ਮੁੱਲਾਂਪੁਰ ਦਾਖਾ, 17 ਸਤੰਬਰ - ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 'ਸ਼ਬਦ ਪ੍ਰਕਾਸ਼' ਅਜਾਇਬ ਘਰ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਨਰੇਸ਼ ਦਮਨ, ਬੀਬੀ ਗੁਰਮੀਤ ਕੌਰ ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ 16 ਅਕਤੂਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਮਨਾਉਣ ਸਬੰਧੀ ਵੀ ਵਿਚਾਰਾਂ ਹੋਈਆਂ। ਇਸ ਸਮੇਂ ਸਰਪੰਚ ਰਣਜੋਧ ਸਿੰਘ, ਡਾ. ਨਰਿੰਦਰ ਸਿੰਘ ਗਿੱਲ ਅਤੇ ਸਾਬਕਾ ਫ਼ੌਜੀ ਪਰਮਜੀਤ ਸਿੰਘ ਸਿੱਧੂ ਨੂੰ ਫਾਊਂਡੇਸ਼ਨ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਅਤੇ ਸਮੁੱਚੀ ਮਨੁੱਖਤਾ ਲਈ ਗਿਆਨ ਦਾ ਸਾਗਰ ਅਤੇ ਚਾਨਣ ਮੁਨਾਰਾ ਹੈ। ਉਹਨਾਂ ਕਿਹਾ ਕਿ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੇ ਚਿੱਤਰ ਜੋ ਵਿਸ਼ਵ ਪ੍ਰਸਿੱਧ ਆਰਟਿਸਟ ਆਰ.ਐੱਮ. ਸਿੰਘ ਵੱਲੋਂ ਤਿਆਰ ਕੀਤੇ ਗਏ ਹਨ, ਉਹ ਗੁਰਬਾਣੀ ਦੇ ਸ਼ਬਦਾਂ ਨਾਲ ਸੁਸ਼ੋਭਿਤ ਹਨ ਜਿਸ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਹਨ ਅਤੇ ਗਿਆਨ ਦਾ ਵਾਧਾ ਕਰਕੇ ਮਾਨਸਿਕ ਸ਼ਾਂਤੀ, ਸਕੂਨ ਅਤੇ ਖ਼ੁਸ਼ੀ ਦਾ ਅਨੰਦ ਲੈਂਦੇ ਹਨ ਜੋ ਕਿ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਿਖਾਉਂਦੇ ਹਨ।
ਇਸ ਸਮੇਂ ਸ. ਗਿੱਲ ਨੇ ਕਿਹਾ ਕਿ 16 ਅਕਤੂਬਰ ਨੂੰ ਮਹਾਨ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਰਕਬਾ ਭਵਨ ਵਿਖੇ ਸੂਬਾ ਪੱਧਰੀ ਸਮਾਗਮ ਕਰਕੇ ਮਨਾਵਾਂਗੇ। ਉਹਨਾਂ ਕਿਹਾ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਗੌਰਵਮਈ ਇਤਿਹਾਸ ਰਚਣ ਵਾਲੇ ਮਹਾਨ ਯੋਧੇ ਦੇ ਜਨਮ ਉਤਸਵ 'ਤੇ ਪੰਜਾਬ ਸਰਕਾਰ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀਆਂ ਦੀ ਲਿਸਟ ਵਿਚ ਪਾਏ। ਉਹਨਾਂ ਕਿਹਾ ਕਿ 16 ਅਕਤੂਬਰ ਨੂੰ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਹਿਸਾਨਮੰਦ ਹੁੰਦੇ ਹੋਏ ਹਰ ਪੰਜਾਬੀ (ਕਿਸਾਨ) ਆਪਣੇ ਘਰ ਦੇ ਬਨੇਰੇ 'ਤੇ ਦੇਸੀ ਘਿਓ ਦਾ ਦੀਵਾ ਬਾਲੇ।ਇਸ ਸਮੇਂ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਫਾਊਂਡੇਸ਼ਨ ਦੇ ਅਮਰੀਕਾ ਅਤੇ ਕੈਨੇਡਾ ਦੇ ਅਹੁਦੇਦਾਰ ਅਤੇ ਟਰੱਸਟੀ ਗੁਰਮੀਤ ਸਿੰਘ ਗਿੱਲ, ਹੈਪੀ ਦਿਉਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ, ਅਸ਼ੋਕ ਬਾਵਾ, ਸਿੱਧ ਮਹੰਤ, ਫੁੰਮਣ ਸਿੰਘ, ਰਵੀ ਸਿੰਘ ਪੱਬੀਆਂ ਯੂ.ਐੱਸ.ਏ. ਅਤੇ ਬਿੰਦਰ ਗਰੇਵਾਲ ਕੈਨੇਡਾ ਆਦਿ ਨੇ ਵਧਾਈ ਦਿੱਤੀ। ਇਸ ਸਮੇਂ ਸਾਹਿਰ ਆਹਲੂਵਾਲੀਆ ਪ੍ਰਬੰਧਕ ਸਕੱਤਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)