ਸਮਾਂ ਸਾਰਣੀ ਦੇ ਵੇਰਵੇ ਸਾਂਝੇ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, "ਇਹ ਪੰਜ ਨਵੀਆਂ ਲਗਜ਼ਰੀ ਬੱਸਾਂ ਰੋਜ਼ਾਨਾ ਜਲੰਧਰ ਬੱਸ ਅੱਡੇ ਤੋਂ ਸਵੇਰੇ 06:50, 07:40, 09:10, ਦੁਪਹਿਰ 14:27 ਅਤੇ ਰਾਤ 23:30 ਵਜੇ ਰਵਾਨਾ ਹੋਣਗੀਆਂ, ਜਦੋਂ ਕਿ ਲੁਧਿਆਣਾ ਬੱਸ ਅੱਡੇ ਤੋਂ ਰਵਾਨਗੀ ਦਾ ਸਮਾਂ ਸਵੇਰੇ 08:20, 09:15, 11:20, ਦੁਪਹਿਰ 16:20 ਅਤੇ ਰਾਤ 00:20 ਵਜੇ ਨਿਰਧਾਰਤ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਲਈ ਵਾਪਸੀ ਦੀਆਂ ਸੇਵਾਵਾਂ ਸਵੇਰੇ 04:40, 09:00, ਸ਼ਾਮ 17:20, 19:30 ਅਤੇ ਰਾਤ 21:40 ਵਜੇ ਚੱਲਣਗੀਆਂ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਹੀ ਸਸਤੀਆਂ ਅਤੇ ਕਿਫ਼ਾਇਤੀ ਟਿਕਟ ਦਰਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਆਰਾਮਦਾਇਕ, ਸੁਰੱਖਿਅਤ ਅਤੇ ਸੁਖਾਵੇਂ ਸਫ਼ਰ ਦਾ ਅਨੁਭਵ ਮਿਲ ਸਕੇ।"
ਜਨਤਕ ਟ੍ਰਾਂਸਪੋਰਟ ਦੇ ਆਧੁਨਿਕੀਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਭਰ ਵਿੱਚ ਬੱਸਾਂ ਦੇ ਬੇੜੇ ਦੇ ਵਿਸਥਾਰ ਦਾ ਇੱਕ ਵੱਡਾ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ, "ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਸੰਚਾਲਨ ਵਿੱਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪਨਬੱਸ ਵਿੱਚ 100 ਨਵੀਆਂ ਸਾਧਾਰਨ ਬੱਸਾਂ, 100 ਐਚ.ਵੀ.ਏ.ਸੀ. ਵਾਤਾਅਨੁਕੂਲਿਤ ਬੱਸਾਂ ਅਤੇ ਕਿਲੋਮੀਟਰ ਸਕੀਮ ਅਧੀਨ 10 ਹੋਰ ਸੁਪਰ ਇੰਟੀਗ੍ਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪੀ.ਆਰ.ਟੀ.ਸੀ. ਨੂੰ ਇਸੇ ਸਕੀਮ ਅਧੀਨ 245 ਸਾਧਾਰਨ ਬੱਸਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਨਵੀਆਂ ਬੱਸਾਂ ਪੂਰੇ ਪੰਜਾਬ ਵਿੱਚ ਜਨਤਕ ਟ੍ਰਾਂਸਪੋਰਟ ਸੇਵਾਵਾਂ ਦੀ ਗੁਣਵੱਤਾ, ਪਹੁੰਚ ਅਤੇ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰਨਗੀਆਂ।"