ਵਧੀਕ ਡਿਪਟੀ ਕਮਿਸ਼ਨਰ ਅੰਕੁਰ ਮਹੇਂਦਰੂ ਨੇ ਦੱਸਿਆ ਕਿ ਭਾਰਤ ਦੀ ਜਨਗਣਨਾ 2027 ਪਹਿਲੀ ਵਾਰ ਡਿਜੀਟਲ ਮੋਡ ਵਿੱਚ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧੀ ਜ਼ਿਲ੍ਹੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਕਾਰਜ ਲਈ ਸਹਾਇਕ ਨੋਡਲ ਅਧਿਕਾਰੀ, ਵਧੀਕ ਜ਼ਿਲ੍ਹਾ ਸੈਂਸਸ ਅਧਿਕਾਰੀ, ਚਾਰਜ ਅਫ਼ਸਰ, ਫੀਲਡ ਟ੍ਰੇਨਰ, ਸੁਪਰਵਾਇਜ਼ਰ ਅਤੇ ਵੱਡੀ ਗਿਣਤੀ ਵਿੱਚ ਗਿਣਤੀਕਾਰ (ਰਾਖਵਾਂ ਸਟਾਫ ਸਮੇਤ) ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਘਰਾਂ ਦੀ ਸੂਚੀਕਰਨ ਕਾਰਵਾਈ (Houselisting Operations) ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ 2026 ਤੱਕ ਚੱਲੇਗਾ। ਇਸ ਤੋਂ ਪਹਿਲਾਂ 14 ਮਈ 2026 ਤੱਕ ਆਮ ਲੋਕਾਂ ਲਈ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਸਹੂਲਤ ਰਾਹੀਂ ਲੋਕ ਜਨਗਣਨਾ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਆਪਣੀ ਜਾਣਕਾਰੀ ਔਨਲਾਈਨ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਲਫ-ਇਨਿਊਮਰੇਸ਼ਨ ਲਈ ਨਾਗਰਿਕ ਸਰਕਾਰੀ ਪੋਰਟਲ ‘ਤੇ ਲੌਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਆਸਾਨੀ ਨਾਲ ਭਰ ਸਕਦੇ ਹਨ। ਫਾਰਮ ਭਰਨ ਉਪਰੰਤ ਜਨਰੇਟ ਹੋਣ ਵਾਲੀ ‘ਸੈਲਫ-ਇਨਿਊਮਰੇਸ਼ਨ ਆਈ.ਡੀ.’ ਜਨਗਣਨਾ ਕਰਮਚਾਰੀ ਨੂੰ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਪ੍ਰਕਿਰਿਆ ਤਹਿਤ ਕੁੱਲ 33 ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਘਰ ਦੀ ਸਥਿਤੀ, ਬੁਨਿਆਦੀ ਸਹੂਲਤਾਂ ਅਤੇ ਪਰਿਵਾਰਕ ਜਾਣਕਾਰੀ ਸ਼ਾਮਲ ਹੋਵੇਗੀ। ਫੀਲਡ ਟ੍ਰੇਨਰਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।