ਪੀ.ਏ.ਯੂ. ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਦਿਲਚਸਪੀ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਅਤੇ ਹੋਰ ਨਿਖਾਰਣ ਲਈ ਨਿਰਦੇਸ਼ਕ ਵਿਦਿਆਰਥੀ ਭਲਾਈ ਦਫਤਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦੋ ਦਿਨ ਦੀ ਕਲਾ-ਵਰਕਸ਼ਾਪ ਦਾ ਆਯੋਜਨ ਵਿਦਿਆਰਥੀ ਭਵਨ ਵਿਖੇ ਕੀਤਾ ਗਿਆ।
ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਨਿਰਮਲ ਜੌੜਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਸਲਾਨਾ ਅੰਤਰ ਕਾਲਜ ਯੁਵਕ ਮੇਲਾ ਆਉਂਦੇ ਮਹੀਨੇ ਕੈਂਪਸ ਵਿਖੇ ਕਰਵਾਇਆ ਜਾਣਾ ਹੈ। ਜਿਸ ਵਿੱਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ ਲੋਕ ਨਾਚ, ਸੰਗੀਤ, ਕੋਮਲ ਕਲਾਵਾਂ, ਵਿਰਾਸਤੀ ਕਲਾਵਾਂ, ਸਾਹਿਤਕ ਅਤੇ ਰੰਗ ਮੰਚ ਸ਼੍ਰੇਣੀਆਂ ਦੀਆਂ ਵੱਖ ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਡਾ ਜੌੜਾ ਨੇ ਦੱਸਿਆ ਕਿ, ਇਸ ਸਾਲ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ ਵਿੱਚ ਵਿਰਾਸਤੀ ਕਲਾਵਾਂ ਦੀ ਸ਼੍ਰੇਣੀ ਵਿੱਚ ਬੁਣਾਈ, ਦਸੂਤੀ ਦੀ ਕਢਾਈ, ਕੋਮਲ ਕਲਾਵਾਂ ਸ਼੍ਰੇਣੀ ਵਿੱਚ ਡੂਡਲਿੰਗ ਅਤੇ ਸੰਗੀਤ ਸ਼੍ਰੇਣੀ ਵਿੱਚ ਕਵੀਸ਼ਰੀ ਅਤੇ ਦੌਗਾਣਾ ਗਾਣੇ ਦੇ ਨਵੇਂ ਮੁਕਾਬਲੇ ਪਹਿਲੀ ਵਾਰ ਕਰਵਾਏ ਜਾਣਗੇ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ (ਕਲਚਰ), ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗੀਦਾਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਡਾ ਰੁਪਿੰਦਰ ਨੇ ਦੱਸਿਆ ਕਿ ਵਿਰਾਸਤੀ ਕਲਾਵਾਂ ਦੀਆਂ ਵੰਨਗੀਆਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਲੋਕ ਕਲਾਵਾਂ ਦੇ ਮਾਹਿਰ ਅਤੇ ਪੰਜਾਬੀ ਲੇਖਕ ਡਾ ਕਿਰਪਾਲ ਕਜ਼ਾਕ ਵਿਦਿਆਰਥੀਆਂ ਦੇ ਰੂਬਰੂ ਹੋਏ। ਡਾ ਕਜ਼ਾਕ ਨੇ ਵਿਦਿਆਰਥੀਆਂ ਨੂੰ ਇੰਨੂ ਬੁਣਨਾ, ਛਿੱਕੂ ਬੁਣਨਾ, ਫੁੱਲਕਾਰੀ ਕੱਢਣਾ, ਮਿੱਟੀ ਦੇ ਖਿਡੌਣੇ ਬਣਾਉਨਾ, ਨਾਲੇ ਬੁਣਨਾ, ਪੀੜ੍ਹੀ ਬੁਣਨਾ, ਪੱਖੀ ਬੁਣਨਾ, ਬੁਣਾਈ, ਦਸੂਤੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ, ਵਿਰਾਸਤੀ ਪ੍ਰਸ਼ਨੋਤਰੀ ਦੀਆਂ ਵੰਨਗੀਆਂ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੋਮਲ ਕਲਾਵਾਂ ਦੀਆਂ ਵੰਨਗੀਆਂ ਲਈ ਉੱਘੇ ਆਰਟਿਸਟ ਸ਼੍ਰੀ ਹਨੀਸ਼ ਕਾਂਤ ਨੇ ਵਿਦਿਆਰਥੀਆਂ ਨਾਲ ਕੋਲਾਜ਼ ਬਣਾਉਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡਲਿੰਗ, ਪੇਟਿੰਗ, ਫੋਟੋਗ੍ਰਾਫੀ, ਡੂਡਲਿੰਗ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਰਜ਼ਿਸਟਰਿੰਗ ਅਫਸਰ, ਸ. ਸਤਵੀਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਸਾਰੇ ਕਾਲਜ ਅਤੇ ਪੀ.ਏ.ਯੂ. ਐਗਰੀਕਲਚਰ ਕਾਲਜ, ਬੱਲੋਵਾਲ ਸੌਂਖੜੀ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਵੰਨਗੀਆਂ ਸਬੰਧੀ ਮਾਹਿਰਾਂ ਤੋਂ ਸਿਖਲਾਈ ਲਈ। ਇਸ ਵਰਕਸ਼ਾਪ ਦੌਰਾਨ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਸਬੰਧਤ ਅਧਿਆਪਕ ਇੰਚਾਰਜ ਸ਼ਾਮਲ ਹੋਏ।
organized-two-day-workshop-on-heritage-and-fine-arts-competitions
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)