਰ ਸਰਗਰਮੀ ਕਰਕੇ ਪੰਜਾਬ ਨੂੰ ਸਾਹਿੱਤ ਅਤੇ ਵਾਤਾਵਰਣ ਪੱਖੋਂ ਮਹੱਤਵਪੂਰਨ ਕੰਮ ਕੀਤਾ ਹੈ।
ਪੀਪਲਜ਼ ਫੋਰਮ ਵੱਲੋਂ ਹੁਣ ਤੀਕ ਪੁਸਤਕ ਮੇਲੇ, ਵਾਤਾਵਰਣ ਸੰਭਾਲ ਅਤੇ ਘਰ ਘਰ ਲਾਇਬਰੇਰੀ ਉਸਾਰਨ ਦਾ ਕੰਮ ਆਰੱਭ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਨਿੱਕੇ ਨਿੱਕੇ ਸਮੂਹ ਬਣਾ ਕੇ ਇਸ ਢੰਗ ਨਾਲ ਪੁਸਤਕ ਸੱਭਿਆਚਾਰ ਦੀ ਉਸਾਰੀ ਕੀਤੀ ਜਾ ਸਕਦੀ ਹੈ।
ਖੁਸ਼ਵੰਤ ਬਰਗਾੜੀ ਨੇ ਇਸ ਮੌਕੇ ਗੁਰਬਚਨ ਸਿੰਘ ਭੁੱਲਰ ਵੱਲੌਂ ਮਾਂ ਬੋਲੀ ਪੰਜਾਬੀ ਬਾਰੇ ਲਿਖੀ ਸੱਜਰੀ ਪੁਸਤਕ “ ਪੰਜਾਬੀ ਵਿੱਚ ਕਾਂਜੀ- ਕਿਸ ਦੀ ਮਜਾਲ” ਦੀ ਕਾਪੀ ਵੀ ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ।
ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਪੁਸਤਕਾਂ ਦਾ ਸੈੱਟ ਹਰ ਦੋ ਮਹੀਨੇ ਬਾਦ ਭੇਜਿਆ ਜਾਂਦਾ ਹੈ ਅਤੇ ਜੁਲਾਈ- ਅਗਸਤ 2026 ਦੇ ਇਸ ਸੈੱਟ ਵਿੱਚ ਬਲਬੀਰ ਪਰਵਾਨਾ ਦਾ ਨਵਾਂ ਕਹਾਣੀ ਸੰਗ੍ਰਹਿ “ਸਭ ਤੋਂ ਉਦਾਸ ਇਬਾਰਤ”,ਹਰਮੀਤ ਵਿਦਿਆਰਥੀ ਦੀ ਕਿਸਾਨ ਮੋਰਚੇ ਦੌਰਾਨ ਲਿਖੀ ਸਿਰਜਣਾਤਮਕ ਡਾਇਰੀ “ਧਰਤਿ ਨੇ ਬੋਲਣਾ ਹੀ ਸੀ” ਅਤੇ ਕੁਮਾਰ ਜਗਦੇਵ ਦੀ ਵਾਰਤਕ ਪੁਸਤਕ “ ਮੈਲ਼ੇ ਲੱਠੇ ਦੀ ਝਾਲਰ ਅਤੇ ਪੰਜਾਬੀ ਸਾਹਿੱਤ ਸਭਾ ਨਵੀਂ ਦਿੱਲੀ ਦਾ ਤ੍ਰੈਮਾਸਿਕ ਪੱਤਰ “ਸਮਕਾਲੀ ਸਾਹਿੱਤ”ਵੀ ਹਰ ਵਾਰ ਵਾਂਗ ਭੇਜਿਆ ਜਾ ਰਿਹਾ ਹੈ।
ਬੀਤੀ ਸ਼ਾਮ ਪੀਪਲਜ਼ ਫੋਰਮ ਦੇ ਆਗੂ ਖੁਸ਼ਵੰਤ ਬਰਗਾੜੀ ਨੇ ਲੁਧਿਆਣਾ ਵਿੱਚ ਪ੍ਰੋ. ਗਿੱਲ ਨੂੰ ਦੱਸਿਆ ਕਿ ਸਾਲ 2013 ਤੋਂ ਬਿਨਾਂ ਕਿਸੇ ਸਰਕਾਰ ਜਾਂ ਸੰਸਥਾ ਤੋਂ ਆਰਥਿਕ ਮਦਦ ਲਏ ਫੋਰਮ ਵੱਲੋਂ ਹੁਣ ਤੀਕ 350 ਪੁਸਤਕਾਂ ਛਾਪ ਕੇ ਘਰੇਲੂ ਲਾਇਬਰੇਰੀਆਂ ਲਈ ਭੇਜੀਆਂ ਜਾ ਚੁੱਕੀਆਂ ਹਨ। ਵਰਨਣ ਯੋਗ ਗੱਲ ਇਹ ਹੈ ਕਿ ਕਿਸੇ ਵੀ ਲੇਖਕ ਕੋਲੋਂ ਪੁਸਤਕ ਪ੍ਰਕਾਸ਼ਨ ਲਈ ਪੈਸੇ ਨਹੀਂ ਲਏ ਜਾਂਦੇ ਸਗੋਂ ਹਰ ਲੇਖਕ ਨੂੰ ਰਾਇਲਟੀ ਵਜੋਂ ਕੁਝ ਪੁਸਤਕਾ ਭੇਂਟ ਕੀਤੀਆਂ ਜਾਂਦੀਆਂ ਹਨ। ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਸਿਰਫ਼ 350/- ਰੁਪਏ ਵਿੱਚ ਚਾਰ ਕਿਤਾਬਾਂ ਦਾ ਸੈੱਟ ਪੰਜਾਬ ਤੇ ਹੋਰ ਸੂਬਿਆਂ ਵਿੱਚ ਵੱਸਦੇ 750 ਪੰਜਾਬੀ ਪਰਿਵਾਰਾਂ ਨੂੰ ਡਾਕ ਰਾਹੀਂ ਭੇਜਿਆ ਜਾਂਦਾ ਹੈ। ਦੇਸ਼ ਵਿੱਚ ਕਿਸੇ ਤੋਂ ਵੀ ਵਾਧੂ ਡਾਕ ਖ਼ਰਚ ਨਹੀਂ ਲਿਆ ਜਾਂਦਾ। ਬਦੇਸ਼ ਵੱਸਦੇ 50 ਪੰਜਾਬੀ ਪਰਿਵਾਰ ਵੀ ਇਸ ਘਰੇਲੂ ਪੁਸਤਕ ਲਾਇਬਰੇਰੀ ਦਾ ਹਿੱਸਾ ਬਣ ਚੁਕੇ ਹਨ।
ਪੀਪਲਜ਼ ਫੋਰਮ ਦਾ ਨਾਅਰਾ ਹੈ ਕਿ ਸਿਰਫ਼ ਅੱਧਾ ਕੱਪ ਚਾਹ ਦਾ ਮੁੱਲ ਹਰ ਰੋਜ਼ ਬੱਚਾ ਕੇ ਘਰ ਘਰ ਅੰਦਰ ਸ਼ਬਦ ਪ੍ਰਕਾਸ਼ ਕੀਤਾ ਜਾ ਸਕਦੇ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੀਆਂ ਖੇਡ ਕਲੱਬਾਂ, ਸਾਹਿੱਤ ਤੇ ਸੱਭਿਆਚਾਰ ਨਾਲ ਸਬੰਧਿਤ ਸਭਾਵਾਂ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਨੂੰ ਸ਼ਬਦ ਭੂਮੀ ਬਣਾਉਣ ਲਈ ਰਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਮਾਨਸਿਕ ਤੌਰ ਤੇ ਬੰਜਰ ਹੋ ਰਹੇ ਪੰਜਾਬ ਨੂੰ ਗਿਆਨ ਸਾਹਿੱਤ ਸਹਾਰੇ ਮੁੜ ਹਰਿਆਲੀ ਮੁਹਾਂਦਰੇ ਵਾਲਾ ਬਣਾਇਆ ਜਾ ਸਕੇ।
ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ 2013 ਤੋਂ ਲੈ ਕੇ ਹੁਣ ਤੀਕ ਲਗਪਗ ਦੋ ਲੱਖ 50 ਹਜ਼ਾਰ ਕਿਤਾਬਾਂ ਘਰ ਘਰ ਪਹੁੰਚਾਈਆਂ ਗਈਆਂ ਹਨ। ਪੀਪਲਜ਼ ਫੋਰਮ ਬਰਗਾੜੀ ਦੀਆਂ ਪ੍ਰਕਾਸ਼ਨਾਵਾਂ ਪੰਜਾਬ ਦੇ ਮੁੱਖ ਪੁਸਤਕ ਵਿਕਰੇਤਾਵਾਂ ਤੋਂ ਵੀ ਮਿਲ ਜਾਂਦੀਆਂ ਹਨ।
adoption-of-bargari-model-for-building-book-culture-in-punjab