ਫਿਲਮ ਨਿਰਮਾਤਾ ਜੇਕਰ ਸਹੀ ਤਸਵੀਰ ਪੇਸ਼ ਕਰਨਾ ਚਾਹੁੰਦੇ ਹਨ ਤਾਂ ਇਸ ਵਿਚ ਅਕਾਲੀ ਦਲ ਦੇ 19 ਮਹੀਨਿਆਂ ਦੇ ਸੰਘਰਸ਼ ਨੂੰ ਵੀ ਸ਼ਾਮਲ ਕਰਨ: ਮਹੇਸ਼ਇੰਦਰ ਸਿੰਘ ਗਰੇਵਾਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਫਿਲਮ ’ਐਮਰਜੰਸੀ’ ਸਿੱਖ ਭਾਈਚਾਰੇ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਫਿਲਮ ਨਿਰਮਾਤਾ ਉਸ ਵੇਲੇ ਦੀ ਸਹੀ ਤਸਵੀਰ ਪੇਸ਼ ਕਰਨਾ ਚਾਹੁੰਦੇ ਤਾਂ ਉਸ ਵਿਚ ਅਕਾਲੀ ਦਲ ਦੇ 19 ਮਹੀਨਿਆਂ ਦੇ ਸੰਘਰਸ਼ ਦੀ ਕਹਾਣੀ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੁ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਫਿਲਮ ਦੇ ’ਟਰੇਲਰ’ ਵਿਚ ਨਿਰਮਾਤਾਵਾਂ ਨੇ ਸੰਤ ਜਰਨੈਲ ਸਿੰਘ ਨੂੰ ਇਕ ਅਤਿਵਾਦੀ ਵਜੋਂ ਪੇਸ਼ ਕੀਤਾ ਹੈ ਜਦੋਂ ਕਿ ਇਤਿਹਾਸਕ ਤੱਥ ਕੁਝ ਹੋਰ ਹਨ ਕਿਉਂਕਿ ਜਦੋਂ 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੰਸੀ ਲਾਗੂ ਕੀਤੀ ਸੀ ਤਾਂ ਉਸ ਵੇਲੇ ਉਹ ਟਕਸਾਲ ਦੇ ਨਿਮਾਣੇ ਜਿਹੇ ਸੇਵਾਦਾਰ ਸਨ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਇਕ ਗੰਭੀਰ ਮੁੱਦਾ ਹੈ ਅਤੇ ਅਜਿਹਾ ਜਾਪਦਾ ਹੈ ਕਿ ਪੰਜਾਬ ਖਾਸ ਤੌਰ ’ਤੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 19 ਮਹੀਨਿਆਂ ਤੱਕ ਐਮਰਜੰਸੀ ਦੇ ਖਿਲਾਫ ਸੰਘਰਸ਼ ਕੀਤਾ ਤੇ ਰੋਜ਼ਾਨਾ ਇਕ ਜੱਥਾ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦਾ ਸੀ। ਉਹਨਾਂ ਕਿਹਾ ਕਿ ਉਸ ਵੇਲੇ ਖੂਨ ਦਾ ਇਕ ਕਤਰਾ ਵੀ ਨਹੀਂ ਡੁੱਲਾ ਪਰ ਫਿਲਮ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐਮਰਜੰਸੀ ਵੇਲੇ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਜੋ ਕਿ ਝੂਠ ਅਤੇ ਗਲਤ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਫਿਲਮ ਨਿਰਮਾਤਾ ਜੋ ਵੀ ਐਮਰਜੰਸੀ ਵੇਲੇ ਹੋਇਆ, ਉਸਨੂੰ ਪੇਸ਼ ਕਰਨ ਲਈ ਸੰਜੀਦਾ ਹਨ ਤਾਂ ਫਿਰ ਉਹਨਾਂ ਨੂੰ ਅਕਾਲੀ ਦਲ ਦੇ 19 ਮਹੀਨਿਆਂ ਦੇ ਸੰਘਰਸ਼ ਨੂੰ ਇਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਇੰਦਰਾ ਗਾਂਧੀ ਨੇ ਐਮਰਜੰਸੀ ਦਾ ਵਿਰੋਧ ਕਰਨ ਵੇਲੇ ਜਿਹਨਾਂ ਨੂੰ ਜੇਲ੍ਹ ਵਿਚ ਸੁੱਟਿਆਂ, ਉਹਨਾਂ ਦਾ ਸਾਰਾ ਸੱਚ ਦੱਸਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਫਿਲਮ ਬਣਾਉਣ ਵੇਲੇ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਦਾ ਜ਼ੋਰਦਾਰ ਵਿਰੋਧ ਕਰੇਗਾ ਤਾਂ ਜੋ ਭਵਿੱਖੀ ਪੀੜੀਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ।
ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਸੈਂਸਰ ਬੋਰਡ ਨੂੰ ਵੀ ਆਖੇਗਾ ਕਿ ਇਤਿਹਾਸਕ ਤੌਰ ’ਤੇ ਗਲਤ ਤੱਥਾਂ ਦੇ ਆਧਾਰ ’ਤੇ ਫਿਲਮ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸੱਚਾਈ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇ ਅਤੇ ਕੰਗਣਾ ਰਣੌਤ ਨੂੰ ਇਹੋ ਕੁਝ ਕਰਨਾ ਚਾਹੀਦਾ ਹੈ। ਉਹਨਾਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੰਗਣਾ ਰਣੌਤ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ ਕਿ ਸਿੱਖ ਭਾਈਚਾਰੇ ਜੋ ਦੇਸ਼ ਦੀ ਸੁਰੱਖਿਆ ਤੇ ਏਕਤਾ ਲਈ ਡਟਦਾ ਹੈ, ਦਾ ਅਕਸ ਖਰਾਬ ਕੀਤਾ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਨਿਆਂਪਾਲਿਕਾ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਕਿਸੇ ਵੀ ਫਿਲਮ ਦੀ ਆਗਿਆ ਨਾ ਦਿੱਤੀ ਜਾਵੇ ਜੋ ਕਿਸੇ ਵੀ ਭਾਈਚਾਰੇ ਅਤੇ ਇਸਦੇ ਧਾਰਮਿਕ ਆਗੂ ਨੂੰ ਅਤਿਵਾਦੀ ਵਜੋਂ ਦਰਸਾਉਂਦੇ ਹਨ।
-emergency-film-a-deep-conspiracy-to-defame-sikh-community-and-punjab-sad
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)