ਬੀਤੇ ਦਿਨੀਂ ਪਾਲਮਪੁਰ ਵਿੱਚ ਆਯੋਜਿਤ ਨੈਸਨਲ ਗਰੁੱਪ ਮੀਟ ਵਿੱਚ ਪੀ.ਏ.ਯੂ. ਵੱਲੋਂ ਵਿਕਸਿਤ ਚਾਰੇ ਵਾਲੀ ਮੱਕੀ ਦੀ ਇੱਕ ਕਿਸਮ ਦੇ ਨਾਲ ਦੋ ਚਾਰੇ ਵਾਲੇ ਬਾਜਰੇ ਦੀਆਂ ਕਿਸਮਾਂ ਨੂੰ ਕਾਸ਼ਤ ਲਈ ਪ੍ਰਵਾਨਗੀ ਮਿਲੀ | ਇਹ ਪਹਿਲੀ ਵਾਰ ਹੈ ਕਿ ਪੀਏਯੂ ਦੀਆਂ ਚਾਰੇ ਦੀਆਂ ਫਸਲਾਂ ਦੀਆਂ ਤਿੰਨ ਕਿਸਮਾਂ ਇੱਕੋ ਸਮੇਂ ਰਾਸਟਰੀ ਪੱਧਰ ’ਤੇ ਜਾਰੀ ਹੋ ਰਹੀਆਂ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸਦ ਦੀ ਕਿਸਮ ਪਛਾਣ ਕਮੇਟੀ ਨੇ ਦੋ ਚਾਰੇ ਵਾਲੇ ਬਾਜਰੇ ਦੀਆਂ ਕਿਸਮਾਂ ਦੀ ਪਛਾਣ ਕੀਤੀ ਹੈ | ਇਹਨਾਂ ਵਿੱਚ ਪੀਸੀਬੀ 166 ਅਤੇ ਪੀਸੀਬੀ 168 ਦੇ ਨਾਲ-ਨਾਲ ਮੱਕੀ ਦੀ ਚਾਰੇ ਵਾਲੀ ਕਿਸਮ ਜੇ-1009 ਨੂੰ ਪੀ.ਏ.ਯੂ. ਦੁਆਰਾ ਵਿਕਸਤ ਕੀਤਾ ਗਿਆ ਹੈ| ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੀਸੀਬੀ 166 ਕਿਸਮ ਦੇ ਚਾਰੇ ਦੇ ਬਾਜਰੇ ਨੂੰ ਭਾਰਤ ਦੇ ਉੱਤਰ ਪੱਛਮੀ ਜੋਨ ਅਤੇ ਦੱਖਣੀ ਜੋਨਾਂ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਤਾਮਿਲਨਾਡੂ, ਤੇਲੰਗਾਨਾ ਅਤੇ ਕਰਨਾਟਕ ਰਾਜਾਂ ਵਿੱਚ ਜਾਰੀ ਕਰਨ ਲਈ ਚੁਣਿਆ ਗਿਆ ਹੈ| ਪੀਸੀਬੀ 166 ਇੱਕ ਕਾਫ਼ੀ ਵਧਣ ਅਤੇ ਦੇਰ ਨਾਲ ਪੱਕਣ ਵਾਲੀ ਕਿਸਮ ਹੈ ਜੋ 797 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਚਾਰੇ ਦਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ | ਇਸ ਕਿਸਮ ਨੇ ਉੱਤਰੀ ਪੱਛਮੀ ਖੇਤਰ ਵਿੱਚ ਪਹਿਲਾਂ ਬੀਜੀਆਂ ਜਾਂਦੀਆਂ ਕਿਸਮਾਂ ਜਾਇੰਟ ਬਾਜਰਾ, ਆਰਬੀਬੀ-1 ਅਤੇ ਏਐਫਬੀ-3 ਨਾਲੋਂ ਕ੍ਰਮਵਾਰ 5.0, 7.0 ਅਤੇ 6.4 ਪ੍ਰਤੀਸਤ ਜ਼ਿਆਦਾ ਝਾੜ ਦਿੱਤਾ ਹੈ| ਦੋ ਜ਼ੋਨਾਂ ਵਿੱਚ ਇਸ ਨੇ ਪਹਿਲਾਂ ਬੀਜੀਆਂ ਜਾਂਦੀਆਂ ਕਿਸਮਾਂ ਜਾਇੰਟ ਬਾਜਰਾ, ਆਰਬੀਬੀ 1, ਏਐਫਬੀ 3 ਅਤੇ ਮੋਤੀ ਬਾਜਰਾ ਨਾਲੋਂ ਝਾੜ ਕ੍ਰਮਵਾਰ 13.2, 21.0, 6.4 ਅਤੇ 17.5 ਪ੍ਰਤੀਸਤ ਜ਼ਿਆਦਾ ਝਾੜ ਦਰਜ਼ ਕਰਵਾਇਆ | ਇਸ ਕਿਸਮ ਵਿੱਚ 9.6 ਪ੍ਰਤੀਸ਼ਤ ਕਰੂਡ ਪ੍ਰੋਟੀਨ ਪਾਇਆ ਜਾਂਦਾ ਹੈ ਅਤੇ ਪਚਣਯੋਗ ਸੁੱਕਾ ਮਾਦਾ ਵੀ ਬਿਹਤਰ ਰੂਪ ਵਿੱਚ ਮਿਲਦਾ ਹੈ | ਪੀ ਸੀ ਬੀ-166 ਕਿਸਮ ਬਾਜਰੇ ਦੇ ਰੋਗਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਕਿਹਾ ਕਿ ਬਾਜਰੇ ਦੀ ਦੂਸਰੀ ਕਿਸਮ ਪੀਸੀਬੀ-168 ਨੂੰ ਭਾਰਤ ਦੇ ਉੱਤਰ ਪੱਛਮੀ ਜੋਨ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਰਾਜਾਂ ਵਿੱਚ ਜਾਰੀ ਕਰਨ ਲਈ ਚੁਣਿਆ ਗਿਆ ਹੈ | ਇਹ ਕਿਸਮ ਉੱਚੇ ਕੱਦ ਵਾਲੀ ਅਤੇ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ ਜੋ 721 ਕੁਇੰਟਲ ਪ੍ਰਤੀ ਹੈਕਟੇਅਰ ਚਾਰੇ ਦਾ ਝਾੜ ਦੇਣ ਦੀ ਸਮਰੱਥਾ ਵਾਲੀ ਹੈ| ਇਸ ਕਿਸਮ ਨੇ ਪਹਿਲਾਂ ਵਾਲੀਆਂ ਕਿਸਮਾਂ ਜਾਇੰਟ ਬਾਜਰਾ, ਆਰ ਬੀ ਬੀ-1 ਅਤੇ ਏ ਐੱਪ ਬੀ-3 ਨਾਲੋਂ ਕ੍ਰਮਵਾਰ 6.5, 8.5 ਅਤੇ 7.9 ਪ੍ਰਤੀਸਤ ਵਧੇਰੇ ਝਾੜ ਦਿੱਤਾ ਹੈ | ਇਸ ਕਿਸਮ ਵਿੱਚ ਚਾਰੇ ਦੀ ਗੁਣਵਤਾ ਦੇ ਗੁਣ ਵਿਸੇਸ ਤੌਰ ’ਤੇ ਕੱਚੇ ਪ੍ਰੋਟੀਨ ਅਤੇ ਪਚਣਯੋਗ ਇਨ-ਵਿਟਰੋ ਸੁੱਕੇ ਪਦਾਰਥਾਂ ਵਜੋਂ ਪਾਏ ਜਾਂਦੇ ਹਨ | ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀ.ਐਸ. ਸੋਹੂ ਨੇ ਮੱਕੀ ਦੀ ਕਿਸਮ ਜੇ-1009 ਬਾਰੇ ਗੱਲ ਕਰਦਿਆਂ ਦੱਸਿਆ ਕਿ ਮੱਕੀ ਦੇ ਚਾਰੇ ਦੀ ਇਹ ਕਿਸਮ ਭਾਰਤ ਦੇ ਕੇਂਦਰੀ ਜ਼ੋਨ ਉੱਤਰ ਪ੍ਰਦੇਸ, ਮਹਾਰਾਸਟਰ, ਮੱਧ ਪ੍ਰਦੇਸ ਅਤੇ ਛੱਤੀਸਗੜ੍ਹ ਵਿੱਚ ਕਾਸ਼ਤ ਲਈ ਪਛਾਣੀ ਗਈ ਹੈ | ਇਹ ਕਿਸਮ 710 ਕੁਇੰਟਲ ਪ੍ਰਤੀ ਹੈਕਟੇਅਰ ਚਾਰੇ ਦੇ ਝਾੜ ਦੀ ਸੰਭਾਵਨਾ ਰੱਖਦੀ ਹੈ | ਇਸ ਕਿਸਮ ਨੇ ਪ੍ਰਚਲਿਤ ਕਿਸਮਾਂ ਜੇ 1006 ਅਤੇ ਅਫਰੀਕਨ ਟਾਲ ਨਾਲੋਂ ਕ੍ਰਮਵਾਰ 10.2 ਅਤੇ 19.2 ਪ੍ਰਤੀਸਤ ਵੱਧ ਝਾੜ ਦਿੱਤਾ ਹੈ| ਇਹ ਕਿਸਮ ਮਿਆਰੀ ਚਾਰੇ ਵਾਲੀ ਹੈ ਜਿਸ ਵਿੱਚ ਕੱਚੇ ਪ੍ਰੋਟੀਨ ਦੀ ਮਾਤਰਾ 8.2 ਪ੍ਰਤੀਸ਼ਤ ਅਤੇ ਬਹੁਤ ਵਧੀਆ ਇਨ-ਵਿਟਰੋ ਪਚਣਯੋਗ ਸੁੱਕੇ ਪਦਾਰਥ ਵਿਸ਼ੇਸ਼ ਗੁਣਾਂ ਵਜੋਂ ਪਾਏ ਜਾਂਦੇ ਹਨ | ਵਾਈਸ ਚਾਂਸਲਰ ਨੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਚਾਰਾ ਮਿਲਟ ਸੁਧਾਰ ਟੀਮ ਨੂੰ ਵਧਾਈ ਦਿੱਤੀ ਜਿਸ ਵਿੱਚ ਆਗੂ ਵਜੋਂ ਡਾ. ਆਰ ਐਸ ਸੋਹੂ ਅਤੇ ਬਾਕੀ ਟੀਮ ਵਿੱਚ ਡਾ. ਰੁਚਿਕਾ ਭਾਰਦਵਾਜ, ਡਾ. ਦਵਿੰਦਰਪਾਲ ਸਿੰਘ, ਡਾ. ਹਰਪ੍ਰੀਤ ਕੌਰ ਚੀਮਾ, ਡਾ. ਮੀਨਾਕਸੀ ਗੋਇਲ, ਡਾ. ਮਨਿੰਦਰ ਕੌਰ, ਡਾ. ਅਸ਼ਲੀਸ਼ਾ ਅਤੇ ਡਾ. ਹਰਪ੍ਰੀਤ ਕੌਰ ਓਬਰਾਏ ਸ਼ਾਮਿਲ ਹਨ | ਨਾਲ ਹੀ ਉਹਨਾਂ ਨੇ ਮੱਕੀ ਦੀ ਕਿਸਮ ਦੇ ਵਿਕਾਸ ਨਾਲ ਜੁੜੇ ਵਿਗਿਆਨਆਂਿ ਡਾ. ਐਸ ਕੇ ਸੰਧੂ, ਡਾ. ਤੋਸ਼ ਗਰਗ ਅਤੇ ਡਾ. ਗਗਨਦੀਪ ਸਿੰਘ ਨੂੰ ਵੀ ਵਧਾਈ ਦਿੱਤੀ |
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)