ਆਸਾ ਛੰਤ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥ ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥ ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥ ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥ ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥ ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥ ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ। ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ। (ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ। ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ।ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ)। ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)