- ਸਮਾਜ ਸੇਵਾ ਲਈ ਹਮੇਸ਼ਾ ਮੋਹਰੀ ਰੋਲ ਅਦਾ ਕਰਨ ਲਈ ਕਲੱਬ ਦੀ ਕੀਤੀ ਸ਼ਲਾਘਾ
ਲੁਧਿਆਣਾ, 17 ਸਤੰਬਰ (000) - ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬੀਤੇ ਕੱਲ੍ਹ ਸਥਾਨਕ ਗੁਰੂ ਨਾਨਕ ਭਵਨ ਵਿਖੇ 'ਨੈਸ਼ਨਲ ਐਸੋਸੀਏਸ਼ਨ ਆਫ ਅਪੈਕਸ ਕਲੱਬਜ ਆਫ ਇੰਡੀਆ' ਵਲੋਂ ਅਪੈਕਸ ਕਲੱਬ ਲੁਧਿਆਣਾ ਦੀ ਗੋਲਡਨ ਜੁਬਲੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਆਪਣੇ ਸੰਬੋਧਨ ਵਿੱਚ ਅਪੈਕਸ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਅਪੈਕਸ ਕਲੱਬ ਕਰੀਬ ਅੱਠ ਮੁਲਕਾਂ ਵਿੱਚ ਕਾਰਜਸ਼ੀਲ ਹਨ ਅਤੇ ਕਾਮਨਾ ਕਰਦੇ ਹਾਂ ਕਿ ਇਹ ਸੰਖਿਆ 8 ਤੋਂ 80 ਦੇਸ਼ਾਂ ਤੱਕ ਪਹੁੰਚੇ। ਉਨ੍ਹਾਂ ਲੁਧਿਆਣਾ ਨੂੰ ਪੰਜਾਬ ਦਾ ਦਿਲ ਦੱਸਦਿਆਂ ਕਿਹਾ ਕਿ ਇੱਥੇ ਸਾਕਾਰਤਮਕ ਸੋਚ ਰੱਖਣ ਵਾਲੇ ਸੱਜਣਾਂ ਦੀ ਕੋਈ ਘਾਟ ਨਹੀਂ ਹੈ ਜਿਹੜੇ ਸਮਾਜ ਸੇਵਾ, ਗਰੀਬ ਲੋਕਾਂ ਦੀ ਮਦਦ ਜਾਂ ਕਿਸੇ ਵੀ ਔਖੀ ਘੜੀ 'ਚ ਹਮੇਸ਼ਾ ਵੱਧ ਚੜ੍ਹਕੇ ਯੋਗਦਾਨ ਪਾਉਂਦੇ ਹਨ।
ਅਪੈਕਸ ਕਲੱਬ ਵਲੋਂ ਜਿੱਥੇ ਹਰਿਆਵਲ ਦੇ ਵਾਧੇ ਲਈ ਪਲਾਂਟੇਸ਼ਨ ਡਰਾਈਵ ਚਲਾਈ ਜਾਂਦੀ ਹੈ ਉੱਥੇ ਨਸ਼ਿਆਂ ਦੀ ਰੋਕਥਾਮ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਨਸ਼ਿਆਂ ਵਿੱਚ ਗ੍ਰਸਤ ਨੌਜਵਾਨਾਂ ਦਾ ਇਲਾਜ਼ ਕਰਵਾ ਕੇ ਨਵੀਂ ਜਿੰਦਗੀ ਸ਼ੁਰੂ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਨਸ਼ਾ ਵੇਚਣ ਵਾਲਿਆਂ 'ਤੇ ਨਕੇਲ ਕੱਸਣ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਜੋਕਿ ਇੱਕੇ ਬੇਹੱਦ ਸ਼ਲਾਘਾਯੋਗ ਕਦਮ ਹੈ।
ਸਪੀਕਰ ਸੰਧਵਾਂ ਵਲੋਂ ਹੋਰਨਾਂ ਕਲੱਬਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਨੇਕ ਕਾਰਜ਼ਾਂ ਅਤੇ ਸੂਬੇ ਦੀ ਤਰੱਕੀ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ।
ਸਮਾਗਮ ਮੌਕੇ ਸਾਰੇ ਉੱਤਰੀ ਸੂਬਿਆਂ ਤੋਂ ਇਲਾਵਾ ਪੂਰੇ ਭਾਰਤ ਭਰ ਦੇ ਡੈਲੀਗੇਟ ਵਲੋਂ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਕਨਵੈਨਸ਼ਨ ਦੇ ਚੇਅਰਮੈਨ ਸ੍ਰੀ ਸੁਰਿੰਦਰ ਅਗਰਵਾਲ ਅਤੇ ਸਕੱਤਰ ਸ੍ਰੀ ਮਹੇਸ਼ ਸ਼ਰਮਾ ਵਲੋਂ ਸ਼ਾਮਲ ਸਖ਼ਸ਼ੀਅਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)