ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ
(ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ,
ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ
ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025
ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਦੇ
ਪਹਿਲੇ ਦਿਨ ਪ੍ਰਸਿੱਧ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨਾਲ ਰੂ-ਬ-ਰੂ ਪੰਜਾਬੀ ਭਵਨ,
ਲੁਧਿਆਣਾ ਵਿਖੇੇ ਕਰਵਾਇਆ ਗਿਆ। ਉੱਘੇ ਰੰਗਕਰਮੀ ਡਾ. ਲੱਖਾ ਲਹਿਰੀ ਦੇ ਕੀਤੇ ਗਏ
ਭਾਵਪੂਰਤ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਬਹੁਤ ਹੀ ਖ਼ੂਬਸੂਰਤੀ
ਨਾਲ ਵਿਸਥਾਰ ਸਹਿਤ ਆਪਣੀਆਂ ਜੀਵਨ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੇਰਾ
ਲਿਖਣ ਕਾਰਜ ਮੁਹੱਲੇ ਦੇ ਮੰਦਰ ਦੀ ਕੀਰਤਨ ਮੰਡਲੀ ਨਾਲ ਜੁੜ ਕੇ ਹੋਇਆ। ਅੱਠਵੀਂ ਜਮਾਤ
’ਚ ਪੜ੍ਹਦਿਆਂ ਭਾਸ਼ਣ ਮੁਕਾਬਲੇ ਲਈ ਮੌਲਿਕ ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ
ਲਿਖਿਆ। ਉਨ੍ਹਾਂ ਕਿਹਾ ਕਿ ਮੈਂ ਨਾਨਕ ਤੋਂ ਲਿਖਣਾ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਤੋਂ ਬੋਲਣਾ ਸਿੋੱਖਿਆ ਹੈ। ਮੈਂ ਐਂਕਰਿੰਗ ਕਰਦਿਆਂ ਬਹੁਤ ਘੁੰਮਿਆ
ਹਾਂ। ਪੰਜਾਬੀ ਨਾਟਕ ਪਹਿਲਾਂ ਲਿਖਿਆ ਤਾਂ ਜਾਂਦਾ ਸੀ ਪਰ ਘੱਟ ਖੇਡਿਆ ਜਾਂਦਾ ਸੀ।
ਪੱਛਮੀ ਪ੍ਰਭਾਵ ਹੇਠ 1912 ਤੋਂ ਖੇਡਣਾ ਸ਼ੁਰੂ ਹੋਇਆ। ਨਾਟਕ ਖੇਡਣ ਵਿਚ ਨਾਟਕਕਾਰ ਦੀਆਂ
ਪਰਿਵਾਰਕ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੈ। ਪੰਜਾਬੀ ਨਾਟਕ ਸ਼ੌਂਕ, ਕਿੱਤਾਮੁਖੀ ਹੋ ਗਿਆ
ਹੈ। ਮੇਰੀ ਨਾਟਕ ਖੇਡਣ ਦੀ ਸ਼ੁਰੂਆਤ ਲਿਖਣ ਤੋਂ ਪਹਿਲਾਂ ਹੋ ਗਈ ਸੀ। ਮੇਰਾ ਸੁਭਾਅ
ਪਰਿਵਾਰ ਵਿਚ ਦੋ ਵੱਡੇ ਭਰਾਵਾਂ ਦੇ ਘਰੇਲੂ ਅਤੇ ਬਾਹਰਲੇ ਵਰਤਾਰੇ ਦੀ ਮਿਲੀ ਸ਼ੋਹਰਤ ਦਾ
ਸੁਮੇਲ ਹੈ। ਪਹਿਲੇ ਵੀਹ ਸਾਲ ਮੈਂ ਕਵਿਤਾ ਲਿਖੀ। 1986 ਤੋਂ 2022 ਤੱਕ 36 ਸਾਲਾਂ ਵਿਚ
18 ਨਾਟਕ ਲਿਖੇ ਹਨ। ਮੇਰੇ ਨਾਟਕ, ਨਾਟਕਾਂ ਦੀਆਂ ਨੌ ਵੱਖ ਵੱਖ ਵਿਧਾਵਾਂ ਵਿਚ ਹਨ।
ਮੇਰਾ ਪਹਿਲਾ ਪੂਰਾ ਨਾਟਕ ‘ਦਾਇਰੇ’ ਹੈ ਜੋ ਗਰਭ ਵਿਚ ਪਲ ਰਹੇ ਬੱਚੇ ਬਾਰੇ ਹੈ। ਮੇਰਾ
ਮੰਨਣਾ ਹੈ ਚੰਗਾ ਨਾਟਕ ਲਿਖਣ ਲਈ ਸੌ ਪੈਸੇ ਵਿਚੋਂ ਪੱਚੀ ਪੈਸੇ ਹੀ ਰੱਖਣਾ ਚਾਹੀਦਾ ਹੈ।
ਜੇ ਟੱਕਰ ਨਹੀਂ ਤਾਂ ਨਾਟਕ ਨਹੀਂ। ਮੈਂ ਹਰ ਵਰਤਾਰੇ ਨੂੰ ਬਰੀਕੀ ਨਾਲ ਵੇਖਦਾ ਹਾਂ।
ਚੌਵੀਂ ਘੰਟੇ ਵਿਚੋਂ ਸਿਰਫ਼ ਚਾਰ ਘੰਟੇ ਸੌਂਦਾ ਹਾਂ। ਜ਼ਿੰਦਗੀ ਹਰ ਪਲ ਰੰਗਮੰਚ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਦੀ ਗਤੀਵਿਧੀਆਂ ਬਾਰੇ ਜਾਣਕਾਰੀ
ਦਿੱਤੀ। ਉਨ੍ਹਾਂ ਕਿਹਾ ਇਸ ਨਾਟਕ ਮੇਲੇ ਦੌਰਾਨ ਪੰਜ ਨਾਮਵਰ ਨਾਟ-ਕਰਮੀਆਂ ਡਾ. ਸਤੀਸ਼
ਕੁਮਾਰ ਵਰਮਾ, ਡੋਲੀ ਗੁਲੇਰੀਆਂ, ਪਾਲੀ ਭੁਪਿੰਦਰ, ਗੁਰਦਿਆਲ ਨਿਰਮਾਣ, ਜਗਜੀਤ ਸਰੀਨ
ਨਾਲ ਰੂ-ਬ-ਰੂ ਅਤੇ ਸ਼ਹੀਦ ਭਗਤ ਸਿੰਘ ਬਾਰੇ ਤੇ ਸਮਾਜਿਕ ਕੁਰੀਤੀਆਂ ਅਤੇ ਲੋਕਾਈ ਦੇ
ਮਸਲੇ ਉਭਾਰਦਾ ਦਵਿੰਦਰ ਦਮਨ ਦਾ ਨਾਟਕ ‘ਛਿਪਣ ਤੋਂ ਪਹਿਲਾਂ’, ਡਾ ਸਾਹਿਬ ਸਿੰਘ ਦਾ
ਨਾਟਕ ‘ਧਨੁ ਲੇਖਾਰੀ ਨਾਨਕਾ’, ਸੋਮ ਪਾਲ ਹੀਰਾ ਦਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’, ਕੇਵਲ
ਧਾਲੀਵਾਲ ਦਾ ਨਾਟਕ ‘ਜਿਸ ਲਾਹੌਰ ਨਹੀਂ ਵੇਖਿਆ’... ਪਾਲੀ ਭੁਪਿੰਦਰ ਦਾ ਨਾਟਕ, ‘ਮੈਂ
ਭਗਤ ਸਿੰਘ’ ਦੇ ਮੰਚਣ ਤੋਂ ਇਲਾਵ ਦੂਸਰੇ ਦਿਨ ਇਨ੍ਹਾਂ ਨਾਟਕਾਂ ਦੇ ਮੰਚਣ ਉਪਰੰਤ ਮੰਥਨ
ਵੀ ਕਰਵਾਏ ਜਾਣਗੇ। ਨਾਟਕ ਸ਼ਾਮ ਠੀਕ 6.30 ਵਜੇ ਸ਼ੁਰੂ ਹੋਇਆ ਕਰਨਗੇ। ਨਾਟਕ ਮੇਲੇ ਦੇ
ਸੰਯੋਜਕ ਸ੍ਰੀ ਸੰਜੀਵਨ ਸਿੰਘ ਨੇ ਅੱਜ ਦੇ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ.
ਲੱਖਾ ਲਹਿਰੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਅਕਾਡਮੀ ਵਲੋਂ ਸਮੂਹ ਪੰਜਾਬੀ ਪ੍ਰੇਮੀਆਂ
ਨੂੰ ਉਪਰੋਕਤ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ। ਸ੍ਰੀ ਸੁਰਿੰਦਰ
ਕੈਲੇ ਨੇ ਸਭ ਦਾ ਧੰਨਵਾਦ ਕੀਤਾ। ਡਾ. ਸਤੀਸ਼ ਕੁਮਾਰ ਵਰਮਾ ਨੇ ਅਮਨ ਭੋਗਲ, ਐਡਵੋਕੇਟ
ਰੰਗਕਰਮੀ ਰੰਜੀਵਨ, ਸੁਰਿੰਦਰ ਕੈਲੇ ਅਤੇ ਮਨਦੀਪ ਕੌਰ ਭੰਮਰਾ ਦੇ ਸਵਾਲਾਂ ਦੇ ਜਵਾਬ
ਦਿੰਦਿਆਂ ਕਿਹਾ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੇ ਦੋ ਸੌ ਰੁਪਏ ਫ਼ੀਸ ’ਤੇ
ਨਾਟਕ ਖੇਡਣੇ ਸ਼ੁਰੂ ਕੀਤੇ ਸਨ। ਦਰਸ਼ਕ ਨਾਟਕ ਦੇਖਣ ਲਈ ਤਿਆਰ ਹੈ ਪਰ ਥੀਏਟਰ ਦੀ ਘਾਟ
ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਨਾਟਕ ਖੇਡਣ ਲਈ ਘੱਟੋ
ਘੱਟ ਇਕ ਥੀਏਟਰ ਜ਼ਰੂਰ ਬਣਾਇਆ ਜਾਵੇ।
ਇਸ ਮੌਕੇ ਨਾਟਕਕਾਰ ਸ੍ਰੀ ਦਵਿੰਦਰ ਦਮਨ, ਡਾ. ਨਿਰਮਲ ਜੌੜਾ, ਹਰਮੀਤ ਵਿਦਿਆਰਥੀ, ਡਾ.
ਗੁਰਚਰਨ ਕੌਰ ਕੋਚਰ, ਜਸਵੀਰ ਝੱਜ, ਭਗਵਾਨ ਢਿੱਲੋਂ, ਸੁਰਿੰਦਰ ਦੀਪ, ਨਾਟਕਕਾਰ ਤਰਲੋਚਨ
ਸਿੰਘ, ਮੋਹੀ ਅਮਰਜੀਤ, ਅਮਰਜੀਤ ਸ਼ੇਰਪੁਰੀ, ਭੂਪਿੰਦਰ ਸਿੰਘ ਚੌਂਕੀਮਾਨ, ਬਲਕੌਰ ਸਿੰਘ,
ਡਾ. ਮਨ ਭੋਗਲ, ਦਵਿੰਦਰ ਕੌਰ, ਰਿਤੂ ਰਾਗ, ਗੁਰਮੁਖ ਸਿੰਘ ਸੰਗੋਵਾਲ, ਰਣਧੀਰ ਕੰਵਲ,
ਕਾਰਤਿਕਾ, ਰੈਕਟਰ ਕਥੂਰੀਆ, ਪੰਮੀ ਹਬੀਬ, ਮੇਜਰ ਸਿੰਘ ਸਿਆੜ, ਕੰਵਲਜੀਤ ਸਿੰਘ ਸਮੇਤ
ਕਾਫ਼ੀ ਗਿਣਤੀ ਵਿਚ ਨਾਟਕ ਪ੍ਰੇਮੀ ਅਤੇ ਸਰੋਤੇ ਹਾਜ਼ਰ ਸਨ।
punjabi-sahit-akademi-ludhiana-starts-five-day-drama-festival-at-punjabi-bhawan
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)