ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਅੱਜ ਕਿਸਾਨਾਂ ਦਾ ਭਾਰੀ ਹਜ਼ੂਮ ਦੇਖਣ ਨੂੰ ਮਿਲਿਆ| ਰਾਜ ਭਰ ਦੇ ਵੱਖ-ਵੱਖ ਖਿੱਤਿਆਂ ਚੋਂ ਕਿਸਾਨਾਂ ਨੇ ਭਰਪੂਰ ਹਾਜ਼ਰੀ ਵਿਚ ਪੀ.ਏ.ਯੂ. ਵਿਖੇ ਲੱਗੀਆਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਨੂੰ ਦੇਖਿਆ| ਵਿਗਿਆਨਕ ਖੇਤੀ ਦੇ ਨੁਕਤਿਆਂ ਨੂੰ ਸਮਝਣ ਲਈ ਮਾਹਿਰਾਂ ਨਾਲ ਵੱਡੀ ਪੱਧਰ ਤੇ ਕਿਸਾਨਾਂ ਦਾ ਸੰਵਾਦ ਦੇਖਣ ਨੂੰ ਮਿਲਿਆ| ਹਜ਼ਾਰਾਂ ਦੀ ਗਿਣਤੀ ਵਿਚ ਬੀਜ ਵਿਕਰੀ ਕੇਂਦਰਾਂ ਅਤੇ ਫਲਦਾਰ ਬੂਟਿਆਂ ਦੇ ਵਿਕਰੀ ਥਾਵਾਂ ਦੇ ਨਾਲ-ਨਾਲ ਖੇਤੀ ਸਾਹਿਤ, ਮਸ਼ੀਨਰੀ, ਸਰੋਤ ਪ੍ਰਬੰਧਨ ਤਕਨੀਕਾਂ ਨਾਲ ਕਿਸਾਨਾਂ ਦਾ ਜੁੜਾਵ ਦੇਖਿਆ ਗਿਆ| ਓਪਨ ਏਅਰ ਥੀਏਟਰ ਵਿਚ ਹੋਏ ਵਿਸ਼ੇਸ਼ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਆਈ ਸੀ ਏ ਆਰ ਦੇ ਉਪ ਨਿਰਦੇਸ਼ਕ ਜਨਰਲ ਡਾ. ਰਾਜਬੀਰ ਸਿੰਘ, ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਵ ਅਰੋੜਾ, ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ, ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ, ਕੋਲੋਰਾਡੋ ਰਾਜ ਯੂਨੀਵਰਸਿਟੀ ਦੇ ਡਾ. ਰਜਿੰਦਰ ਸਿੰਘ ਰਾਣੂੰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਮਧੁਕਰ ਗੁਪਤਾ, ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਹਰਵੀਰ ਸਿੰਘ ਆਈ ਏ ਐੱਸ, ਅਟਾਰੀ ਦੇ ਨਿਰਦੇਸ਼ਕ ਸ਼੍ਰੀ ਪਰਵਿੰਦਰ ਸ਼ੇਰੋ, ਡਾ. ਜੰਗ ਬਹਾਦਰ ਸਿੰਘ ਸੰਘਾ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ ਸ਼ਾਮਿਲ ਸਨ|
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਅਕਾਦਮਿਕ ਪਸਾਰ ਅਤੇ ਖੋਜ ਕਾਰਜਾਂ ਦੇ ਵਿਕਾਸ ਦੇ ਨਾਲ-ਨਾਲ ਸਰਕਾਰੀ ਸਹਾਇਤਾ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ| ਉਹਨਾਂ ਦੱਸਿਆ ਕਿ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਦੀ ਵਿਸ਼ੇਸ਼ ਦਿਲਚਸਪੀ ਨਾਲ ਯੂਨੀਵਰਸਿਟੀ ਲਾਇਬ੍ਰੇਰੀ ਨੂੰ ਵਿਸ਼ਵ ਪੱਧਰੀ ਬਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ| ਵਾਈਸ ਚਾਂਸਲਰ ਨੇ ਮੇਲੇ ਵਿਚ ਕਿਸਾਨਾਂ ਦੀ ਭਾਰੀ ਆਮਦ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ 1967 ਤੋਂ ਲੱਗਣ ਵਾਲੇ ਕਿਸਾਨ ਮੇਲਿਆਂ ਨੂੰ ਆਨਲਾਈਨ ਪ੍ਰਸਾਰਿਤ ਕਰਨ ਨਾਲ ਦੇਸ਼-ਵਿਦੇਸ਼ ਤੱਕ ਇਹਨਾਂ ਦੀ ਰਸਾਈ ਹੋਈ ਹੈ| ਉਹਨਾਂ ਪਿਛਲੇ ਵਰ੍ਹੇ ਝੋਨੇ ਦੇ ਮੰਡੀਕਰਨ ਵਿਚ ਆਈਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਹਾਲ ਵਿਚ 15 ਜੁਲਾਈ ਤੋਂ ਪਹਿਲਾਂ-ਪਹਿਲਾਂ ਝੋਨਾ ਬੀਜ ਲੈਣ| ਇਕ ਵਾਰ ਫਿਰ ਉਹਨਾਂ ਨੇ ਦੱਸਿਆ ਕਿ ਪੀ.ਏ.ਯੂ. ਝੋਨੇ ਦੀ ਫਸਲ ਵਿਚ ਹਾਈਬ੍ਰਿਡ ਦੀ ਸਿਫ਼ਾਰਸ਼ ਨਹੀਂ ਕਰਦਾ ਅਤੇ ਪੀ.ਏ.ਯੂ. ਵੱਲੋਂ ਵਿਕਸਿਤ ਕਿਸਮਾਂ ਦਾ ਬੀਜ ਸੰਭਾਲ ਕੇ ਦੁਬਾਰਾ ਬੀਜਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਨਿਰਯਾਤ ਯੋਗ ਬਾਸਮਤੀ ਵਿਚ ਰਸਾਇਣਕ ਰਹਿੰਦ-ਖੂੰਹਦ ਘੱਟ ਕਰਨ ਲਈ ਟ੍ਰਾਈਕੋਡਰਮਾ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ| ਵਾਈਸ ਚਾਂਸਲਰ ਨੇ ਨਰਮੇ ਦੇ ਬਦਲ ਵਜੋਂ ਦੇਸੀ ਕਪਾਹ ਕਾਸ਼ਤ ਕਰਨ ਲਈ ਕਿਹਾ| ਉਹਨਾਂ ਨੇ ਆਲੂਆਂ ਦੀਆਂ ਕਿਸਮਾਂ ਸੰਬੰਧੀ ਹੋ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ ਅਤੇ ਨਵੇਂ ਯੁੱਗ ਦੇ ਖੇਤੀ ਕਾਰਜਾਂ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣ ਲਈ ਹੁਨਰ ਵਿਕਾਸ ਪ੍ਰੋਗਰਾਮ ਨਾਲ ਜੁੜਨ ਅਤੇ ਸਿਖਲਾਈ ਹਾਸਲ ਕਰਨ ਲਈ ਨੌਜਵਾਨ ਕਿਸਾਨਾਂ ਨੂੰ ਪ੍ਰੇਰਿਤ ਕੀਤਾ|
ਆਈ ਸੀ ਏ ਆਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਰਾਜਬੀਰ ਬਰਾੜ ਨੇ ਕਿਹਾ ਕਿ ਇਹਨਾਂ ਕਿਸਾਨਾਂ ਮੇਲਿਆਂ ਨੇ ਪੀ.ਏ.ਯੂ. ਦੀ ਪ੍ਰਸਿੱਧੀ ਪੂਰੀ ਦੁਨੀਆਂ ਵਿਚ ਵੱਖਰੇ ਰੂਪ ਵਿਚ ਫੈਲਾਈ ਹੈ| ਜੇਕਰ ਅੱਜ ਪੰਜਾਬ ਦੁਨੀਆਂ ਦੀ ਸਭ ਤੋਂ ਵਧੇਰੇ ਫਸਲ ਉਤਪਾਦ ਕਰਨ ਵਾਲੀ ਧਰਤੀ ਹੈ ਤਾਂ ਇਸਦਾ ਸਿਹਰਾ ਕਿਸਾਨਾਂ ਅਤੇ ਪੀ.ਏ.ਯੂ. ਨੂੰ ਜਾਂਦਾ ਹੈ| ਡਾ. ਬਰਾੜ ਨੇ ਕਿਹਾ ਕਿ ਖੇਤੀ ਦਾ ਵਿਕਾਸ ਕਿਸਾਨ ਮੇਲਿਆਂ ਦੇ ਇਸ ਢਾਂਚੇ ਸਦਕਾ ਸੰਭਵ ਹੋਇਆ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਬੀਜ, ਫਲਦਾਰ ਬੂਟੇ, ਸਬਜ਼ੀਆਂ ਦੀ ਕਿੱਟਾਂ ਅਤੇ ਸਾਹਿਤ ਖ੍ਰੀਦਣ ਤੋਂ ਬਿਨਾਂ ਪ੍ਰਦਰਸ਼ਨੀਆਂ ਦੇਖਣ, ਮਾਹਿਰਾਂ ਨਾਲ ਸੰਵਾਦ ਰਚਾਉਣ ਅਤੇ ਫਸਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਕਿਸਾਨਾਂ ਦਾ ਸ਼ਾਮਿਲ ਹੋਣਾ ਇਹਨਾਂ ਮੇਲਿਆਂ ਦੀ ਸਫਲਤਾ ਦਾ ਦਮ ਭਰਦਾ ਹੈ| ਡਾ. ਰਾਜਬੀਰ ਬਰਾੜ ਨੇ ਕਿਹਾ ਕਿ ਇਹੀ ਮਾਡਲ ਪੂਰੇ ਭਾਰਤ ਵਿਚ ਲਾਗੂ ਕਰਨਾ ਪਵੇਗਾ| ਉਹਨਾਂ ਵਾਅਦਾ ਕੀਤਾ ਕਿ ਅਗਲੇ ਸਾਲ ਤੋਂ ਹੋਰ ਸੂਬਿਆਂ ਤੋਂ ਕਿਸਾਨ ਇਸ ਮੇਲੇ ਵਿਚ ਸ਼ਾਮਿਲ ਕਰਵਾਉਣ ਦੀ ਕੋਸ਼ਿਸ਼ ਰਹੇਗੀ| ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਡਾ. ਬਰਾੜ ਨੇ ਪਾਣੀ ਦੀ ਢੁੱਕਵੀਂ ਵਰਤੋਂ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ|
ਰਾਜ ਸਭਾ ਮੈਂਬਰ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਖੇਤੀ ਨੂੰ ਰਾਸ਼ਟਰ ਦੀ ਸਿਰਜਣਾ ਲਈ ਮਹੱਤਵ ਦਿੱਤਾ ਸੀ ਪਰ ਪੰਜਾਬ ਦੇ ਕਿਸਾਨਾਂ ਨੇ ਇਸ ਨਾਅਰੇ ਨੂੰ ਹਕੀਕਤ ਵਿਚ ਸਕਾਰ ਕੀਤਾ ਹੈ| ਉਹਨਾਂ ਕਿਹਾ ਕਿ ਅੰਨ ਦੀ ਬਹੁਤਾਤ ਵਿਚ ਕਿਸਾਨਾਂ ਦਾ ਯੋਗਦਾਨ ਸੁਨਹਿਰੀ ਸਫਿਆਂ ਤੇ ਲਿਖੇ ਜਾਣ ਯੋਗ ਹੈ ਜਿਨ੍ਹਾਂ ਨੇ ਕਣਕ-ਝੋਨੇ ਨਾਲ ਦੇਸ਼ ਦੇ ਭੰਡਾਰ ਭਰੇ| ਉਹਨਾਂ ਕਿਸਾਨਾਂ ਨੂੰ ਤਜਵੀਜ਼ ਕੀਤੀ ਕਿ ਉਹ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਆਪਣੇ ਖੇਤੀ ਕਾਰਜਾਂ ਨੂੰ ਵਿਉਂਤਣ ਅਤੇ ਬਦਲਵੀਆਂ ਫਸਲਾਂ ਦੀ ਕਾਸ਼ਤ ਦੇ ਨਾਲ-ਨਾਲ ਨਵੇਂ ਯੁੱਗ ਦੀਆਂ ਮੰਗਾਂ ਅਨੁਸਾਰ ਖੇਤੀ ਕਰਨ| ਉਹਨਾਂ ਨੇ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਸੱਦਾ ਵੀ ਦਿੱਤਾ|
ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੁਨੀਆਂ ਦਾ ਸਭ ਤੋਂ ਵੱਧ ਉਤਪਾਦਨ ਵਾਲਾ ਖਿੱਤਾ ਹੈ ਅਤੇ ਇਥੇ ਕੁਦਰਤੀ ਸਰੋਤਾਂ ਦੀ ਭਰਮਾਰ ਰਹੀ ਹੈ| ਚੰਗੇ ਭਾਗਾਂ ਨਾਲ ਪੀ.ਏ.ਯੂ. ਇਸ ਖਿੱਤੇ ਵਿਚ ਸਥਾਪਿਤ ਹੋਈ ਅਤੇ ਖੇਤੀ ਦੀ ਬੇਮਿਸਾਲ ਤਰੱਕੀ ਦੇਖਣ ਨੂੰ ਮਿਲੀ| ਉਹਨਾਂ ਪੀ.ਏ.ਯੂ. ਨੂੰ ਖੇਤੀ ਵਿਗਿਆਨੀਆਂ ਦੀ ਨਰਸਰੀ ਕਿਹਾ| ਪੰਜਾਬ ਦੀ ਖੇਤੀ ਨੀਤੀ ਬਾਰੇ ਗੱਲ ਕਰਦਿਆਂ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਇਕ ਸੰਜੀਦਾ ਕੋਸ਼ਿਸ਼ ਇਸ ਨੀਤੀ ਦਾ ਉਦੇਸ਼ ਹੈ| ਉਹਨਾਂ ਕਿਹਾ ਕਿ ਨੀਤੀ ਅਤੇ ਨਿਯਤ ਦੀ ਸਾਰਥਕਤਾ ਖੇਤੀ ਦੀ ਤਰੱਕੀ ਲਈ ਮੂਲ ਮੰਤਰ ਸਾਬਿਤ ਹੋਵੇਗੀ| ਨਾਲ ਹੀ ਡਾ. ਸੁਖਪਾਲ ਨੇ ਸਹਿਕਾਰੀ ਢਾਂਚੇ ਦੇ ਵਿਕਾਸ ਦੀ ਲੋੜ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਖੇਤੀ ਰੁਜ਼ਗਾਰ ਦਾ ਸਭ ਤੋਂ ਵੱਡਾ ਵਸੀਲਾ ਹੈ ਅਤੇ ਇਸਦਾ ਵਿਕਾਸ ਪੇਂਡੂ ਜੀਵਨ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰ ਸਕੇਗਾ|
ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨ ਮੇਲਾ ਪੰਜਾਬ ਦੀ ਤਰੱਕੀ, ਖੇਤੀ ਵਿਕਾਸ ਅਤੇ ਉੱਦਮ ਲਈ ਚਰਚਾ ਦਾ ਇਕ ਮੰਚ ਹੈ| ਉਹਨਾਂ ਕਿਹਾ ਕਿ ਇਸ ਖੇਤਰ ਵਿਚ ਵੀ ਏ ਆਈ ਵਰਗੀਆਂ ਨਵੀਆਂ ਤਕਨੀਕਾਂ ਸ਼ਾਮਿਲ ਹੋ ਰਹੀਆਂ ਹਨ| ਇਸਦੇ ਮੱਦੇਨਜ਼ਰ ਖੇਤੀ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਹਨ| ਉਹਨਾਂ ਨੇ ਢੁੱਕਵੇਂ ਮੰਡੀਕਰਨ ਲਈ ਸਰਕਾਰੀ ਯਤਨਾਂ ਬਾਰੇ ਦੱਸਦਿਆਂ ਕਿਹਾ ਕਿ ਰਾਸ਼ਟਰੀ ਮੰਡੀਕਰਨ ਨੀਤੀ ਵਿਚ ਵੀ ਲੋੜੀਂਦੇ ਸੁਧਾਰ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ|
ਇਸ ਤੋਂ ਇਲਾਵਾ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਨੇ ਵੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਸਾਉਣੀ ਸੀਜ਼ਨ ਦੌਰਾਨ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ| ਉਹਨਾਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਨੇ 971 ਕਿਸਮਾਂ ਈਜਾਦ ਕਰਕੇ ਪੰਜਾਬ ਦੇ ਫਸਲੀ ਵਿਕਾਸ ਵਿਚ ਲੋੜੀਂਦਾ ਯੋਗਦਾਨ ਪਾਇਆ ਹੈ| ਨਵੀਆਂ ਕਿਸਮਾਂ ਵਿਚ ਉਹਨਾਂ ਨੇ ਝੋਨੇ ਦੀ ਨਵੀਂ ਕਿਸਮ ਪੀ ਆਰ 132 ਤੋਂ ਇਲਾਵਾ ਮੱਕੀ, ਪੁਦੀਨੇ, ਕੰਗਣੀ, ਗੁਲਦਾਉਦੀ, ਆਲੂ, ਗਾਜਰਾਂ ਆਦਿ ਫਸਲਾਂ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਕੀਤਾ| ਡਾ. ਢੱਟ ਨੇ ਕਿਹਾ ਕਿ ਯੂਨੀਵਰਸਿਟੀ ਦੀ ਖੋਜ ਦਾ ਉਦੇਸ਼ ਕਿਸਾਨੀ ਨੂੰ ਵਧੇਰੇ ਲਾਹੇਵੰਦ ਅਤੇ ਮੁਨਾਫੇਯੋਗ ਕਿੱਤੇ ਵਿਚ ਤਬਦੀਲ ਕਰਨਾ ਹੈ|
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com