ਸਾਹਨੀ ਨੇ ਵਿਦਿਆਰਥੀਆਂ ਨਾਲ ਜੀਵਨ ਸਫ਼ਰ ਦੌਰਾਨ ਉਨ੍ਹਾਂ ਦਾ ਮਾਰਗਦਰਸ਼ਨ ਅਤੇ ਸਮਰਥਨ ਕਰਨ ਦਾ ਵਾਅਦਾ ਕੀਤਾ
ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ, ਖੰਨਾ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਮਰਪਣ ਨਾਲ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਸਫ਼ਰ ਦੌਰਾਨ ਮਾਰਗਦਰਸ਼ਨ ਅਤੇ ਸਮਰਥਨ ਕਰਨ ਦਾ ਵਾਅਦਾ ਕੀਤਾ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸਾਹਨੀ ਨੇ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਨੂੰ ਜੋਸ਼ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਭਾਵੇਂ ਉਹ ਆਈ.ਏ.ਐਸ ਜਾਂ ਆਈ.ਪੀ.ਐਸ ਅਧਿਕਾਰੀ, ਵਿਗਿਆਨੀ, ਗਾਇਕ, ਕਾਰੋਬਾਰੀ, ਖਿਡਾਰੀ ਜਾਂ ਕੁਝ ਹੋਰ ਬਣਨ ਦੀ ਇੱਛਾ ਰੱਖਦੇ ਹੋਣ। ਉਨ੍ਹਾਂ ਨੇ ਸਕੂਲ ਲਈ ਜੀਵਨ ਭਰ ਇੱਕ ਮੈਂਟਰ ਬਣਨ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਕਿਹਾ, "ਤੁਹਾਡੇ ਸੁਪਨੇ ਤੁਸੀਂ ਪ੍ਰਾਪਤ ਕਰਨੇ ਹਨ ਅਤੇ ਮੈਂ ਹਰ ਕਦਮ 'ਤੇ ਤੁਹਾਡੀ ਮੱਦਦ ਕਰਨ ਲਈ ਇੱਥੇ ਹਾਂ।"
ਉਹਨਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ, “ਮੈਂ ਅੱਜ ਇੱਥੇ ਸਿਰਫ਼ ਅੱਜ ਲਈ ਹੀ ਨਹੀਂ ਹਾਂ ਸਗੋਂ ਮੈਂ ਹਮੇਸ਼ਾ ਤੁਹਾਡੇ ਲਈ ਹਾਂ। ਤੁਹਾਡੀਆਂ ਇੱਛਾਵਾਂ ਮਾਇਨੇ ਰੱਖਦੀਆਂ ਹਨ ਅਤੇ ਇਕੱਠੇ ਅਸੀਂ ਉਨ੍ਹਾਂ ਨੂੰ ਹਕੀਕਤ ਵਿੱਚ ਬਦਲਾਂਗੇ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਰਹਿਣ, ਸਿੱਖਦੇ ਰਹਿਣ ਅਤੇ ਹਿੰਮਤ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ।ਉਨ੍ਹਾਂ ਨੂੰ ਯਾਦ ਦਿਵਾਇਆ ਕਿ ਹਰ ਚੁਣੌਤੀ ਮਜ਼ਬੂਤ ਅਤੇ ਬੁੱਧੀਮਾਨ ਬਣਨ ਦਾ ਇੱਕ ਮੌਕਾ ਹੈ।
ਇੱਕ ਨਿੱਜੀ ਸਬੰਧ ਨੂੰ ਉਤਸ਼ਾਹਿਤ ਕਰਨ ਲਈ ਸਾਹਨੀ ਨੇ ਨਿਯਮਿਤ ਤੌਰ 'ਤੇ ਮਿਲਣ, ਵਿਦਿਆਰਥੀਆਂ ਦੇ ਟੀਚਿਆਂ ਨੂੰ ਸੁਣਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰਨ ਲਈ ਵਿਅਕਤੀਗਤ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਵਾਅਦਾ ਕੀਤਾ।
ਉਹਨਾਂ ਨੇ ਵਿਦਿਆਰਥੀਆਂ ਵਿੱਚ ਉਤਸ਼ਾਹ ਫੈਲਾਉਂਦੇ ਹੋਏ ਕਿਹਾ, "ਆਪਣੀਆਂ ਇੱਛਾਵਾਂ ਸਾਂਝੀਆਂ ਕਰੋ ਅਤੇ ਅਸੀਂ ਇਕੱਠੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਇੱਕ ਰੋਡਮੈਪ ਬਣਾਵਾਂਗੇ।" ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਹਾਇਤਾ ਲਈ ਸਿੱਧੀ ਪਹੁੰਚ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਦਰਵਾਜ਼ਾ ਉਨ੍ਹਾਂ ਨੂੰ ਆਉਣ ਵਾਲੀਆਂ ਕਿਸੇ ਵੀ ਰੁਕਾਵਟ ਦਾ ਸਾਹਮਣਾ ਕਰਨ ਲਈ ਹਮੇਸ਼ਾ ਖੁੱਲ੍ਹਾ ਮਿਲੇਗਾ।
ਇਸ ਮੌਕੇ 'ਤੇ ਗੰਗਾ ਐਕਰੋਵੂਲਜ਼ ਤੋਂ ਅਮਿਤ ਥਾਪਰ ਨੇ ਆਪਣੀ ਕਹਾਣੀ ਵੀ ਸਾਂਝੀ ਕੀਤੀ ਕਿ ਵਿਦਿਆਰਥੀ ਸਫਲ ਕਾਰੋਬਾਰੀ ਵਜੋਂ ਕਿਵੇਂ ਉੱਭਰ ਸਕਦੇ ਹਨ।
ਇਸ ਮੌਕੇ ਯੁਵਰਾਜ ਸਿੰਘ ਬਾਰਵੀਂ ਹਿਊਮੈਨੀਟੀਜ਼, ਸੁਨਾਕਸੀ ਸ਼ਰਮਾ ਬਾਰਵੀਂ ਹਿਊਮੈਨੀਟੀਜ਼, ਅਨਮੋਲਪ੍ਰੀਤ ਕੌਰ ਬਾਰਵੀਂ ਸਾਇੰਸ ਅਤੇ ਸਨਗਿਦਾ ਕੌਸ਼ਲ ਬਾਰਵੀਂ ਸਾਇੰਸ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਵਿਸ਼ਿਆਂ 'ਤੇ ਆਪਣਾ ਭਾਸ਼ਣ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਸਕੂਲ ਸਟਾਫ ਵੀ ਮੌਜੂਦ ਸੀ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)