ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸੈਣੀ ਉਨ੍ਹਾਂ ਹੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਵਾਪਸ ਪਰਤ ਗਏ, ਜੋ ਇਹ ਸਾਫ਼ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਭਾਜਪਾ ਲਈ ਕੋਈ ਥਾਂ ਨਹੀਂ ਬਚੀ ਹੈ। ਭਾਜਪਾ ਦੇ ਆਗੂ ਪੰਜਾਬ ਵਿੱਚ ਜਿੰਨੇ ਮਰਜ਼ੀ ਚੱਕਰ ਕੱਟ ਲੈਣ, ਪਰ ਪੰਜਾਬ ਦੇ ਜਾਗਰੂਕ ਲੋਕ ਉਨ੍ਹਾਂ ਨੂੰ ਕਦੇ ਮੂੰਹ ਨਹੀਂ ਲਗਾਉਣ ਵਾਲੇ।
ਚੀਮਾ ਨੇ ਭਾਜਪਾ ਦੇ ਜਨ-ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦਿਆਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਹੀ ਕਰੂਰ ਪਾਰਟੀ ਹੈ, ਜਿਸ ਨੇ ਆਪਣੇ ਹੰਕਾਰ ਵਿੱਚ ਪੰਜਾਬ ਦੇ 750 ਤੋਂ ਵੱਧ ਅੰਨਦਾਤਿਆਂ ਦੀ ਜਾਨ ਲਈ ਹੈ। ਇਹ ਉਹੀ ਸਾਡੇ ਵੀਰ ਕਿਸਾਨ ਸਨ, ਜਿਨ੍ਹਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੀ। ਪੰਜਾਬ ਦੇ ਲੋਕ ਆਪਣੇ ਉਨ੍ਹਾਂ ਸ਼ਹੀਦ ਕਿਸਾਨ ਭਰਾਵਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ ਅਤੇ ਨਾ ਹੀ ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੀ ਭਾਜਪਾ ਨੂੰ ਕਦੇ ਮੁਆਫ਼ ਕਰ ਸਕਦੇ ਹਨ।