ਡਿੰਪੀ ਢਿੱਲੋਂ ਅਕਾਲੀ ਦਲ ਦੀ ਟਿਕਟ 'ਤੇ ਗਿੱਦੜਬਾਹਾ ਤੋਂ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ, 2022 'ਚ ਸਿਰਫ਼ 1350 ਵੋਟਾਂ ਨਾਲ ਪਿੱਛੇ ਰਹੇ
ਇਹ ਕਹਿਣਾ ਗ਼ਲਤ ਹੋਵੇਗਾ ਕਿ ਡਿੰਪੀ ਢਿੱਲੋਂ ਨੇ ਪਾਰਟੀ (ਅਕਾਲੀ ਦਲ) ਛੱਡੀ, ਅਸਲ ਵਿੱਚ ਪਾਰਟੀ ਨੇ ਡਿੰਪੀ ਨੂੰ ਛੱਡ ਦਿੱਤਾ - ਮਾਨ
ਮਨਪ੍ਰੀਤ ਬਾਦਲ ਦੀਆਂ ਗਤੀਵਿਧੀਆਂ ਨੇ ਅਕਾਲੀ ਦਲ ਵਿਚ ਭੰਬਲਭੂਸਾ ਪੈਦਾ ਕੀਤਾ, ਸੁਖਬੀਰ ਬਾਦਲ ਨੇ ਸਥਿਤੀ ਸਪੱਸ਼ਟ ਨਹੀਂ ਕੀਤੀ ਤਾਂ ਮੈਂ ਪਾਰਟੀ ਛੱਡਣ ਦਾ ਫੈਸਲਾ ਕੀਤਾ - ਡਿੰਪੀ ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਅਕਾਲੀ ਆਗੂ ਅਤੇ ਸੁਖਬੀਰ ਬਾਦਲ ਦੇ ਬਹੁਤ ਕਰੀਬੀ, ਹਰਦੀਪ ਸਿੰਘ ਡਿੰਪੀ ਢਿੱਲੋਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਡਿੰਪੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ।
ਗਿੱਦੜਬਾਹਾ ਵਿੱਚ ਇੱਕ ਵਿਸ਼ਾਲ ਜਨ ਸਭਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਸਵਾਗਤ ਕੀਤਾ। ਡਿੰਪੀ ਢਿੱਲੋਂ ਦੇ ਨਾਲ-ਨਾਲ ਸੈਂਕੜੇ ਸਥਾਨਕ ਅਕਾਲੀ ਆਗੂ 'ਤੇ ਵਰਕਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਡਿੰਪੀ ਢਿੱਲੋਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜੀ ਸੀ, 2022 ਵਿੱਚ ਉਹ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੋਂ ਸਿਰਫ਼ 1350 ਵੋਟਾਂ ਨਾਲ ਹਾਰ ਗਏ ਸਨ।
ਮਾਨ ਨੇ ਕਿਹਾ ਕਿ ਡਿੰਪੀ ਢਿੱਲੋਂ ਨੇ ਅਕਾਲੀ ਦਲ ਨਹੀਂ ਛੱਡਿਆ, ਪਾਰਟੀ ਨੇ ਉਨ੍ਹਾਂ ਨੂੰ ਛੱਡਿਆ ਹੈ। ਜਦੋਂ ਪਾਰਟੀ ਵਿੱਚ ਚੰਗੇ ਵਿਚਾਰਾਂ ਅਤੇ ਚੰਗੇ ਲੋਕਾਂ ਦੀ ਅਹਿਮੀਅਤ ਨਹੀਂ ਹੁੰਦੀ ਤਾਂ ਲੋਕ ਪਾਰਟੀ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ।
ਮਾਨ ਨੇ ਮਨਪ੍ਰੀਤ ਬਾਦਲ 'ਤੇ ਵੀ ਵਰ੍ਹਦਿਆਂ ਕਿਹਾ ਕਿ ਉਹ (ਭਗਵੰਤ ਮਾਨ) ਪੰਜਾਬ 'ਚ ਬਦਲਾਅ ਲਿਆਉਣ ਦੇ ਮਕਸਦ ਨਾਲ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਇਆ ਸੀ ਪਰ ਇਕ ਦਿਨ ਉਹ ਅਚਾਨਕ ਹੀ ਆਪਣੀ ਪਾਰਟੀ ਨੂੰ ਖ਼ਤਮ ਕਰਕੇ ਕਾਂਗਰਸ 'ਚ ਸ਼ਾਮਲ ਹੋ ਗਏ, ਮੈਂ ਉਸ ਸਮੇਂ ਬਹੁਤ ਦੁਖੀ ਹੋਇਆ ਸੀ। ਉਨ੍ਹਾਂ ਨੇ ਸਿਰਫ਼ ਆਪਣੇ ਬਾਰੇ ਹੀ ਸੋਚਿਆ। ਮੈਂ 2012 ਵਿਚ ਲਹਿਰਾਗਾਗਾ ਤੋਂ ਉਨ੍ਹਾਂ ਦੀ ਪਾਰਟੀ ਦੀ ਤਰਫ਼ੋਂ ਚੋਣ ਵੀ ਲੜੀ ਸੀ ਅਤੇ ਹਾਰਨ ਦੇ ਬਾਵਜੂਦ ਮੈਂ ਲੋਕਾਂ ਦੇ ਨਾਲ ਖੜ੍ਹਾ ਰਿਹਾ। ਫਿਰ ਲੋਕਾਂ ਨੇ ਮੈਨੂੰ ਚੁਣਿਆ ਅਤੇ ਇੱਥੇ ਤਕ ਪਹੁੰਚਾਇਆ।
ਡਿੰਪੀ ਢਿੱਲੋਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਦਿਨਾਂ ਤੋਂ ਇਸ ਖੇਤਰ ਵਿੱਚ ਮਨਪ੍ਰੀਤ ਬਾਦਲ ਦੀਆਂ ਸਰਗਰਮੀਆਂ ਵਧ ਗਈਆਂ ਸਨ। ਇਸ ਨਾਲ ਅਕਾਲੀ ਦਲ ਦੇ ਸਥਾਨਕ ਕੇਡਰ ਵਿਚ ਭੰਬਲਭੂਸਾ ਪੈਦਾ ਹੋ ਗਿਆ ਸੀ। ਮੈਂ ਸੁਖਬੀਰ ਬਾਦਲ ਨੂੰ ਇਸ ਬਾਰੇ ਪੁੱਛਿਆ ਪਰ ਉਨ੍ਹਾਂ ਨੇ ਸਥਿਤੀ ਸਪੱਸ਼ਟ ਨਹੀਂ ਕੀਤੀ। ਅੱਜ ਮੈਂ ਆਪਣੀ 38 ਸਾਲਾਂ ਦੀ ਕਮਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਸੌਂਪ ਰਿਹਾ ਹਾਂ। ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।
a-big-blow-to-the-akali-dal-sukhbir-badal-s-close-leader-dimpy-dhillon-joined-aap
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)